ਪਾਰਟੀ ਛੱਡਣ ਵਾਲੇ ਰਾਜ ਸਭਾ ਮੈਂਬਰਾਂ ਦੇ ਪੁਤਲੇ ਫੂਕੇ
'ਆਪ' ਵਰਕਰਾਂ ਦਾ ਫੁੱਟਿਆ ਗੁੱਸਾ,ਪਾਰਟੀ ਛੱਡਣ ਵਾਲੇ ਰਾਜ ਸਭਾ ਮੈਂਬਰਾਂ ਦੇ ਫੂਕੇ ਪੁਤਲੇ ਕੀਤੀ ਨਾਅਰੇਬਾਜ਼ੀ
Publish Date: Sun, 26 Apr 2026 06:19 PM (IST)
Updated Date: Mon, 27 Apr 2026 04:13 AM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲਕਲਾਂ : ਮਹਿਲਕਲਾਂ ਵਿਖੇ ਆਪ ਆਗੂਆਂ ਤੇ ਵਰਕਰਾਂ ਵੱਲੋਂ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਰਾਜਸਭਾ ਮੈਂਬਰ ਹਰਭਜਨ ਸਿੰਘ, ਰਾਘਵ ਚੱਢਾ, ਅਸ਼ੋਕ ਮਿੱਤਲ, ਸੰਦੀਪ ਪਾਠਕ ਤੇ ਹੋਰਾਂ ਦੇ ਪੁਤਲੇ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਵੱਲੋਂ ਪਾਰਟੀ ਛੱਡਣ ਵਾਲੇ ਰਾਜ ਸਭਾ ਮੈਬਰਾ ਨੂੰ ਪੰਜਾਬ ਦੇ ਗੱਦਾਰ ਕਹਿ ਕੇ ਨਾਅਰੇ ਲਗਾਏ ਗਏ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ’ਚ ਸ਼ਾਮਲ ਹੋਏ। ਰਾਜ ਸਭਾ ਮੈਂਬਰਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਪੰਜਾਬ ਦੇ ਲੋਕ ਉਨ੍ਹਾਂ ਦੀ ਗੱਦਾਰੀ ਨੂੰ ਕਦੇ ਵੀ ਮਾਫ਼ ਨਹੀਂ ਕਰਨਗੇ। ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਇਨ੍ਹਾਂ ਨੂੰ ਰਾਜ ਸਭਾ ਭੇਜਿਆ ਸੀ। ਪਰ ਇੰਨਾ ਨੇ ਪੰਜਾਬ ਦੇ ਹੱਕਾਂ ਦੀ ਬਜਾਏ ਆਪਣੇ ਨਿੱਜੀ ਹਿੱਤਾ ਨੂੰ ਪਹਿਲ ਦਿੰਦਿਆ ਭਾਜਪਾ ਸ਼ਾਮਲ ਹੋਣਾ ਠੀਕ ਸਮਝਿਆ। ਇਨਾਂ ਨੇ ਪਾਰਟੀ ਹੀ ਨਹੀਂ ਬਲਕਿ ਪੰਜਾਬ ਦੇ ਲੋਕਾਂ ਨਾਲ ਗੱਦਾਰੀ ਕੀਤੀ ਹੈ। ਇਸ ਮੌਕੇ ਚੇਅਰਮੈਨ ਸੁਖਵਿੰਦਰ ਦਾਸ ਬਾਵਾ, ਸਰਪੰਚ ਸਰਬਜੀਤ ਸਿੰਘ ਸੰਭੂ, ਸਰਪੰਚ ਗੁਰਦੀਪ ਸਿੰਘ ਛਾਪਾ, ਸੰਮਤੀ ਮੈਂਬਰ ਗੁਰਜੀਤ ਸਿੰਘ ਧਾਲੀਵਾਲ, ਆਪ ਆਗੂ ਗੁਰਪ੍ਰੀਤ ਸਿੰਘ ਕਲਾਲਮਾਜਰਾ, ਤਾਜਿੰਦਰਦੇਵ ਸਿੰਘ ਮਿੰਟੂ, ਅਰੁਣ ਕੁਮਾਰ ਬਾਂਸਲ, ਯਾਦਵਿੰਦਰ ਸਿੰਘ ਛਾਪਾ, ਹਰਤੇਜ ਸਿੰਘ ਸਿੱਧੂ, ਚੇਅਰਮੈਨ ਚਰਨ ਸਿੰਘ ਖੇੜੀ, ਰਮਨਦੀਪ ਸਿੰਘ ਦੀਪੀ ਗੁੰਮਟੀ ,ਮੋਹਿਤ ਗਰਗ ਹੀਰਾ ਹਾਜ਼ਰ ਸਨ ।