ਆਪ ਤੋਂ ਬਾਅਦ ਭਾਜਪਾ ਨੇ ਕਾਂਗਰਸ ਤੇ ਅਕਾਲੀ ਦਲ ਨੂੰ ਪਛਾੜਿਆ
ਆਪ ਤੋਂ ਬਾਅਦ ਭਾਜਪਾ ਨੇ ਕਾਂਗਰਸ ਤੇ ਅਕਾਲੀ ਦਲ ਨੂੰ ਪਛਾੜਿਆ
Publish Date: Fri, 22 May 2026 06:37 PM (IST)
Updated Date: Sat, 23 May 2026 04:10 AM (IST)

ਕਾਂਗਰਸ ਤੇ ਅਕਾਲੀ ਦਲ ਨੂੰ ਬਹੁਤੇ ਵਾਰਡਾਂ ’ਚੋਂ ਨਹੀਂ ਮਿਲੇ ਉਮੀਦਵਾਰ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ’ਚ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਬਰਨਾਲਾ ਜ਼ਿਲ੍ਹੇ ’ਚ ਬਰਨਾਲਾ ਨਗਰ ਨਿਗਮ ਦੇ ਨਾਲ-ਨਾਲ ਭਦੌੜ, ਧਨੌਲਾ ਤੇ ਤਪਾ ਨਗਰ ਕੌਂਸਲਾਂ ਲਈ ਹੋ ਰਹੀਆਂ ਚੋਣਾਂ ’ਚ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਉਮੀਦਵਾਰਾਂ ਦੀ ਗਿਣਤੀ ਦੇ ਮਾਮਲੇ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ ਉਮੀਦਵਾਰ ਮੈਦਾਨ ’ਚ ਉਤਾਰ ਕੇ ਆਪਣਾ ਦਬਦਬਾ ਕਾਇਮ ਰੱਖਿਆ ਹੈ, ਜਦੋਂਕਿ ਭਾਜਪਾ ਨੇ ਹੈਰਾਨੀਜਨਕ ਤੌਰ ’ਤੇ ਕਾਂਗਰਸ ਤੇ ਅਕਾਲੀ ਦਲ ਤੋਂ ਵੱਧ ਉਮੀਦਵਾਰ ਖੜ੍ਹੇ ਕਰ ਕੇ ਸਿਆਸੀ ਚਰਚਾ ਛੇੜ ਦਿੱਤੀ ਹੈ। ਜ਼ਿਲ੍ਹੇ ਭਰ ’ਚ ਆਮ ਆਦਮੀ ਪਾਰਟੀ ਦੇ ਕੁੱਲ 89 ਉਮੀਦਵਾਰ ਚੋਣ ਮੈਦਾਨ ’ਚ ਹਨ। ਬਰਨਾਲਾ ਨਗਰ ਨਿਗਮ ਦੇ 50 ’ਚੋਂ ਸਾਰੇ ਵਾਰਡਾਂ ’ਚ ਆਪ ਨੇ ਉਮੀਦਵਾਰ ਉਤਾਰੇ ਹਨ। ਇਨ੍ਹਾਂ ’ਚੋਂ ਦੋ ਵਾਰਡਾਂ ’ਚ ਵਿਰੋਧੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਣ ਕਾਰਨ ਆਪ ਦੇ ਉਮੀਦਵਾਰ ਬਿਨਾਂ ਮੁਕਾਬਲੇ ਹੀ ਜੇਤੂ ਬਣ ਚੁੱਕੇ ਹਨ, ਜਦੋਂਕਿ ਬਾਕੀ 48 ਵਾਰਡਾਂ ’ਚ ਚੋਣ ਹੋਵੇਗੀ। ਇਸ ਤੋਂ ਇਲਾਵਾ ਧਨੌਲਾ ਦੇ ਸਾਰੇ 13 ਵਾਰਡਾਂ, ਤਪਾ ਮੰਡੀ ਦੇ 15 ਵਿੱਚੋਂ 14 ਅਤੇ ਭਦੌੜ ਦੇ 13 ਵਿੱਚੋਂ 12 ਵਾਰਡਾਂ ’ਚ ਵੀ ਆਪ ਨੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਦੂਜੇ ਨੰਬਰ ’ਤੇ ਰਹਿੰਦੇ ਹੋਏ ਭਾਰਤੀ ਜਨਤਾ ਪਾਰਟੀ ਨੇ ਜ਼ਿਲ੍ਹੇ ਵਿੱਚੋਂ ਕੁੱਲ 52 ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ਬਰਨਾਲਾ ਨਗਰ ਨਿਗਮ ਦੇ 27, ਧਨੌਲਾ ਦੇ 12, ਭਦੌੜ ਦੇ 10 ਅਤੇ ਤਪਾ ਮੰਡੀ ਦੇ 3 ਵਾਰਡਾਂ ਤੋਂ ਭਾਜਪਾ ਚੋਣ ਲੜ ਰਹੀ ਹੈ। ਭਾਜਪਾ ਵੱਲੋਂ ਉਮੀਦਵਾਰਾਂ ਦੀ ਇਹ ਗਿਣਤੀ ਕਾਂਗਰਸ ਅਤੇ ਅਕਾਲੀ ਦਲ ਲਈ ਚਿੰਤਾ ਦਾ ਵਿਸ਼ਾ ਮੰਨੀ ਜਾ ਰਹੀ ਹੈ। ਕਾਂਗਰਸ ਪਾਰਟੀ ਜ਼ਿਲ੍ਹੇ ’ਚ 50 ਉਮੀਦਵਾਰਾਂ ਨਾਲ ਤੀਜੇ ਸਥਾਨ ’ਤੇ ਰਹੀ ਹੈ। ਕਾਂਗਰਸ ਨੇ ਬਰਨਾਲਾ ਨਗਰ ਨਿਗਮ ਦੇ 39 ਵਾਰਡਾਂ ’ਚ ਉਮੀਦਵਾਰ ਖੜ੍ਹੇ ਕੀਤੇ ਹਨ, ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਧਨੌਲਾ, ਜਿੱਥੇ ਹਲਕਾ ਵਿਧਾਇਕ ਕਾਂਗਰਸ ਨਾਲ ਸਬੰਧਤ ਹੈ, ਉੱਥੇ ਪਾਰਟੀ ਆਪਣਾ ਇੱਕ ਵੀ ਅਧਿਕਾਰਤ ਉਮੀਦਵਾਰ ਚੋਣ ਨਿਸ਼ਾਨ ’ਤੇ ਨਹੀਂ ਉਤਾਰ ਸਕੀ। ਭਦੌੜ ’ਚ ਕਾਂਗਰਸ ਦੇ 6 ਤੇ ਤਪਾ ਮੰਡੀ ’ਚ ਕੇਵਲ 5 ਉਮੀਦਵਾਰ ਮੈਦਾਨ ਵਿੱਚ ਹਨ। ਹਾਲਾਂਕਿ ਕਾਂਗਰਸ ਦੇ ਕੁਝ ਆਗੂ ਆਜ਼ਾਦ ਤੌਰ ’ਤੇ ਚੋਣ ਲੜ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਮੁੱਖ ਪਾਰਟੀਆਂ ’ਚੋਂ ਸਭ ਤੋਂ ਕਮਜ਼ੋਰ ਨਜ਼ਰ ਆ ਰਹੀ ਹੈ। ਪਾਰਟੀ ਦੇ ਕੇਵਲ 47 ਉਮੀਦਵਾਰ ਹੀ ਮੈਦਾਨ ’ਚ ਹਨ। ਬਰਨਾਲਾ ਨਗਰ ਨਿਗਮ ਦੇ 27, ਧਨੌਲਾ ਦੇ 6, ਭਦੌੜ ਦੇ 9 ਤੇ ਤਪਾ ਮੰਡੀ ਦੇ ਸਿਰਫ਼ 5 ਵਾਰਡਾਂ ’ਚ ਹੀ ਅਕਾਲੀ ਦਲ ਆਪਣੇ ਉਮੀਦਵਾਰ ਖੜ੍ਹੇ ਕਰ ਸਕਿਆ ਹੈ। ਤਪਾ ਖੇਤਰ ਵਿੱਚ ਕੁੱਝ ਟਕਸਾਲੀ ਅਕਾਲੀ ਆਗੂਆਂ ਦਰਮਿਆਨ ਚੱਲ ਰਹੇ ਅੰਦਰੂਨੀ ਕਲੇਸ਼ ਨੂੰ ਵੀ ਇਸ ਕਮਜ਼ੋਰ ਪ੍ਰਦਰਸ਼ਨ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਇਨ੍ਹਾਂ ਚੋਣਾਂ ਵਿੱਚ ਆਜ਼ਾਦ ਉਮੀਦਵਾਰਾਂ ਦੀ ਭੂਮਿਕਾ ਵੀ ਕਾਫ਼ੀ ਮਹੱਤਵਪੂਰਨ ਬਣਦੀ ਦਿਖ ਰਹੀ ਹੈ। ਨਗਰ ਨਿਗਮ ਅਤੇ ਤਿੰਨਾਂ ਨਗਰ ਕੌਂਸਲਾਂ ’ਚ ਮਿਲਾ ਕੇ ਕਰੀਬ 100 ਆਜ਼ਾਦ ਉਮੀਦਵਾਰ ਮੈਦਾਨ ’ਚ ਹਨ। ਇਨ੍ਹਾਂ ’ਚ ਕੁਝ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ‘ਵਾਰਿਸ ਪੰਜਾਬ ਦੇ’ ਨਾਲ ਵੀ ਜੁੜੇ ਹੋਏ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਬਸਪਾ ਦੇ 2 ਉਮੀਦਵਾਰ ਵੀ ਬਰਨਾਲਾ ਨਗਰ ਨਿਗਮ ਤੋਂ ਚੋਣ ਲੜ ਰਹੇ ਹਨ। ਬਰਨਾਲਾ ਜ਼ਿਲ੍ਹੇ ਦੀਆਂ ਨਗਰ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਗਿਣਤੀ ਤੇ ਸੰਗਠਨਕ ਤਾਕਤ ਦੇ ਆਧਾਰ ’ਤੇ ਆਪਣੀ ਮਜ਼ਬੂਤ ਪਕੜ ਦਿਖਾਈ ਹੈ। ਦੂਜੇ ਪਾਸੇ ਭਾਜਪਾ ਨੇ ਉਮੀਦਵਾਰ ਉਤਾਰਨ ਦੇ ਮਾਮਲੇ ’ਚ ਕਾਂਗਰਸ ਤੇ ਅਕਾਲੀ ਦਲ ਨੂੰ ਪਿੱਛੇ ਛੱਡ ਕੇ ਆਪਣੀ ਵਧਦੀ ਸਿਆਸੀ ਸਰਗਰਮੀ ਦਾ ਸੰਕੇਤ ਦਿੱਤਾ ਹੈ। ਕਾਂਗਰਸ ਤੇ ਅਕਾਲੀ ਦਲ ਅੰਦਰੂਨੀ ਕਲੇਸ਼ ਤੇ ਸੰਗਠਨਕ ਕਮਜ਼ੋਰੀ ਨਾਲ ਜੂਝਦੇ ਨਜ਼ਰ ਆ ਰਹੇ ਹਨ, ਜਦਕਿ ਵੱਡੀ ਗਿਣਤੀ ’ਚ ਮੈਦਾਨ ’ਚ ਉਤਰੇ ਆਜ਼ਾਦ ਉਮੀਦਵਾਰ ਕਈ ਵਾਰਡਾਂ ’ਚ ਮੁੱਖ ਪਾਰਟੀਆਂ ਦਾ ਗਣਿਤਕ ਵਿਗਾੜ ਸਕਦੇ ਹਨ।