ਜਨਗਣਨਾ ਲਈ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਸੱਦਾ
ਜਨਗਣਨਾ ਲਈ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਸੱਦਾ
Publish Date: Wed, 01 Apr 2026 07:11 PM (IST)
Updated Date: Wed, 01 Apr 2026 07:13 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜਨਗਣਨਾ-2027 ਲਈ ਜ਼ਿਲ੍ਹਾ ਬਰਨਾਲਾ ਵਿੱਚ ਪਹਿਲੇ ਪੜਾਅ ਤਹਿਤ ਫੀਲਡ ਟ੍ਰੇਨਰਾਂ ਦੀ ਤਿੰਨ ਦਿਨਾਂ ਦੀ ਵਿਸ਼ੇਸ਼ ਟ੍ਰੇਨਿੰਗ ਸ਼ੁਰੂ ਹੋ ਗਈ ਹੈ। ਇਹ ਸਿਖਲਾਈ ਸ਼ੁਰੂ ਹੋਣ ਮੌਕੇ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਜ਼ ਅਫ਼ਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਫੀਲਡ ਟ੍ਰੇਨਰ ਪੂਰੀ ਸੁਹਿਰਦਤਾ ਨਾਲ ਇਹ ਸਿਖਲਾਈ ਲੈਣ ਤਾਂ ਜੋ ਉਹ ਵਧੀਆ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਸਕਣ। ਇਸ ਟ੍ਰੇਨਿੰਗ ਦੌਰਾਨ ਜ਼ਿਲ੍ਹੇ ਨਾਲ ਸਬੰਧਿਤ ਚਾਰਜ ਸੈਂਸਜ਼ ਅਫ਼ਸਰਾਂ ਅਤੇ ਟੈਕਨੀਕਲ ਅਸਿਸਟੈਂਟਸ ਨੂੰ ਵਿਸਥਾਰ ਨਾਲ ਸੈਂਸਜ਼-2027 ਸਬੰਧੀ ਵੱਖ-ਵੱਖ ਤਕਨੀਕੀ ਅਤੇ ਪ੍ਰਸ਼ਾਸਕੀ ਪੱਖਾਂ ਬਾਰੇ ਜਾਣੂ ਕਰਵਾਇਆ ਗਿਆ। ਮਾਸਟਰ ਟ੍ਰੇਨਰ ਵੱਲੋਂ ਦੱਸਿਆ ਗਿਆ ਕਿ ਪੰਜਾਬ ਰਾਜ ਵਿਚ ਹਾਊਸ ਲਿਸਟਿੰਗ ਦੀ ਪ੍ਰਕਿਰਿਆ 15 ਮਈ ਤੋਂ 13 ਜੂਨ 2026 ਤੱਕ ਕੀਤੀ ਜਾਵੇਗੀ ਅਤੇ ਸੈਲਫ਼-ਇਨਯੂਮਰੇਸ਼ਨ ਦੀ ਸੁਵਿਧਾ ਵੀ ਉਪਲਬਧ ਰਹੇਗੀ, ਜਿਸ ਸਬੰਧੀ ਪੋਰਟਲ 30 ਅਪ੍ਰੈਲ ਤੋਂ 13 ਮਈ 2026 ਤੱਕ ਪੋਰਟਲ ਖੋਲ੍ਹਿਆ ਜਾਵੇਗਾ, ਜਿਸ ਰਾਹੀਂ ਹਰ ਵਿਅਕਤੀ ਆਪਣੇ ਪਰਿਵਾਰ ਦੀ ਜਾਣਕਾਰੀ ਆਨਲਾਈਨ ਦਰਜ ਕਰ ਸਕੇਗਾ। ਉਨ੍ਹਾਂ ਦੱਸਿਆ ਕਿ ਜਨਗਣਨਾ ਦੀ ਪੂਰੀ ਕਾਰਵਾਈ ਡਿਜੀਟਲ ਮੋਡ ਰਾਹੀਂ ਸੰਪੰਨ ਕਰਵਾਈ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸਭ ਨੂੰ ਹਦਾਇਤ ਕੀਤੀ ਗਈ ਕਿ ਜਨਗਣਨਾ 2027 ਦੇ ਕੰਮ ਵਿੱਚ ਕਿਸੇ ਵੀ ਕਿਸਮ ਦੀ ਲਾਪ੍ਰਵਾਹੀ ਨਾ ਵਰਤੀ ਜਾਵੇ ਅਤੇ ਸਾਰੀਆਂ ਡਿਊਟੀਆਂ ਪੂਰੀ ਸ਼ਿੱਦਤ, ਜ਼ਿੰਮੇਵਾਰੀ ਅਤੇ ਸਮੇਂ-ਸਿਰ ਨਿਭਾਈਆਂ ਜਾਣ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜਨਗਣਨਾ -2027 ਦੇ ਕੰਮ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਅਤੇ ਬਿਨਾਂ ਕਿਸੇ ਸ਼ਨਾਖਤੀ ਕਾਰਡ ਵਾਲੇ ਵਿਅਕਤੀ ਨੂੰ ਕੋਈ ਵੀ ਸੂਚਨਾ ਮੁਹੱਈਆ ਨਾ ਕਰਵਾਈ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਵਿਵੇਕ ਕੁਮਾਰ ਮੋਦੀ, ਐੱਸਡੀਐੱਮ ਤਪਾ ਆਯੂਸ਼ ਗੋਇਲ, ਐੱਸਡੀਐੱਮ ਮਹਿਲ ਕਲਾਂ ਕ੍ਰਿਤਿਕਾ ਗੋਇਲ, ਵਧੀਕ ਜ਼ਿਲ੍ਹਾ ਸੈਸਜ਼ ਅਫ਼ਸਰ-ਕਮ-ਖੋਜ ਅਫ਼ਸਰ (ਦਫ਼ਤਰ ਉਪ ਅਰਥ ਅੰਕੜਾ ਸਲਾਹਕਾਰ) ਚਰਨਜੀਤ ਕੌਰ ਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਆਦਿ ਹਾਜ਼ਰ ਸਨ।