ਬਰਨਾਲਾ ’ਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ ਸਥਾਪਿਤ,
ਬਰਨਾਲਾ 'ਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ ਸਥਾਪਿਤ, ਸਪੀਕਰ ਸੰਧਵਾਂ ਅਤੇ ਐਮਪੀ ਮੀਤ ਹੇਅਰ ਨੇ ਕੀਤਾ ਉਦਘਾਟਨ
Publish Date: Thu, 07 May 2026 05:09 PM (IST)
Updated Date: Fri, 08 May 2026 04:09 AM (IST)

ਸਪੀਕਰ ਸੰਧਵਾਂ ਤੇ ਐੱਮਪੀ ਮੀਤ ਹੇਅਰ ਨੇ ਕੀਤਾ ਉਦਘਾਟਨ ਖੇਤੀਬਾੜੀ ਇੰਪਲੀਮੈਂਟਸ ਬਦੌਲਤ ਬਰਨਾਲਾ ਦੁਨੀਆ ਦੇ ਨਕਸ਼ੇ ’ਤੇ, ਸੰਸਦ ’ਚ ਵਿਸ਼ੇਸ਼ ਪੈਕੇਜ ਦੀ ਕੀਤੀ ਮੰਗ : ਮੀਤ ਹੇਅਰ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਾਡਾ ਇਤਿਹਾਸ ਬੜਾ ਮਹਾਨ ਹੈ, ਜਿਸ ’ਚ ਮਹਾਰਾਜਾ ਜੱਸਾ ਸਿੰਘ ਜੀ ਰਾਮਗੜ੍ਹੀਆ ਜਿਹੇ ਅਗਾਂਹਵਧੂ ਯੋਧਿਆਂ ਦਾ ਅਹਿਮ ਯੋਗਦਾਨ ਹੈ ਜਿਨ੍ਹਾਂ ਦੀਆਂ ਪਾਈਆਂ ਪੈੜਾਂ ਸਦੀਆਂ ਤਕ ਰਹਿਣਗੀਆਂ। ਅੱਜ ਉਨ੍ਹਾਂ ਨੂੰ ਸਮਰਪਿਤ ਚੌਕ ਲੋਕ ਅਰਪਿਤ ਕਰਨਾ ਬੜੇ ਮਾਨ ਅਤੇ ਸਨਮਾਨ ਵਾਲੀ ਗੱਲ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਹਾਨ ਇਤਿਹਾਸ ਤੋਂ ਜਾਣੂ ਕਰਾਉਣਾ ਦਾ ਵੱਡਾ ਉਪਰਾਲਾ ਹੈ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਥੇ ਰਾਮਗੜ੍ਹੀਆ ਭਾਈਚਾਰੇ ਵਲੋਂ ਸਥਾਪਿਤ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੀ ਮੌਜੂਦ ਸਨ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਚੌਕ ਦੇ ਉਦਘਾਟਨ ਮਗਰੋਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਬਰਨਾਲਾ ਦੀ ਮੁਕੱਦਸ ਧਰਤੀ ਤੇ ਅਸੀਂ ਉਸ ਅਜ਼ੀਮ ਜਰਨੈਲ ਨੂੰ ਸਿਜਦਾ ਕਰਨ ਲਈ ਇਕੱਤਰ ਹੋਏ ਹਾਂ, ਜਿਨ੍ਹਾਂ ਦਾ ਨਾਮ ਸਾਡੀਆਂ ਰਗਾਂ ’ਚ ਫ਼ਖ਼ਰ ਦਾ ਅਹਿਸਾਸ ਭਰ ਦਿੰਦਾ ਹੈ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਿਰਫ਼ ਇੱਕ ਮਿਸਲ ਦੇ ਜਥੇਦਾਰ ਨਹੀਂ ਸਨ, ਬਲਕਿ ਉਹ ਗੁਰੂ ਸਾਹਿਬ ਵੱਲੋਂ ਸਾਜੇ ਸੰਤ-ਸਿਪਾਹੀ ਦੇ ਸੰਕਲਪ ਦਾ ਉਹ ਸਿਖਰ ਸਨ, ਜਿਨ੍ਹਾਂ ਨੇ ਸਿੱਖੀ ਸਿਦਕ ਅਤੇ ਸੂਰਬੀਰਤਾ ਦੀ ਨਵੀਂ ਤੇ ਵਿਲੱਖਣ ਇਬਾਰਤ ਲਿਖੀ। ਮਹਾਰਾਜਾ ਜੀ ਇਲਾਹੀ ਰੰਗ ’ਚ ਰੰਗੇ ਖਾਲਸਾਈ ਜਲੌਅ ਦੇ ਉਹ ਪ੍ਰਤੀਕ ਸਨ, ਜਿਨ੍ਹਾਂ ਨੇ ਜਿਥੇ 1748 ’ਚ ਬੇਮਿਸਾਲ ਦਲੇਰੀ ਸਦਕਾ ਰਾਮ ਰੌਣੀ ਦੇ ਕਿਲ੍ਹੇ ਨੂੰ ਦੁਸ਼ਮਣਾਂ ਦੇ ਘੇਰੇ ’ਚੋਂ ਮੁਕਤ ਕਰਵਾ ਪੰਥ ਤੋਂ ਰਾਮਗੜ੍ਹੀਆ ਦਾ ਮਾਣਮੱਤਾ ਖਿਤਾਬ ਪ੍ਰਾਪਤ ਕੀਤਾ, ਉਥੇ ਹੀ ਦਿੱਲੀ ਦੇ ਲਾਲ ਕਿਲ੍ਹੇ ਦੀ ਹਿੱਕ ਤੇ ਕੇਸਰੀ ਪਰਚਮ ਲਹਿਰਾ ਮੁਗਲ ਹਕੂਮਤ ਦੇ ਗਰੂਰ ਸ਼ਾਹੀ ਸਿਲ ਵੀ ਗੁਰੂ ਚਰਨਾਂ ’ਚ ਲਿਆ ਰੱਖੀ ਜੋ ਅੱਜ ਵੀ ਰਾਮਗੜ੍ਹੀਆ ਬੁੰਗੇ ’ਚ ਸਾਡੇ ਪੁਰਖਿਆਂ ਦੀ ਅਡੋਲਤਾ ਅਤੇ ਜਿੱਤਾਂ ਦੀ ਗਵਾਹੀ ਭਰ ਰਹੀ ਹੈ। ਉਨ੍ਹਾਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 303ਵੇਂ ਜਨਮ ਦਿਹਾੜੇ ਦੀ ਮੁਬਾਰਕਬਾਦ ਦਿੱਤੀ ਅਤੇ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਦੇ ਸਮੂਹ ਅਹੁਦੇਦਾਰਾਂ ਨੂੰ ਇਸ ਉਪਰਾਲੇ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਅੱਜ ਮਹਾਰਾਜਾ ਜੱਸਾ ਸਿੰਘ ਜੀ ਰਾਮਗੜ੍ਹੀਆ ਦਾ ਬੁੱਤ ਸਥਾਪਿਤ ਕਰਨਾ ਬੜੇ ਮਾਣ ਵਾਲੇ ਪਲ ਹਨ ਤੇ ਇਸ ਚੌਕ ਨੂੰ ਹੋਰ ਵੀ ਸ਼ਿੰਗਾਰਿਆ ਜਾਵੇਗਾ ਤਾਂ ਜੋ ਸਾਡੇ ਨੌਜਵਾਨ ਮਹਾਨ ਜਰਨੈਲ ਦੇ ਇਤਿਹਾਸ ਤੋਂ ਜਾਣੂ ਹੋ ਸਕਣ। ਉਨ੍ਹਾਂ ਕਿਹਾ ਕਿ ਅੱਜ ਰਾਮਗੜ੍ਹੀਆ ਭਾਈਚਾਰੇ ਬਦੌਲਤ, ਖੇਤੀਬਾੜੀ ਇੰਪਲੀਮੈਂਟਸ ਬਦੌਲਤ ਬਰਨਾਲਾ ਦਾ ਨਾਮ ਦੁਨੀਆਂ ਦੇ ਨਕਸ਼ੇ ਤੇ ਹੈ। ਉਨ੍ਹਾਂ ਕਿਹਾ ਕਿ ਉਹ ਸੰਸਦ ’ਚ ਖੇਤੀਬਾੜੀ ਇੰਪਲੀਮੈਂਟਸ ਦੀ ਇਸ ਹਬ ਨੂੰ ਹੋਰ ਪ੍ਰਫੁਲਿਤ ਕਰਨ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕਰ ਚੁੱਕੇ ਹਨ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਥੇ ਫੋਕਲ ਪੁਆਇੰਟ ਵਾਸਤੇ ਜ਼ਮੀਨ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਤਾਂ ਜੋ ਇਸ ਖੇਤਰ ਦਾ ਹੋਰ ਵਿਕਾਸ ਹੋ ਸਕੇ। ਇਸ ਮੌਕੇ ਰਾਮਗੜ੍ਹੀਆ ਸਿੱਖ ਆਰਗਨਾਈਜੇਸ਼ਨ (ਰਜਿ.) ਇੰਡੀਆ ਦੀ ਜ਼ਿਲ੍ਹਾ ਬਰਨਾਲਾ ਇਕਾਈ ਅਤੇ ਅਹੁਦੇਦਾਰਾਂ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ, ਐੱਸ ਐੱਸ ਪੀ ਮੁਹੰਮਦ ਸਰਫਰਾਜ਼ ਆਲਮ,ਅਤੇ ਹੋਰ ਸਖਸ਼ੀਅਤਾਂ ਤੇ ਬਚਨ ਸਿੰਘ ਲੋਟੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਐੱਸ ਡੀ ਐਮ ਬਰਨਾਲਾ ਡਾ. ਅਜੀਤਪਾਲ ਸਿੰਘ, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਹਲਕਾ ਇੰਚਾਰਜ ਹਰਿੰਦਰ ਧਾਲੀਵਾਲ, ਮੈਂਬਰ ਜ਼ਿਲ੍ਹਾ ਯੋਜਨਾ ਬੋਰਡ ਇਸ਼ਵਿੰਦਰ ਸਿੰਘ ਜੰਡੂ, ਧੀਰਜ ਕੁਮਾਰ ਦੱਧਾਹੂਰ ਮੌਜੂਦ ਸਨ। ਇਸ ਮੌਕੇ ਰਾਮਗੜ੍ਹੀਆ ਸਿੱਖ ਆਰਗਨਾਈਜੇਸ਼ਨ ਵਲੋਂ ਹਰਦੇਵ ਸਿੰਘ ਕੌਂਸਲ (ਕੌਮੀ ਪ੍ਰਧਾਨ ਰਾਮਗੜ੍ਹੀਆ ਸਿੱਖ ਆਰਜਨਾਜ਼ੀਏਸ਼ਨ), ਗੁਰਵਿੰਦਰ ਸਿੰਘ ਗਿੰਦਾ (ਰਾਮਗੜ੍ਹੀਆ ਸਿੱਖ ਆਰਜਨਾਜ਼ੀਏਸ਼ਨ), ਮੱਖਣ ਸਿੰਘ ਭਰੀ (ਐੱਮਡੀ ਬਲਕਾਰ ਕੰਬਾਈਨ), ਜਗਜੀਤ ਸਿੰਘ ਪਨੇਸਰ (ਐੱਮਡੀ ਪਨੇਸਰ ਕੰਬਾਈਨ), ਨਛੱਤਰ ਸਿੰਘ ਭਰੀ (ਐੱਮਡੀ ਸਟੈਂਡਰਡ ਕਾਰਪੋਰੇਸ਼ਨ), ਸੁਖਦੇਵ ਸਿੰਘ ਸ਼ੰਟੀ ਜ਼ਿਲ੍ਹਾ ਪ੍ਰਧਾਨ,ਬੰਧਨ ਤੋੜ ਸਿੰਘ ਜ਼ਿਲ੍ਹਾ ਸਕੱਤਰ, ਰਾਜ ਪਨੇਸਰ ਜ਼ਿਲ੍ਹਾ ਪ੍ਰੈਸ ਸਕੱਤਰ, ਗੁਰਮੇਲ ਸਿੰਘ ਹੰਡਿਆਇਆ ਜ਼ਿਲ੍ਹਾ ਮੀਤ ਪ੍ਰਧਾਨ, ਚਤਰ ਸਿੰਘ ਲੋਟੇ ਜ਼ਿਲ੍ਹਾ ਖਜ਼ਾਨਚੀ, ਪ੍ਰੀਤਮ ਸਿੰਘ ਧੰਦੀਵਾਲੀਆ ਜ਼ਿਲ੍ਹਾ ਸਕੱਤਰ, ਮਹਿੰਦਰ ਪ੍ਰਤਾਪ ਸਿੰਘ ਪਲਾਹਾ ਜ਼ਿਲ੍ਹਾ ਪ੍ਰਚਾਰ ਸਕੱਤਰ, ਸਤਵੰਤ ਸਿੰਘ ਟੀਟੂ ਹਮੀਦੀ (ਜ਼ਿਲ੍ਹਾ ਸਕੱਤਰ, ਗੁਰਮੇਲ ਸਿੰਘ ਨੈਸ਼ਨਲ ਹੋਟਲ ਜ਼ਿਲ੍ਹਾ ਮੀਤ ਪ੍ਰਧਾਨ, ਬਲਵਿੰਦਰ ਸਿੰਘ ਭਦੌੜ ਜ਼ਿਲ੍ਹਾ ਮੀਤ ਪ੍ਰਧਾਨ ਤੇ ਹੋਰ ਅਹੁਦੇਦਾਰ ਅਤੇ ਪਤਵੰਤੇ ਮੌਜੂਦ ਸਨ।