ਆਸ਼ਾ ਵਰਕਰਜ਼ ਦਾ ਪੱਕਾ ਮੋਰਚਾ ਅੱਜ ਤੋਂ ਸ਼ੁਰੂ
ਧੂਰੀ ’ਚ ਆਸ਼ਾ ਵਰਕਰਜ਼ ਦਾ ਪੱਕਾ ਮੋਰਚਾ ਅੱਜ ਤੋਂ ਸ਼ੁਰੂ
Publish Date: Wed, 08 Apr 2026 04:06 PM (IST)
Updated Date: Wed, 08 Apr 2026 04:08 PM (IST)
ਵਰਿੰਦਰ ਸਿੰਘ, ਪੰਜਾਬੀ ਜਾਗਰਣ
ਧੂਰੀ : ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 9 ਅਪ੍ਰੈਲ ਤੋਂ ਧੂਰੀ ਵਿੱਚ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਥੇਬੰਦੀ ਦੇ ਚੇਅਰਮੈਨ ਸੁਖਵਿੰਦਰ ਕੌਰ ਸੁੱਖੀ ਦੀ ਅਗਵਾਈ ਹੇਠ ਕਨਵੀਨਰਾਂ ਦੀ ਮਹੱਤਵਪੂਰਨ ਮੀਟਿੰਗ ਹੋਈ। ਮੀਟਿੰਗ ਵਿੱਚ ਕਨਵੀਨਰ ਅਮਰਜੀਤ ਕੌਰ ਰਣ ਸਿੰਘ ਵਾਲਾ, ਰਾਣੋ ਖੇੜੀ ਗਿੱਲਾਂ, ਹਰਿੰਦਰ ਕੌਰ ਸ਼ਤਰਾਣਾ ਅਤੇ ਬਲਕਰਨ ਕੌਰ ਅਬੋਹਰ (ਸੰਤੋਸ਼ ਕੁਮਾਰੀ ਫਿਰੋਜ਼ਪੁਰ) ਨੇ ਦੱਸਿਆ ਕਿ ਉਨ੍ਹਾਂ ਨੂੰ ਐੱਸਐੱਸਪੀ ਸੰਗਰੂਰ ਵੱਲੋਂ ਮੀਟਿੰਗ ਲਈ ਬੁਲਾਇਆ ਗਿਆ ਸੀ, ਜਿੱਥੇ ਪੰਜਾਬ ਸਰਕਾਰ ਨਾਲ 7 ਅਪ੍ਰੈਲ ਤੱਕ ਗੱਲਬਾਤ ਦਾ ਭਰੋਸਾ ਦਿੱਤਾ ਗਿਆ। ਪਰ ਸਰਕਾਰ ਵੱਲੋਂ ਮੰਗਾਂ ਪ੍ਰਤੀ ਕੋਈ ਠੋਸ ਰਵੱਈਆ ਨਾ ਅਪਣਾਉਣ ਕਾਰਨ ਵਰਕਰਾਂ ਨੂੰ ਮੋਰਚਾ ਲਾਉਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਲਗਭਗ 19,611 ਆਸ਼ਾ ਵਰਕਰ ਅਤੇ ਕਰੀਬ 900 ਫੈਸੀਲਿਟੇਟਰ ਪਿਛਲੇ 18 ਸਾਲਾਂ ਤੋਂ ਸਿਹਤ ਵਿਭਾਗ ਵਿੱਚ ਨਿਯਮਿਤ ਅਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾ ਰਹੀਆਂ ਹਨ। ਘੱਟ ਭੱਤਿਆਂ ਅਤੇ ਬਿਨਾਂ ਨਿਰਧਾਰਿਤ ਸਮੇਂ ਦੇ ਇਹ ਵਰਕਰ ਦਿਨ-ਰਾਤ 54 ਤਰ੍ਹਾਂ ਦੇ ਕੰਮ ਕਰਦੀਆਂ ਹਨ ਅਤੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ।
ਮੋਰਚੇ ਦੇ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਤਨਖਾਹ ਦੀ ਬਜਾਏ ਪੀਸ ਰੇਟ ਦੇ ਆਧਾਰ ’ਤੇ ਭੁਗਤਾਨ ਕੀਤਾ ਜਾ ਰਿਹਾ ਹੈ, ਜੋ ਕਿ ਗੈਰ-ਕਾਨੂੰਨੀ ਹੈ। ਇਸ ਤੋਂ ਇਲਾਵਾ ਕਈ ਮਹੀਨਿਆਂ ਤੋਂ ਭੱਤਿਆਂ ਅਤੇ ਕੀਤੇ ਕੰਮਾਂ ਦੇ ਬਕਾਏ ਵੀ ਜਾਰੀ ਨਹੀਂ ਕੀਤੇ ਗਏ, ਜਿਸ ਕਾਰਨ ਵਰਕਰਾਂ ਨੂੰ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਗਏ, ਪਰ ਕਿਸੇ ਵੀ ਮੰਗ ’ਤੇ ਕੋਈ ਸਹਿਮਤੀ ਨਹੀਂ ਬਣੀ। ਇਸ ਦੇ ਉਲਟ ਵਰਕਰਾਂ ’ਤੇ ਅਧਿਕਾਰੀਆਂ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ 9 ਅਪ੍ਰੈਲ ਤੋਂ ਸ਼ੁਰੂ ਹੋਣ ਵਾਲਾ ਪੱਕਾ ਮੋਰਚਾ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ ਅਤੇ ਇਸ ਦੇ ਨਤੀਜਿਆਂ ਲਈ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਹਰਦੀਪ ਕੌਰ ਭੁਰਥਲਾ ਮਲੇਰਕੋਟਲਾ, ਸੁਖਪਾਲ ਕੌਰ ਜੈਤੋ ਆਦਿ ਹਾਜ਼ਰ ਸਨ।