ਗੁਰੂ ਨਾਨਕ ਕਾਲਜ ’ਚ ਹੋਈ ਸਾਬਕਾ ਵਿਦਿਆਰਥੀਆਂ ਦੀ ਮਿਲਣੀ
ਗੁਰੂ ਨਾਨਕ ਕਾਲਜ ’ਚ ਹੋਈ ਸਾਬਕਾ ਵਿਦਿਆਰਥੀਆਂ ਦੀ ਮਿਲਣੀ
Publish Date: Wed, 15 Apr 2026 04:22 PM (IST)
Updated Date: Wed, 15 Apr 2026 04:24 PM (IST)
- ਮਿਲਣੀ ’ਚ ਕਈ ਸੂਬਿਆਂ ਦੇ ਵਿਦਿਆਰਥੀਆਂ ਨੇ ਕੀਤੀ ਸ਼ਿਰਕਤ
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ
ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਓਲਡ ਸਟੂਡੈਂਟ ਐਸੋਸੀਏਸ਼ਨ ਅਤੇ ਸੰਸਥਾ ਵੱਲੋਂ ਕਰਵਾਈ ਵਿਦਿਆਰਥੀ ਮਿਲਣੀ 2026 (ਐਲੂਮਨੀ ਮੀਟ) ਵਿੱਚ ਪੰਜਾਬ ਭਰ ਵਿੱਚ ਉੱਚ ਅਹੁਦਿਆਂ ਤੇ ਬੈਠੇ ਸਾਬਕਾ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਮਿਲਣੀ ਵਿੱਚ ਕਾਲਜ ਦੇ ਪਹਿਲੇ ਬੈਚਾ (1971 ਤੋਂ 1975 ਦੇ ਆਸ-ਪਾਸ) ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਸਾਬਕਾ ਵਿਦਿਆਰਥੀਆਂ ਨਾਲ ਕਾਲਜ ਦੀਆਂ ਉਪਲਬਧੀਆਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਸਾਡੇ ਲਈ ਮਾਣ ਦੀ ਗੱਲ ਹੈ ਕਿ ਕਾਲਜ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਲਜ ਨੂੰ ਜਿੱਥੇ ‘ਏ’ ਗਰੇਡ ਦਾ ਦਰਜਾ ਪ੍ਰਾਪਤ ਹੈ, ਉੱਥੇ ਨਾਲ ਹੀ ਸਕਿੱਲ ਹੱਬ ਅਤੇ ‘ਈਟ ਰਾਈਟ’ ਕੈਂਪਸ ਦਾ ਦਰਜਾ ਵੀ ਪ੍ਰਾਪਤ ਹੈ। ਉਨ੍ਹਾਂ ਨੇ ਦੱਸਿਆ ਕਿ ਕਾਲਜ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਇਨੇਬਲਡ ਕਲਾਸਰੂਮ, ਕੁਆਲਿਟੀ ਐਜੂਕੇਸ਼ਨ, ਵਰਕਸ਼ਾਪਾਂ, ਟ੍ਰੇਨਿੰਗ ਪ੍ਰੋਗਰਾਮ, ਅਕਾਦਮਿਕ ਵਿਜ਼ਿਟ, ਯੁਵਕ ਮੇਲਿਆਂ ਦੀਆਂ ਪ੍ਰਾਪਤੀਆਂ, ਅਕਾਦਮਿਕ ਅਤੇ ਖੇਡ ਪ੍ਰਾਪਤੀਆਂ, ਮੈਰਿਟ ਵਿੱਚ ਆਏ ਵਿਦਿਆਰਥੀਆਂ, ਵਿਦਿਆਰਥੀ ਸੁਵਿਧਾ ਕੇਂਦਰ, ਨਵੇਂ ਸ਼ੁਰੂ ਕੀਤੇ ਕੋਰਸਾਂ, ਵੱਖ-ਵੱਖ ਕੰਪਨੀਆਂ ਅਤੇ ਉਦਯੋਗਾਂ ਨਾਲ ਕੀਤੇ ਐੱਮਓਯੂ ਪਲੇਸਮੈਂਟ ਡਰਾਈਵਾਂ, ਸਟਾਰਟ-ਅੱਪ, ਇੰਡਸਟਰੀ ਐਕਸਚੇਂਜ ਪ੍ਰੋਗਰਾਮ, ਵਜੀਫ਼ਾ ਸਕੀਮਾਂ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਕੁਲਵੰਤ ਸਿੰਘ, ਨਵਨੀਤ ਕੱਕੜ, ਡਾ. ਬੂਟਾ ਸਿੰਘ ਸੇਖੋਂ, ਮੱਖਣ ਸਿੰਘ, ਭਰਭੂਰ ਸਿੰਘ,ਪਾਲ ਸਿੰਘ ਸਮਾਓਂ, ਰਜਿੰਦਰ ਵਰਮਾ ਅਤੇ ਪ੍ਰਧਾਨ ਡਾ. ਕਰਨੈਲ ਸਿੰਘ ਵੈਰਾਗੀ ਨੇ ਕਿਹਾ ਕਿ ਚਾਰ ਕਮਰਿਆਂ ਤੋਂ ਸ਼ੁਰੂ ਹੋਏ ਇਸ ਕਾਲਜ ਨੇ ਏਨੀ ਤਰੱਕੀ ਕੀਤੀ ਹੈ ਕਿ ਹੁਣ ਦੇਸ਼ ਦੀਆਂ ਨਾਮੀ ਸੰਸਥਾਵਾਂ ਵਿੱਚ ਨਾਮ ਆਉਂਦਾ ਹੈ। ਇੱਥੋਂ ਦਾ ਪ੍ਰਬੰਧਕੀ ਅਮਲਾ, ਪ੍ਰਿੰਸੀਪਲ ਅਤੇ ਸਟਾਫ਼ ਸਾਨੂੰ ਕਦੇ ਵੀ ਮਹਿਸੂਸ ਨਹੀਂ ਹੋਣ ਦਿੰਦੇ। ਉਨ੍ਹਾਂ ਕਿਹਾ ਕਿ ਇਸ ਸੰਸਥਾ ਵਿੱਚ ਦਾਖਲਾ ਮਿਲਣਾ ਮਾਣ ਵਾਲੀ ਗੱਲ ਹੈ। ਇਸ ਮੌਕੇ ਧੰਨਵਾਦੀ ਸ਼ਬਦ ਡਾ. ਸੰਧਿਆ ਵਤਸ ਨੇ ਕਹੇ। ਇਸ ਮੌਕੇ ਮੰਚ ਸੰਚਾਲਨ ਗੁਰਦੀਪ ਸਿੰਘ ਨੇ ਕੀਤਾ।