ਪੱਖੋ ਕਲਾਂ ਘਰ ’ਚ ਅਚਾਨਕ ਵੱਡਾ ਧਮਾਕਾ, ਘਰ ਦੀਆਂ ਛੱਤਾਂ ਉੱਡੀਆਂ
ਪੱਖੋ ਕਲਾਂ ਵਿਖੇ ਘਰ ’ਚ ਅਚਾਨਕ ਵੱਡਾ ਧਮਾਕਾ, ਘਰ ਦੀਆਂ ਛੱਤਾਂ ਉੱਡੀਆਂ
Publish Date: Sat, 15 Mar 2025 03:46 PM (IST)
Updated Date: Sun, 16 Mar 2025 03:59 AM (IST)
ਪੱਖੋ ਕਲਾਂ ਘਰ ’ਚ ਅਚਾਨਕ ਵੱਡਾ ਧਮਾਕਾ, ਘਰ ਦੀਆਂ ਛੱਤਾਂ ਉੱਡੀਆਂ
- ਘਰ ਦਾ ਮਾਲਕ ਅੱਗ ’ਚ ਝੁਲਸਣ ਕਾਰਨ ਗੰਭੀਰ ਜਖ਼ਮੀ - 8 ਲੱਖ ਰੁਪਏ ਦੇ ਕਰੀਬ ਹੋਇਆ ਵੱਡਾ ਨੁਕਸਾਨ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੇ ਪਿੰਡ ਪੱਖੋ ਕਲਾਂ ਵਿਖੇ ਇਕ ਘਰ ’ਚ ਸ਼ੁੱਕਰਵਾਰ ਸਵੇਰੇ 3 ਵਜੇ ਦੇ ਕਰੀਬ ਵੱਡਾ ਧਮਾਕਾ ਹੋ ਗਿਆ, ਜਦ ਇੱਕ ਪਤੀ-ਪਤਨੀ ਆਪਣੇ ਲੜਕੇ ਸਮੇਤ ਘਰ ’ਚ ਸੌਂ ਰਹੇ ਸਨ। ਧਮਾਕਾ ਇੰਨਾ ਜ਼ਿਆਦਾ ਵੱਡਾ ਸੀ ਕਿ ਧਮਾਕੇ ਨੇ ਘਰ ’ਚ ਤਿੰਨ ਕਮਰਿਆਂ ਸਮੇਤ ਇੱਕ ਰਸੋਈ ਦੀ ਛੱਤ ਉਡਾ ਦਿੱਤੀ। ਧਮਾਕਾ ਸਵੇਰੇ 3 ਵਜੇ ਦੇ ਕਰੀਬ ਹੋਣ ਕਰਕੇ ਨੇੜਲੇ ਲੋਕਾਂ ’ਚ ਵੀ ਡਰ ਦਾ ਮਾਹੌਲ ਬਣ ਗਿਆ। ਧਮਾਕੇ ਕਾਰਨ ਘਰ ਦੀਆਂ ਕੰਧਾਂ ਵੀ ਨੁਕਸਾਨੀਆਂ ਗਈਆਂ। ਧਮਾਕੇ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਧਮਾਕੇ ਤੋਂ ਬਾਅਦ ਇੱਕ ਕਮਰੇ ਅੰਦਰ ਅਚਾਨਕ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਲਈ ਘਰ ਦੇ ਮਾਲਕ ਹਰਮੇਲ ਸਿੰਘ ਨੇ ਕੋਸ਼ਿਸ਼ ਕੀਤੀ, ਪਰ ਅੱਗ ’ਚ ਝੁਲਸ ਗਿਆ, ਜਿਨ੍ਹਾਂ ਨੂੰ ਬਰਨਾਲਾ ਦੇ ਨਿੱਜੀ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਧਮਾਕੇ ਨਾਲ ਘਰ ’ਚ ਇੱਕ ਕਮਰੇ ਦੀ ਛੱਤ ਹੇਠਾਂ ਪਏ ਘਰ ਦੇ ਮਾਲਕ ਹਰਮੇਲ ਸਿੰਘ ਤੇ ਉਸਦੀ ਪਤਨੀ ਜਸਪਾਲ ਕੌਰ ਸਮੇਤ ਉਸਦਾ ਇੱਕ ਬੇਟਾ ਘਰ ’ਚ ਪਏ ਸਨ। ਪਰ ਧਮਾਕੇ ਕਾਰਨ ਛੱਤ ਉੱਪਰੋਂ ਡਿੱਗਣ ਕਾਰਨ ਇੱਟਾਂ ਡਿੱਗਣ ਕਾਰਨ ਹਰਮੇਲ ਸਿੰਘ ਦੀ ਪਤਨੀ ਜ਼ਖ਼ਮੀ ਹੋ ਗਈ। ਜ਼ਖਮੀ ਹਰਮੇਲ ਸਿੰਘ ਜੋ ਇੱਕ ਇਲੈਕਟ੍ਰੀਸ਼ੀਅਨ ਮਕੈਨਿਕ ਕੰਮ ਕਰਦਾ ਹੈ। ਇਸ ਮੌਕੇ ਪਰਿਵਾਰਿਕ ਮੈਂਬਰਾਂ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਥੇਬੰਦੀ ਦੇ ਆਗੂਆਂ ਨੇ ਪੀੜਤ ਪਰਿਵਾਰਿਕ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਆਵਜ਼ੇ ਦੀ ਮੰਗ ਕਰਦਿਆਂ ਕਿਹਾ ਕਿ ਇਸ ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਕਿਸ ਕਾਰਨ ਇਹ ਧਮਾਕਾ ਹੋਇਆ ਤੇ ਸਾਰੇ ਘਰ ਦੀਆਂ ਕਮਰੇ ਦੀਆਂ ਛੱਤਾਂ ਉੱਡ ਗਈਆਂ। ਧਮਾਕੇ ਦੇ ਕਾਰਨਾਂ ਦਾ ਅਜੇ ਅੰਦਾਜ਼ਾ ਲਾਇਆ ਜਾ ਰਿਹਾ ਕਿ ਬਿਜਲੀ ਇਨਵੈਟਰ, ਗੈਸ ਸਲੰਡਰ ਦੀ ਗੈਸ ਲੀਕ ਜਾਂ ਕੋਈ ਅਸਮਾਨੀ ਬਿਜਲੀ ਡਿੱਗਣ ਕਾਰਨ ਇਹ ਧਮਾਕਾ ਹੋਣ ਕਾਰਨ ਨੁਕਸਾਨ ਹੋਇਆ ਹੈ। ਇਸ ਧਮਾਕੇ ’ਚ 8 ਲੱਖ ਰੁਪਏ ਦੇ ਕਰੀਬ ਨੁਕਸਾਨ ਦੱਸਿਆ ਜਾ ਰਿਹਾ ਹੈ। ਇਸ ’ਚ ਘਰ ਦੀਆਂ ਛੱਤਾਂ ਤੇ ਘਰ ਦਾ ਘਰੇਲੂ ਵਰਤੋਂ ਵਾਲਾ ਸਾਰਾ ਸਾਮਾਨ ਨੁਕਸਾਨਿਆ ਗਿਆ। ਇਸ ਮੌਕੇ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਵੀ ਸਰਕਾਰ ਵੱਲੋਂ ਮੁਆਵਜੇ ਦੀ ਮੰਗ ਕੀਤੀ ਤਾਂ ਜੋ ਪੀੜਤ ਪਰਿਵਾਰ ਆਪਣਾ ਗੁਜ਼ਾਰਾ ਕਰ ਸਕੇ। ਮੌਕੇ ’ਤੇ ਪਹੁੰਚੇ ਪੁਲਿਸ ਥਾਣਾ ਰੂੜੇਕੇ ਕਲਾਂ ਦੇ ਐੱਸਐੱਚਓ ਗੁਰਮੇਲ ਸਿੰਘ ਨੇ ਇਸ ਘਟਨਾ ਨੂੰ ਲੈ ਕੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਬਣਦੀ ਜਾਂਚ ਸ਼ੁਰੂ ਕਰਕੇ ਰਿਪੋਰਟ ਬਣਾਈ ਜਾਵੇਗੀ ਤਾਂ ਜੋ ਅਸਲ ਧਮਾਕੇ ਦੇ ਕਾਰਨਾਂ ਦਾ ਪਤਾ ਲੱਗ ਸਕੇ। ਇਸ ਮੌਕੇ ਜਸਪਾਲ ਕੌਰ, ਭੋਲਾ ਸਿੰਘ, ਸੁਖਦੇਵ ਸਿੰਘ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜਥੇਬੰਦੀ ਦੇ ਕਿਸਾਨ ਆਗੂ ਜਗਜੀਤ ਸਿੰਘ ਸਮੇਤ, ਪਿੰਡ ਵਾਸੀ ਤੇ ਪਰਿਵਾਰਿਕ ਮੈਂਬਰ ਹਾਜ਼ਰ ਸਨ।