ਪਾਣੀ ਜ਼ਿੰਦਗੀ ਦਾ ਅਨਮੋਲ ਖ਼ਜ਼ਾਨਾ, ਇਸ ਦੀ ਬੱਚਤ ਜ਼ਰੂਰੀ
ਪਾਣੀ ਜਿੰਦਗੀ ਦਾ ਅਨਮੋਲ ਖ਼ਜਾਨਾ, ਇਸ ਦੀ ਬੱਚਤ ਜਰੂਰੀ
Publish Date: Wed, 01 Apr 2026 06:21 PM (IST)
Updated Date: Wed, 01 Apr 2026 06:25 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਪਾਣੀ ਜੀਵਨ ਦਾ ਆਧਾਰ ਤੇ ਕੁਦਰਤ ਦੀ ਸਭ ਤੋਂ ਅਨਮੋਲ ਦਾਤ ਹੈ, ਜਿਸ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਧਰਤੀ ’ਤੇ ਪਾਣੀ ਦਾ ਪੱਧਰ ਤੇਜ਼ੀ ਨਾਲ ਨੀਵਾਂ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਆਉਣ ਵਾਲੀਆਂ ਪੀੜ੍ਹੀਆਂ ਲਈ ਜਲ ਸੰਕਟ ਡੂੰਘਾ ਹੋ ਰਿਹਾ ਹੈ। ਇਸ ਲਈ ਪਾਣੀ ਦੀ ਹਰ ਬੂੰਦ ਨੂੰ ਬਚਾਉਣਾ ਅਤੇ ਇਸ ਦੀ ਸੁਚੱਜੀ ਵਰਤੋਂ ਕਰਨਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। - ਪਾਣੀ ਸਾਡੇ ਜੀਵਨ ਦਾ ਆਧਾਰ : ਡਾਇਰੈਕਟਰ ਰੋਹਿਤ ਬਾਂਸਲ ਜੈ ਵਾਟਿਕਾ ਸਕੂਲ ਬਰਨਾਲਾ ਦੇ ਡਾਇਰੈਕਟਰ ਰੋਹਿਤ ਬਾਂਸਲ ਨੇ ਕਿਹਾ ਕਿ ਪਾਣੀ ਦੀ ਬੱਚਤ ਬਹੁਤ ਜ਼ਿਆਦਾ ਜ਼ਰੂਰੀ ਹੈ। ਪਾਣੀ ਸਾਡੇ ਜੀਵਨ ਦਾ ਆਧਾਰ ਹੈ, ਪਾਣੀ ਤੋਂ ਬਿਨਾਂ ਧਰਤੀ ’ਤੇ ਜੀਵਨ ਸੰਭਵ ਨਹੀਂ ਹੈ। ਧਰਤੀ ਹੇਠਲੇ ਪਾਣੀ ’ਚ ਲਗਾਤਾਰ ਕਮੀ ਆ ਰਹੀ ਹੈ। ਪੰਜਾਬ ਸਮੇਤ ਕਈ ਥਾਵਾਂ ’ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਡੂੰਘਾ ਹੋ ਚੁੱਕਾ ਹੈ। ਆਉਣ ਵਾਲੀ ਪੀੜ੍ਹੀ ਲਈ ਜੇਕਰ ਅੱਜ ਪਾਣੀ ਨਾ ਬਚਾਇਆ ਗਿਆ, ਤਾਂ ਭਵਿੱਖ ’ਚ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਹੋ ਜਾਵੇਗੀ। - ਬਰਸਾਤੀ ਪਾਣੀ ਦੀ ਸੰਭਾਲ : ਡਾਇਰੈਕਟਰ ਵਨੀਸ਼ਾ ਬਾਂਸਲ ਜੈ ਵਾਟਿਕਾ ਸਕੂਲ ਬਰਨਾਲਾ ਦੀ ਡਾਇਰੈਕਟਰ ਵਨੀਸ਼ਾ ਬਾਂਸਲ ਨੇ ਕਿਹਾ ਕਿ ਪਾਣੀ ਦੇ ਸੋਮਿਆਂ ’ਚ ਜ਼ਹਿਰੀਲੇ ਕੈਮੀਕਲ ਤੇ ਸੀਵਰੇਜ ਦਾ ਪਾਣੀ ਮਿਲਣ ਕਾਰਨ ਪਾਣੀ ਦੂਸ਼ਿਤ ਹੋ ਰਿਹਾ ਹੈ। ਪਾਣੀ ਬਚਾਉਣ ਲਈ ਉਪਾਅ ਕਰਨੇ ਚਾਹੀਦੇ ਹਨ। ਨਲਕਾ/ਟੂਟੀ ਚੱਲਦਾ ਨਾ ਛੱਡੋ ਤੇ ਪਾਈਪਾਂ ਰਾਹੀਂ ਪਾਣੀ ਦੀ ਬਰਬਾਦੀ ਬੰਦ ਕਰੋ। ਬਰਸਾਤੀ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ ਤੇ ਬਰਸਾਤ ਦੇ ਪਾਣੀ ਨੂੰ ਇਕੱਠਾ ਕਰ ਕੇ ਮੁੜ ਵਰਤੋਂ ’ਚ ਲਿਆਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। - ਆਓ ਸਾਰੇ ਰਲ ਕੇ ਪਾਣੀ ਦੀ ਸੰਭਾਲ ਦਾ ਪ੍ਰਣ ਕਰੀਏ ਤੇ ਧਰਤੀ ਨੂੰ ਬੰਜਰ ਬਣਨ ਤੋਂ ਬਚਾਈਏ : ਐੱਮਡੀ ਰਿਸ਼ਵ ਜੈਨ ਜੀਐੱਸ ਸਕੂਲ ਧੌਲਾ ਦੇ ਐੱਮਡੀ ਰਿਸ਼ਵ ਜੈਨ ਨੇ ਕਿਹਾ ਕਿ ਫਸਲੀ ਵਿਭਿੰਨਤਾ ਵੀ ਅਪਣਾਉਣੀ ਚਾਹੀਦੀ ਹੈ। ਝੋਨੇ ਦੀ ਜਗ੍ਹਾ ਘੱਟ ਪਾਣੀ ਵਾਲੀਆਂ ਫਸਲਾਂ ਦੀ ਬਿਜਾਈ ਕੀਤੀ ਜਾਵੇ। ਰੀ-ਸਾਈਕਲਿੰਗ ਤਰੀਕੇ ਨਾਲ ਪਾਣੀ ਨੂੰ ਸਾਫ਼ ਕਰ ਕੇ ਮੁੜ ਵਰਤਣਯੋਗ ਬਣਾਓ। ਇਸ ਸਮੇਂ ਪਾਣੀ ਦੀ ਬੱਚਤ ਨਾਮਾਤਰ ਲੋਕ ਹੀ ਕਰ ਰਹੇ ਹਨ। ਅੱਜ ਦੀ ਗੱਲ ਕਰੀਏ ਤਾਂ ਘਰੇਲੂ ਲੋੜਾਂ ਚ ਹੀ ਪਾਣੀ ਦੀ ਫ਼ਜ਼ੂਲ ਖ਼ਰਚੀ ਦਾ ਕੋਈ ਤੋੜਾ ਨਹੀਂ। ਆਓ ਅਸੀਂ ਸਾਰੇ ਰਲ ਕੇ ਪਾਣੀ ਦੀ ਸੰਭਾਲ ਦਾ ਪ੍ਰਣ ਕਰੀਏ ਤੇ ਧਰਤੀ ਨੂੰ ਬੰਜਰ ਬਣਨ ਤੋਂ ਬਚਾਈਏ। ਪਾਣੀ ਨੂੰ ਬਚਾਉਣ ਦੀ ਹਰ ਕੋਸ਼ਿਸ਼ ਜ਼ਰੂਰੀ : ਐੱਮਡੀ ਸੁਰੇਸ਼ ਬਾਂਸਲ ਜੀਐੱਸ ਸਕੂਲ ਧੌਲਾ ਦੇ ਐੱਮਡੀ ਸੁਰੇਸ਼ ਬਾਂਸਲ ਨੇ ਕਿਹਾ ਕਿ ਹੁਣ ਤਾਂ ਘਰ-ਘਰ ਸਬਮਰਸੀਬਲ ਮੋਟਰਾਂ ਅਸੀਂ ਆਪਣੀ ਸੌਖ ਲਈ ਲਾ ਰੱਖੀਆਂ ਹਨ। ਜੇ ਸਰਕਾਰੀ ਟੂਟੀ ਖ਼ਰਾਬ ਹੋ ਜਾਵੇ ਤਾਂ ਪਾਣੀ ਬੇਸ਼ੱਕ ਵਗਦਾ ਰਹੇ ਪਰ ਅਸੀਂ ਨਵੀਂ ਟੂਟੀ ਨਹੀਂ ਲਾ ਸਕਦੇ। ਹਰ ਘਰ ਦਾ ਲਗਭਗ ਇਹੀ ਹਾਲ ਹੈ। ਨਹਾਉਣ ਸਮੇਂ ਸਾਨੂੰ ਲੋੜ ਤੋਂ ਵੱਧ ਵਰਤੋਂ ਨਹੀਂ ਕਰਨੀ ਚਾਹੀਦੀ ਪਰ ਸ਼ਾਇਦ ਬਹੁਤ ਘੱਟ ਲੋਕੀਂ ਨੇ ਜਿਹੜੇ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਣਗੇ। ਇਸ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ।