ਰਜਵਾੜਾ ਢਾਬੇ ਦਾ ਮਾਲਕ ਭਾਜਪਾ ’ਚ ਹੋਇਆ ਸ਼ਾਮਲ
ਰਜਵਾੜਾ ਢਾਬੇ ਦਾ ਮਾਲਕ ਭਾਜਪਾ ’ਚ ਹੋਇਆ ਸ਼ਾਮਿਲ
Publish Date: Tue, 12 May 2026 04:34 PM (IST)
Updated Date: Tue, 12 May 2026 04:36 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਭਾਰਤੀ ਜਨਤਾ ਪਾਰਟੀ ਨੇ ਬਰਨਾਲਾ ਚ ਟ੍ਰਾਈਡੈਂਟ ਦੇ ਮਾਲਕ ਅਤੇ ਮੈਂਬਰ ਪਾਰਲੀਮੈਂਟ ਰਾਜਿੰਦਰ ਗੁਪਤਾ ਤੋਂ ਬਾਅਦ ਇਕ ਹੋਰ ਵੱਡਾ ਧਮਾਕਾ ਕੀਤਾ ਹੈ। ਭਾਜਪਾ ਨੇ ਬਰਨਾਲਾ ਦੇ ਇੱਕ ਨਾਮਵਰ ਢਾਬੇ ਤੇ ਕਮਲ ਦਾ ਫੁੱਲ ਖਿੜਾ ਦਿੱਤਾ ਹੈ। ਬਰਨਾਲਾ ਦੇ ਪ੍ਰਸਿੱਧ ਰਜਵਾੜਾ ਢਾਬੇ ਦਾ ਮਾਲਕ ਬਲਜਿੰਦਰ ਸਿੰਘ ਬੜਿੰਗ ਭਾਜਪਾ ’ਚ ਸ਼ਾਮਿਲ ਹੋ ਗਿਆ ਹੈ। ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਸਮੇਤ ਭਾਜਪਾ ਦੇ ਵੱਡੇ ਆਗੂਆਂ ਨੇ ਬਲਜਿੰਦਰ ਸਿੰਘ ਬੜਿੰਗ ਨੂੰ ਭਾਜਪਾ ’ਚ ਸ਼ਾਮਿਲ ਕੀਤਾ। ਰਜਵਾੜਾ ਢਾਬੇ ਵਾਲੇ ਬੜਿੰਗ ਦੀ ਭਾਜਪਾ ’ਚ ਸ਼ਮੂਲੀਅਤ ਬਰਨਾਲਾ ਚ ਆਮ ਆਦਮੀ ਪਾਰਟੀ ਲਈ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਬਲਜਿੰਦਰ ਸਿੰਘ ਬੜਿੰਗ, ਮੀਤ ਹੇਅਰ ਦੀ ਉਸ ਖਾਸ ਟੀਮ ਦਾ ਹਿੱਸਾ ਸੀ ਜਿਸਨੇ 2017 ਤੇ 2022 ਚ ਮੀਤ ਹੇਅਰ ਵੀ ਜਿੱਤ ’ਚ ਅਹਿਮ ਰੋਲ ਅਦਾ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਬੜਿੰਗ ਦੀ ਭਾਜਪਾ ’ਚ ਸ਼ਮੂਲੀਅਤ ਨਾਲ ਬਰਨਾਲੇ ਚ ਭਾਜਪਾ ਨੂੰ ਜ਼ਿਕਰਯੋਗ ਹੁਲਾਰਾ ਮਿਲੇਗਾ। ਟਰਾਈਡੈਂਟ ਦੇ ਮਾਲਕ ਰਾਜਿੰਦਰ ਗੁਪਤਾ ਤੋਂ ਬਾਅਦ ਰਜਵਾੜਾ ਢਾਬੇ ਦੇ ਮਾਲਕ ਵੱਲੋਂ ਭਾਜਪਾ ’ਚ ਸ਼ਾਮਿਲ ਹੋਣ ਤੋਂ ਬਾਅਦ ਬਰਨਾਲਾ ਦੇ ਭਾਜਪਾ ਆਗੂਆਂ ਦੇ ਪੱਬ ਧਰਤੀ ਤੇ ਨਹੀਂ ਲੱਗ ਰਹੇ, ਦੂਜੇ ਪਾਸੇ ਬੜਿੰਗ ਦੀ ਭਾਜਪਾ ’ਚ ਸ਼ਮੂਲੀਅਤ ਆਮ ਆਦਮੀ ਪਾਰਟੀ ਲਈ ਇਕ ਵੱਡੀ ਨਮੋਸ਼ੀ ਦਾ ਕਾਰਨ ਵੀ ਬਣੀ ਹੈ ਕਿ ਆਖ਼ਰ ਅਜਿਹੇ ਕਿਹੜੇ ਕਾਰਨ ਹਨ ਕਿ ਬਰਨਾਲਾ ਚ ਆਪ ਦੇ ਪਰਪੱਕਤਾ ਵਾਲੇ ਆਗੂ ਆਪ ਨੂੰ ਛੱਡ ਕੇ ਜਾ ਰਹੇ ਹਨ। ਨਗਰ ਨਿਗਮ ਬਰਨਾਲਾ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਦੇ ਐਲਾਨ ਵਾਲੇ ਦਿਨ ਆਪ ਨੂੰ ਇਹ ਵੱਡਾ ਝਟਕਾ ਨਗਰ ਨਿਗਮ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਚ ਵੀ ਰੰਗ ਦਿਖਾਵੇਗਾ। ਸੂਤਰਾਂ ਅਨੁਸਾਰ ਭਾਜਪਾ ਦੇ ਸਥਾਨਕ ਆਗੂਆਂ ਕੋਲ ਅਜੇ ਕੁਝ ਹੋਰ ਆਪ ਆਗੂਆਂ ਦੇ ਨਾਮ ਵੀ ਹਨ ਜਿਹੜੇ ਆਉਣ ਵਾਲੇ ਸਮੇਂ ਚ ਝਾੜੂ ਛੱਡਕੇ ਕਮਲ ਦਾ ਫੁੱਲ ਖਿੜਾ ਸਕਦੇ ਹਨ। ਸਥਾਨਿਕ ਆਪ ਆਗੂ ਭਾਵੇਂ ਅੱਜ ਦੀ ਇਸ ਘਟਨਾ ਨੂੰ ਦਲਬਦਲੀ ਜਾਂ ਫਿਰ ਆਪਣੀ ਫ਼ਿਤਰਤ ਅਨੁਸਾਰ ਕੋਈ ਵੀ ਨਾਮ ਦੇ ਸਕਦੇ ਹਨ ਪਰੰਤੂ ਇਹ ਸੱਚ ਹੈ ਕਿ ਆਪ ਆਗੂਆਂ ਲਈ ਇਹ ਸੋਚਣ ਅਤੇ ਆਪਣੀ ਪੀੜੀ ਥੱਲੇ ਸੋਟਾ ਫੇਰਨ ਦਾ ਸਮਾਂ ਹੈ ਕਿ ਕੱਲ੍ਹ ਤੱਕ ਜਿਹੜੇ ਪਿਆਰ ਦੀ ਨਿਸ਼ਾਨੀ ਵਾਂਗ ‘ਗਲ ਦੀ ਗਾਨੀ ਦੇ ਮਣਕੇ ਸੀ’... ਉਹ ਕਿਉਂ ਕਿਰ ਰਹੇ ਹਨ?