ਯੁੱਧ ਨਸ਼ਿਆਂ ਵਿਰੁੱਧ: ਪੁਲਿਸ ਵਲੋਂ 1 ਕਿਲੋ 3 ਗਰਾਮ ਹੈਰੋਇਨ ਸਮੇਤ ਇਕ ਕਾਬੂ
ਯੁੱਧ ਨਸ਼ਿਆਂ ਵਿਰੁੱਧ: ਪੁਲਿਸ ਵਲੋਂ 1 ਕਿਲੋ 3 ਗਰਾਮ ਹੈਰੋਇਨ ਸਮੇਤ ਇਕ ਕਾਬੂ
Publish Date: Sat, 09 May 2026 06:16 PM (IST)
Updated Date: Sun, 10 May 2026 04:09 AM (IST)

ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਲਿਆ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਅਧੀਨ ਸੀਨੀਅਰ ਪੁਲਿਸ ਕਪਤਾਨ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਆਈਪੀਐੱਸ ਅਤੇ ਜਸਕਰਨ ਸਿੰਘ ਬਰਾੜ ਪੀਪੀਐੱਸ ਡੀਐੱਸਪੀ ਸਬ-ਡਵੀਜ਼ਨ ਤਪਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਇੰਸਪੈਕਟਰ ਹਰਸਿਮਰਨਜੀਤ ਸਿੰਘ ਮੁੱਖ ਅਫਸਰ ਥਾਣਾ ਭਦੌੜ ਦੀ ਅਗਵਾਈ ਹੇਠ ਪੁਲੀਸ ਵਲੋਂ ਕਰਵਾਈ ਕਰਦੇ ਹੋਏ 1 ਕਿਲੋ 03 ਗਰਾਮ ਹੈਰੋਇਨ/ਚਿੱਟਾ ਬਰਾਮਦ ਕੀਤਾ ਗਿਆ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਡੀਐੱਸਪੀ ਤਪਾ ਜਸਕਰਨ ਸਿੰਘ ਬਰਾੜ ਨੇ ਦੱਸਿਆ ਕਿ ਮਿਤੀ 07 ਮਈ ਨੂੰ ਸ:ਥ ਸੁਰਿੰਦਰ ਸਿੰਘ 1219/ਜੀ.ਆਰ.ਪੀ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਅਤੇ ਸ਼ੱਕੀਆਂ ਦੀ ਚੈਕਿੰਗ ਲਈ ਨੇੜੇ ਠੇਕਾ ਸ਼ਰਾਬ ਪਿੰਡ ਨੈਣੇਵਾਲ ਮੌਜੂਦ ਸੀ। ਸ਼ਾਮ ਕਰੀਬ 4:35 ਵਜੇ ਮੁਖਬਰ ਤੋਂ ਇਤਲਾਹ ਦਿੱਤੀ ਕਿ ਮਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਬਾਹਮਣੀ ਵਾਲਾ ਜ਼ਿਲ੍ਹਾ ਫਾਜ਼ਿਲਕਾ ਜੋ ਕਿ ਕਥਿਤ ਤੌਰ ਤੇ ਹੈਰੋਇਨ/ਚਿੱਟਾ ਵੇਚਦਾ ਹੈ, ਆਪਣੇ ਮੋਟਰਸਾਇਕਲ ਬਿਨਾ ਨੰਬਰੀ ਮਾਰਕਾ ਹਾਂਡਾ (ਰੰਗ ਕਾਲਾ) ਸਵਾਰ ਹੋ ਕੇ ਭਾਰਤਮਾਲਾ ਪ੍ਰੋਜੈਕਟ ਰੋਡ ਹੁੰਦੇ ਹੋਇਆ ਬਠਿੰਡਾ ਸਾਇਡ ਤੋਂ ਪਿੰਡ ਸੰਧੂ ਕਲਾ ਖੜ੍ਹਾ ਹੈ ਅਤੇ ਹੈਰੋਇਨ ਅੱਗੇ ਵੇਚਣ ਲਈ ਆਪਣੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਇਤਲਾਹ ਭਰੋਸੇਯੋਗ ਹੋਣ ਤੇ ਕਾਰਵਾਈ ਕੀਤੀ ਗਈ ਅਤੇ ਮੁੱਕਦਮਾ ਦਰਜ ਕੀਤਾ ਗਿਆ। ਉਨ੍ਹਾਂ ਦੀ ਮੌਜੂਦਗੀ ’ਚ ਮੁਲਜ਼ਮ ਕਾਬੂ ਕਰਕੇ ਉਸ ਕੋਲੋਂ 1 ਕਿਲੋ 03 ਗਰਾਮ ਨਸ਼ੀਲਾ ਪਦਾਰਥ ਹੈਰੋਇਨ/ਚਿੱਟਾ ਬਰਾਮਦ ਕੀਤਾ ਗਿਆ। ਮੁਲਜ਼ਮ ਨੂੰ ਮਿਤੀ 08 ਮਈ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਕੋਲੋ ਡੂੰਘਾਈ ਨਾਲ ਪੁੱਛਗਿੱਛ ਕਰਕੇ ਬੈਕਵਰਡ ਫਾਰਵਰਡ ਲਿੰਕਾਂ ਬਾਰੇ ਪਤਾ ਕਰਕੇ ਬਣਦੀ ਕਾਰਵਾਈ ਅਮਲ ’ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਿਆਂ ਦੇ ਖਾਤਮੇ ਲਈ ਪੁਲੀਸ ਦੀ ਸਖਤੀ ਜਾਰੀ ਹੈ ਅਤੇ ਲਗਾਤਾਰ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।