ਬਿਜਲੀ ਦੇ ਚੰਗਿਆੜਿਆਂ ਨਾਲ 34 ਏਕੜ ਟਾਂਗਰ ਸੜ ਕੇ ਸੁਆਹ
ਬਿਜਲੀ ਦੇ ਚੰਗਿਆੜਿਆਂ ਨਾਲ 34 ਏਕੜ ਟਾਂਗਰ ਸੜ ਕੇ ਸੁਆਹ, ਕਿਸਾਨਾਂ ਦਾ ਭਾਰੀ ਨੁਕਸਾਨ
Publish Date: Mon, 27 Apr 2026 04:14 PM (IST)
Updated Date: Tue, 28 Apr 2026 04:02 AM (IST)

ਕਿਸਾਨਾਂ ਦਾ ਭਾਰੀ ਨੁਕਸਾਨ :: ਜਥੇਬੰਦੀਆਂ ਵੱਲੋਂ ਸਰਕਾਰ ਤੋਂ ਤੁਰੰਤ ਮੁਆਵਜ਼ੇ ਦੀ ਮੰਗ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਵਿਧਾਨ ਸਭਾ ਹਲਕਾ ਮਹਿਲਕਲਾਂ ਅਧੀਨ ਪੈਂਦੇ ਪਿੰਡ ਕੁਰੜ ਅਤੇ ਸਹੌਰ ’ਚ ਦੁਪਹਿਰ ਬਿਜਲੀ ਦੇ ਚੰਗਿਆੜਿਆਂ ਕਾਰਨ ਕਿਸਾਨਾਂ ਦੇ ਖੇਤਾਂ ’ਚ ਰੱਖਿਆ ਟਾਂਗਰ ਅੱਗ ਦੀ ਭੇਟ ਚੜ੍ਹ ਗਿਆ, ਜਿਸ ਨਾਲ ਕਰੀਬ 34 ਏਕੜ ਟਾਂਗਰ ਸੜਕੇ ਸੁਆਹ ਹੋ ਗਿਆ। ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ। ਪੀੜਤ ਕਿਸਾਨ ਹਰਪਾਲ ਸਿੰਘ ਵਾਸੀ ਕੁਰੜ ਨੇ ਦੱਸਿਆ ਕਿ ਪਿੰਡ ਖਿਆਲੀ ਡਰੇਨ ਨੇੜੇ ਬਿਜਲੀ ਦੀ ਖੜ੍ਹੀ ਸਵਿਚ ਤੋਂ ਚੰਗਿਆੜਾ ਡਿੱਗਣ ਕਾਰਨ ਅੱਗ ਲੱਗੀ। ਇਸ ਅੱਗ ਨੇ ਪਹਿਲਾਂ ਕਿਸਾਨ ਗੁਰਚਰਨ ਸਿੰਘ ਪੁੱਤਰ ਸੁਖਦੇਵ ਸਿੰਘ ਵੱਲੋਂ ਠੇਕੇ ’ਤੇ ਲੈ ਕੇ ਬੀਜੀ 17 ਏਕੜ ਕਣਕ ਦੀ ਕਟਾਈ ਤੋਂ ਬਾਅਦ ਤੂੜੀ ਬਣਾਉਣ ਲਈ ਰੱਖੇ ਟਾਂਗਰ ਨੂੰ ਲਪੇਟ ’ਚ ਲਿਆ। ਅੱਗ ਕਾਰਨ ਉਸ ਦੇ ਕਰੀਬ 15 ਏਕੜ ਟਾਂਗਰ ਸੜਕੇ ਸੁਆਹ ਹੋ ਗਿਆ। ਇਸ ਘਟਨਾ ’ਚ ਕਿਸਾਨ ਕਰਨੈਲ ਸਿੰਘ ਪੁੱਤਰ ਤੇਜਾ ਸਿੰਘ ਦੇ ਖੇਤਾਂ ’ਚੋਂ ਤੂੜੀ ਲਈ ਰੱਖਿਆ 7 ਏਕੜ ਟਾਂਗਰ ਤੇ ਹਰਪਾਲ ਸਿੰਘ ਪੁੱਤਰ ਸੁਖਵੰਤ ਸਿੰਘ ਦੇ ਖੇਤਾਂ ’ਚ ਰੱਖਿਆ 7 ਏਕੜ ਟਾਂਗਰ ਵੀ ਅੱਗ ਦੀ ਲਪੇਟ ’ਚ ਆ ਕੇ ਪੂਰੀ ਤਰ੍ਹਾਂ ਸੜ ਗਿਆ। ਅੱਗ ਕਾਰਨ ਕੁੱਲ ਮਿਲਾ ਕੇ 29 ਏਕੜ ਟਾਂਗਰ ਦਾ ਨੁਕਸਾਨ ਹੋਇਆ। ਇਸੇ ਤਰ੍ਹਾਂ ਪਿੰਡ ਸਹੌਰ ਵਿਖੇ ਦੁਪਹਿਰ 1 ਵਜੇ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਸਿਆਮ ਸਿੰਘ ਦੇ ਖੇਤਾਂ ਵਿੱਚੋਂ ਕਣਕ ਕੱਟਣ ਤੋਂ ਬਾਅਦ ਤੂੜੀ ਲਈ ਰੱਖੇ ਟਾਂਗਰ ਨੂੰ ਵੀ ਬਿਜਲੀ ਦੇ ਚੰਗਿਆੜਿਆਂ ਨਾਲ ਅੱਗ ਲੱਗ ਗਈ, ਜਿਸ ਨਾਲ ਟਾਂਗਰ ਪੂਰੀ ਤਰ੍ਹਾਂ ਸੜਕੇ ਸੁਆਹ ਹੋ ਗਿਆ। ਇਸ ਮੌਕੇ ’ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਮੀਤ ਪ੍ਰਧਾਨ ਰਘਵੀਰ ਸਿੰਘ ਸਹੌਰ, ਸਹਾਇਕ ਸਕੱਤਰ ਗੁਰਜੰਟ ਸਿੰਘ, ਮਲਕੀਤ ਸਿੰਘ ਫੌ਼ਜੀ, ਭਗਵਾਨ ਚੰਦ ਪ੍ਰਧਾਨ, ਰਣਵੀਰ ਸਿੰਘ, ਦਰਬਾਰਾ ਸਿੰਘ ਤੇ ਬਲਰਾਜ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਹੋਏ ਨੁਕਸਾਨ ਦਾ ਤੁਰੰਤ ਤੇ ਯੋਗ ਮੁਆਵਜ਼ਾ ਦਿੱਤਾ ਜਾਵੇ। ਦੂਜੇ ਪਾਸੇ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਇਕ ਕਰਮਚਾਰੀ ਦੀ ਡਿਊਟੀ ਲਗਾਈ ਗਈ ਹੈ। ਸਬੂਤਾਂ ਸਮੇਤ ਰਿਪੋਰਟ ਮਿਲਣ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।