ਬਿਜਲੀ ਫਿਟਿੰਗ ਦੇ ਸ਼ਾਰਟ ਸਰਕਟ ਨਾਲ ਕਰਿਆਨਾ ਸਟੋਰ ਨੂੰ ਭਿਆਨਕ ਅੱਗ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲਕਲਾਂ : ਪਿੰਡ ਸਹੌਰ ਵਿਖੇ ਵੈਕਟਰ ਕਰਿਆਨਾ ਸਟੋਰ ’ਚ ਬਿਜਲੀ ਫਿਟਿੰਗ ਦੇ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਅੱਗ ਦੀ ਇਸ ਘਟਨਾ ’ਚ 7 ਲੱਖ ਰੁਪਏ ਕੀਮਤ ਦਾ ਕਰਿਆਨੇ ਦਾ ਸਾਮਾਨ, ਫਰਿਜ਼, ਅਲਮਾਰੀਆਂ, ਕੰਪਿਊਟਰ ਕੰਡੇ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ, ਜਦਕਿ ਗੱਲੇ ਵਿੱਚ ਪਈ ਲਗਭਗ 20 ਹਜ਼ਾਰ ਰੁਪਏ ਦੀ ਨਕਦੀ ਵੀ ਅੱਗ ਦੀ ਭੇਟ ਚੜ੍ਹ ਗਈ। ਪੀੜਤ ਦੁਕਾਨਦਾਰ ਮੇਹਰ ਚੰਦ ਪੁੱਤਰ ਗਿਆਨ ਚੰਦ ਵਾਸੀ ਸਹੌਰ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਆਪਣੇ ਪਿੰਡ ਵਿੱਚ ਵੈਕਟਰ ਕਰਿਆਨਾ ਸਟੋਰ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ । ਐਤਵਾਰ ਸਵੇਰੇ ਕਰੀਬ ਸਾਢੇ ਤਿੰਨ ਵਜੇ ਜਦੋਂ ਉਹ ਪਰਿਵਾਰ ਸਮੇਤ ਸੁੱਤੇ ਪਏ ਸਨ ਤਾਂ ਪਿੰਡ ਦੇ ਇੱਕ ਵਿਅਕਤੀ ਨੇ ਦੁਕਾਨ ਵਿੱਚੋਂ ਧੂੰਆਂ ਨਿਕਲਦਾ ਦੇਖ ਕੇ ਉਨ੍ਹਾਂ ਨੂੰ ਦੁਕਾਨ ਅੰਦਰ ਅੱਗ ਲੱਗ ਜਾਣ ਵਾਰੇ ਦੱਸਿਆ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਅੱਗ ਬਹੁਤ ਤੇਜ਼ੀ ਨਾਲ ਫੈਲ ਚੁੱਕੀ ਸੀ ਤੇ ਕੁਝ ਹੀ ਸਮੇਂ ’ਚ ਦੁਕਾਨ ਦਾ ਵੱਡਾ ਹਿੱਸਾ ਅੱਗ ਦੀ ਲਪੇਟ ਵਿੱਚ ਆ ਗਿਆ। ਉਨ੍ਹਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਸੂਚਿਤ ਕਰਕੇ ਪਿੰਡ ਵਿੱਚ ਅਨਾਉਂਸਮੈਂਟ ਕਰਵਾਈ ਗਈ। ਅਨਾਉਂਸਮੈਂਟ ਹੁੰਦੇ ਹੀ ਪਿੰਡ ਵਾਸੀ, ਆਸਪਾਸ ਦੇ ਲੋਕ ਤੇ ਸਮੂਹ ਗ੍ਰਾਮ ਪੰਚਾਇਤ ਦੇ ਮੈਂਬਰ ਮੌਕੇ ’ਤੇ ਇਕੱਠੇ ਹੋ ਗਏ ਤੇ ਅੱਗ ’ਤੇ ਕਾਬੂ ਪਾਉਣ ਲਈ ਜੰਗੀ ਪੱਧਰ ’ਤੇ ਯਤਨ ਸ਼ੁਰੂ ਕਰ ਦਿੱਤੇ। ਪਿੰਡ ਵਾਸੀਆਂ ਨੇ ਪਹਿਲਾਂ ਸੁਰੱਖਿਆ ਦੇ ਮੱਦੇਨਜ਼ਰ ਪਿੰਡ ਦੇ ਟਰਾਂਸਫਾਰਮਰ ਦੀ ਸਵਿੱਚ ਕਟਵਾਈ, ਜਿਸ ਤੋਂ ਬਾਅਦ ਪਾਣੀ ਅਤੇ ਹੋਰ ਵੱਖ-ਵੱਖ ਸਾਧਨਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਫਾਇਰ ਬ੍ਰਿਗੇਡ ਗੱਡੀ ਵੀ ਮੌਕੇ ’ਤੇ ਪਹੁੰਚੀ ਅਤੇ ਕਰਮਚਾਰੀਆਂ ਨੇ ਕਾਫੀ ਜਦੋਂਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਪਿੰਡ ਵਾਸੀਆਂ ਦੀ ਸਾਂਝੀ ਮਿਹਨਤ ਕਾਰਨ ਅੱਗ ਨੂੰ ਨੇੜਲੇ ਘਰਾਂ ਅਤੇ ਹੋਰ ਦੁਕਾਨਾਂ ਤੱਕ ਫੈਲਣ ਤੋਂ ਰੋਕ ਲਿਆ ਗਿਆ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।