ਬਰਨਾਲਾ ਨਗਰ ਨਿਗਮ ਚੋਣਾਂ : ਭਾਜਪਾ ਉਮੀਦਵਾਰ ਦੇ ਕਾਗਜ਼ ਰੱਦ ਹੋਣ 'ਤੇ ਭੜਕੇ ਸਮਰਥਕ, ਡੀਸੀ ਦਫ਼ਤਰ ਅੱਗੇ ਦਿੱਤਾ ਧਰਨਾ
ਬਰਨਾਲਾ ਨਗਰ ਨਿਗਮ ਚੋਣਾਂ : ਭਾਜਪਾ ਉਮੀਦਵਾਰ ਦੇ ਕਾਗਜ਼ ਰੱਦ ਹੋਣ 'ਤੇ ਭੜਕੇ ਸਮਰਥਕ, ਡੀਸੀ ਦਫ਼ਤਰ ਅੱਗੇ ਦਿੱਤਾ ਧਰਨਾ
Publish Date: Tue, 19 May 2026 05:27 PM (IST)
Updated Date: Wed, 20 May 2026 04:04 AM (IST)

:: ਕਾਂਗਰਸ ਵੀ ਸਮਰਥਨ ਚ ਨਿੱਤਰੀ -- ਬੁੱਧਵਾਰ ਨੂੰ ਬਾਜ਼ਾਰ ਬੰਦ ਦੀ ਕਾਲ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਨਗਰ ਨਿਗਰ ਚੋਣਾਂ ਦੇ ਮੱਦੇਨਜ਼ਰ ਬਰਨਾਲਾ ’ਚ ਉਸ ਵੇਲੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ, ਜਦੋਂ ਵਾਰਡ ਨੰਬਰ 31 ਤੋਂ ਭਾਜਪਾ ਉਮੀਦਵਾਰ ਰਜਨੀ ਰਾਣੀ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ ਤੋਂ ਬਾਅਦ ਵੱਡਾ ਵਿਵਾਦ ਖੜ੍ਹਾ ਹੋ ਗਿਆ। ਇਸ ਕਾਰਵਾਈ ਨੂੰ ਸੱਤਾਧਾਰੀ ਧਿਰ ਦੀ ਕਥਿਤ ਧੱਕੇਸ਼ਾਹੀ ਕਰਾਰ ਦਿੰਦਿਆਂ ਰੋਸ ’ਚ ਆਏ ਭਾਜਪਾ ਆਗੂਆਂ ਤੇ ਸਮੱਰਥਕਾਂ ਨੇ ਡੀਸੀ ਦਫ਼ਤਰ ਅੱਗੇ ਜ਼ੋਰਦਾਰ ਧਰਨਾ ਲਗਾ ਕੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਭਾਜਪਾ ਇਸ ਲੜਾਈ ’ਚ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਵੀ ਧਰਨੇ ’ਚ ਸ਼ਾਮਲ ਹੋ ਕੇ ਇਸ ਨੂੰ ਲੋਕਤੰਤਰ ਦਾ ਕਤਲ ਦੱਸਿਆ। ਪੀੜਤ ਉਮੀਦਵਾਰ ਰਜਨੀ ਰਾਣੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਗੰਭੀਰ ਸਿਆਸੀ ਦਬਾਅ ਹੇਠ ਕੰਮ ਕਰਨ ਦੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਪਹਿਲਾਂ ਪ੍ਰਸ਼ਾਸਨ ਨੇ ਉਨ੍ਹਾਂ ਦੇ ਨਾਮਜ਼ਦਗੀ ਪੱਤਰਾਂ ਨੂੰ ਬਕਾਇਦਾ ਪ੍ਰਵਾਨ ਕਰ ਲਿਆ ਸੀ। ਪਰ ਬਾਅਦ ’ਚ ਬਦਨੀਤੀ ਤਹਿਤ ਇਸ ਦੇ ਅੱਗੇ ਨਹੀਂ ਸ਼ਬਦ ਲਿਖ ਕੇ ਇਸ ਨੂੰ ਰੱਦ ਕਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਫ਼ਾਰਮ ’ਤੇ ਲਿਖੀ ਗਈ ਲਿਖਾਈ ਵੀ ਮੈਚ ਨਹੀਂ ਕਰ ਰਹੀ, ਜੋ ਸਾਫ਼ ਇਸ਼ਾਰਾ ਕਰਦੀ ਹੈ ਕਿ ਇਹ ਸਭ ਕੁਝ ਆਮ ਆਦਮੀ ਪਾਰਟੀ ਦੀ ਸ਼ਹਿ ’ਤੇ ਹੋਇਆ ਹੈ। ਇਸ ਮੌਕੇ ’ਤੇ ਮੌਜੂਦ ਭਾਜਪਾ ਦੇ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਦੀ ਉਮੀਦਵਾਰ ਇਸ ਵਾਰਡ ਤੋਂ ਭਾਰੀ ਬਹੁਮਤ ਨਾਲ ਜਿੱਤਣ ਜਾ ਰਹੀ ਸੀ, ਜਿਸ ਦੇ ਡਰੋਂ ਬੌਖਲਾਈ ਸਰਕਾਰ ਨੇ ਨਾਜਾਇਜ਼ ਇਤਰਾਜ਼ ਲਗਾ ਕੇ ਇਹ ਨਾਮਜ਼ਦਗੀ ਰੱਦ ਕਰਵਾਈ ਹੈ। ਉਨ੍ਹਾਂ ਐਲਾਨ ਕੀਤਾ ਕਿ ਭਾਜਪਾ ਇਸ ਸਿਆਸੀ ਧੱਕੇਸ਼ਾਹੀ ਅੱਗੇ ਝੁਕੇਗੀ ਨਹੀਂ, ਸਗੋਂ ਇਸ ਵਿਰੁੱਧ ਸੜਕਾਂ ਤੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਇਨਸਾਫ਼ ਲਈ ਮਾਨਯੋਗ ਹਾਈਕੋਰਟ ਦਾ ਬੂਹਾ ਖੜਕਾਇਆ ਜਾਵੇਗਾ। ਦੂਜੇ ਪਾਸੇ, ਇਸ ਪੂਰੇ ਹੰਗਾਮੇ ਅਤੇ ਗੰਭੀਰ ਇਲਜ਼ਾਮਾਂ ਦੇ ਬਾਵਜੂਦ ਬਰਨਾਲਾ ਦੇ ਪ੍ਰਸ਼ਾਸਨਿਕ ਅਧਿਕਾਰੀ ਪੂਰੀ ਤਰ੍ਹਾਂ ਕੈਮਰੇ ਅਤੇ ਮੀਡੀਆ ਤੋਂ ਬਚਦੇ ਨਜ਼ਰ ਆਏ ਅਤੇ ਕਿਸੇ ਵੀ ਅਧਿਕਾਰੀ ਨੇ ਇਸ ਮਾਮਲੇ ਤੇ ਕੋਈ ਟਿੱਪਣੀ ਨਹੀਂ ਕੀਤੀ। ਪ੍ਰਸ਼ਾਸਨ ਦੀ ਇਸ ਚੁੱਪ ਨੇ ਮਾਮਲੇ ਨੂੰ ਹੋਰ ਸ਼ੱਕੀ ਬਣਾ ਦਿੱਤਾ ਹੈ। ਇਸ ਘਟਨਾ ਨੇ ਸ਼ਹਿਰ ਦਾ ਸਿਆਸੀ ਪਾਰਾ ਚੜ੍ਹਾ ਦਿੱਤਾ ਹੈ ਅਤੇ ਹੁਣ ਸਭ ਦੀਆਂ ਨਜ਼ਰਾਂ ਅਗਲੀ ਕਾਨੂੰਨੀ ਤੇ ਸਿਆਸੀ ਹਲਚਲ ਤੇ ਟਿਕੀਆਂ ਹੋਈਆਂ ਹਨ। ਬਾਅਦ ਦੁਪਹਿਰ 2 ਵਜੇ ਅਗਰਵਾਲ ਧਰਮਸ਼ਾਲਾ ਵਿਖੇ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਸਿਆਸੀ ਆਗੂਆਂ ਵੱਲੋਂ ਇੱਕ ਭਰਮੀ ਮੀਟਿੰਗ ਦੌਰਾਨ ਬੁੱਧਵਾਰ ਨੂੰ ਬਰਨਾਲਾ ਦੇ ਬਾਜ਼ਾਰ ਬੰਦ ਦੀ ਕਾਲ ਕਰ ਦਿੱਤੀ।