ਮੇਹਰ ਚੰਦ ਨੇ ਦੱਸਿਆ ਕਿ ਬਿਜਲੀ ਫਿਟਿੰਗ ਦੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨਾਲ ਉਸਦਾ ਕੀਮਤੀ ਫਰਿਜ, ਅਲਮਾਰੀਆਂ, ਕੰਪਿਊਟਰ ਕੰਡੇ, ਹਰਿਆਣੇ ਦਾ ਕਰਿਆਣਾ ਸਮਾਨ ਅਤੇ ਹੋਰ ਸਟਾਕ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਹੈ। ਉਹ ਸਿਰਫ ਇਸ ਦੁਕਾਨ ਦੇ ਸਹਾਰੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ ਅਤੇ ਹੁਣ ਅੱਗ ਕਾਰਨ ਉਹ ਪੂਰੀ ਤਰ੍ਹਾਂ ਆਰਥਿਕ ਸੰਕਟ ਵਿੱਚ ਆ ਗਿਆ ਹੈ।ਪੀੜਤ ਦੁਕਾਨਦਾਰ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਉਸਦੇ ਹੋਏ ਭਾਰੀ ਨੁਕਸਾਨ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਦੁਬਾਰਾ ਆਪਣਾ ਕਾਰੋਬਾਰ ਸ਼ੁਰੂ ਕਰਕੇ ਪਰਿਵਾਰ ਦਾ ਗੁਜ਼ਾਰਾ ਕਰ ਸਕੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਠੁੱਲੀਵਾਲ ਪੁਲਿਸ ਅਤੇ ਸਬੰਧਤ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ।ਇਸ ਮੌਕੇ ਸਮਾਜ ਸੇਵੀ ਸਰਪੰਚ ਲਖਬੀਰ ਸਿੰਘ ਸਹੌਰ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸਰਕਲ ਮਹਿਲ ਕਲਾਂ ਦੇ ਪ੍ਰਧਾਨ ਸਰਬਜੀਤ ਸਿੰਘ ਸਹੌਰ, ਪੰਚ ਸੁਖਬੀਰ ਸਿੰਘ, ਪੰਚ ਸਤਨਾਮ ਸਿੰਘ, ਪੰਚ ਦਰਬਾਰਾ ਸਿੰਘ, ਕਿਸਾਨ ਆਗੂ ਗੁਰਮੁੱਖ ਸਿੰਘ ਅਤੇ ਸਿਕੰਦਰ ਸਿੰਘ ਨੇ ਵੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤ ਦੁਕਾਨਦਾਰ ਮੇਹਰ ਚੰਦ ਨੂੰ ਜਲਦ ਤੋਂ ਜਲਦ ਯੋਗ ਮੁਆਵਜ਼ਾ ਦੇ ਕੇ ਰਾਹਤ ਪ੍ਰਦਾਨ ਕੀਤੀ ਜਾਵੇ ਤਾਂ ਜੋ ਉਹ ਮੁੜ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕੇ। ਇਸ ਮੌਕੇ ਥਾਣਾ ਠੁੱਲੀਵਾਲ ਦੇ ਏਐੱਸਆਈ ਕਰਮਜੀਤ ਸਿੰਘ ਬਾਜਵਾ ਨੇ ਪੁਲਿਸ ਪਾਰਟੀ ਸਮੇਤ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ।