ਸੰਗਰੂਰ ਦੇ 19 ਹੋਣਹਾਰਾਂ ਨੇ ਦਸਵੀਂ ਦੀ ਮੈਰਿਟ ਸੂਚੀ ’ਚ ਗੱਡੇ ਝੰਡੇ
ਸੰਗਰੂਰ ਦੇ 19 ਹੋਣਹਾਰਾਂ ਨੇ ਦਸਵੀਂ ਦੀ ਮੈਰਿਟ ਸੂਚੀ ’ਚ ਗੱਡੇ ਝੰਡੇ
Publish Date: Wed, 13 May 2026 03:40 PM (IST)
Updated Date: Wed, 13 May 2026 03:42 PM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਜ਼ਿਲ੍ਹਾ ਸੰਗਰੂਰ ਦਾ ਦਬਦਬਾ ਦੇਖਣ ਨੂੰ ਮਿਲਿਆ ਹੈ, ਜਿੱਥੇ ਜ਼ਿਲ੍ਹੇ ਦੇ ਕੁੱਲ 19 ਵਿਦਿਆਰਥੀਆਂ ਨੇ ਰਾਜ ਪੱਧਰੀ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾ ਕੇ ਇਤਿਹਾਸ ਰਚ ਦਿੱਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਤਰਵਿੰਦਰ ਕੌਰ ਨੇ ਕਿਹਾ ਕਿ ‘ਸਾਡੇ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਆਪਣੀ ਅਣਥੱਕ ਮਿਹਨਤ ਅਤੇ ਲਗਨ ਸਦਕਾ ਪੂਰੇ ਪੰਜਾਬ ਵਿੱਚ ਸੰਗਰੂਰ ਦਾ ਮਾਣ ਵਧਾਇਆ ਹੈ। 19 ਮੈਰਿਟਾਂ ਹਾਸਲ ਕਰਨਾ ਕੋਈ ਛੋਟੀ ਗੱਲ ਨਹੀਂ ਹੈ, ਇਹ ਸਾਡੇ ਅਧਿਆਪਕਾਂ ਦੁਆਰਾ ਸਕੂਲਾਂ ਵਿੱਚ ਕਰਵਾਈ ਜਾ ਰਹੀ ਗੁਣਵੱਤਾ ਭਰਪੂਰ ਸਿੱਖਿਆ ਅਤੇ ਮਾਪਿਆਂ ਦੇ ਸਹਿਯੋਗ ਦਾ ਪ੍ਰਤੱਖ ਪ੍ਰਮਾਣ ਹੈ। ਉਹ ਇਨ੍ਹਾਂ ਬੱਚਿਆਂ ਦੇ ਜਜ਼ਬੇ ਨੂੰ ਸਲਾਮ ਕਰਦੇ ਹਨ ਅਤੇ ਉਮੀਦ ਕਰਦੀ ਹੈ ਕਿ ਉਹ ਅੱਗੇ ਵੀ ਇਸੇ ਤਰ੍ਹਾਂ ਸਖ਼ਤ ਮਿਹਨਤ ਕਰਕੇ ਦੇਸ਼ ਦਾ ਨਾਂ ਰੋਸ਼ਨ ਕਰਨਗੇ। ਦੂਜੇ ਪਾਸੇ ਡਿਪਟੀ ਡੀਈਓ (ਸੈਕੰਡਰੀ) ਮਨਜੀਤ ਕੌਰ ਨੇ ਕਿਹਾ, ਅੱਜ ਦਾ ਦਿਨ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲਾ ਹੈ ਕਿਉਂਕਿ ਇਨ੍ਹਾਂ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਨਿਸ਼ਾਨਾ ਸਪੱਸ਼ਟ ਹੋਵੇ ਅਤੇ ਹੌਸਲਾ ਬੁਲੰਦ ਹੋਵੇ, ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਹੁੰਦੀ। ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੇ ਮਿਲ ਕੇ ਸੰਗਰੂਰ ਨੂੰ ਸਿੱਖਿਆ ਦੇ ਨਕਸ਼ੇ ਤੇ ਮੋਹਰੀ ਬਣਾਇਆ ਹੈ। ਉਹ ਸਮੂਹ ਮੈਰਿਟ ਹੋਲਡਰਾਂ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੀ ਮਿਹਨਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਣ ਅਤੇ ਆਪਣੀ ਸਫਲਤਾ ਨਾਲ ਦੂਜੇ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣਨ। ਇਨ੍ਹਾਂ ਮੈਰਿਟ ਹੋਲਡਰਾਂ ਵਿੱਚ ਰਮਨ ਕੌਰ ਨੇ 98.15 ਫੀਸਦੀ ਅੰਕਾਂ ਨਾਲ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਸੂਚੀ ਵਿੱਚ ਸ਼ਾਮਲ ਹੋਣ ਵਾਲੇ ਹੋਰਨਾਂ ਵਿਦਿਆਰਥੀਆਂ ਵਿੱਚ ਹਰਮਨ ਥਾਪਾ 97.85 ਫੀਸਦੀ, ਪ੍ਰਭਜਿੰਦਰ ਸਿੰਘ 97.54 ਫੀਸਦੀ, ਅਸ਼ਮੀਤ ਕੌਰ 97.23 ਫੀਸਦੀ, ਜਸਨਦੀਪ ਕੌਰ 97.08 ਫੀਸਦੀ ਹਰਲੀਨ ਕੌਰ 96.92 ਫੀਸਦੀ ਜਸਮਨਪ੍ਰੀਤ ਕੌਰ 96.77 ਫੀਸਦੀ, ਹਰਮਨ ਕੌਰ 96.77 ਫੀਸਦੀਗਵ ਨੀਤ ਕੌਰ 96.46 ਫੀਸਦੀ ਹਰਸਰੀਤ ਕੌਰ 96.46 ਫੀਸਦੀ ਯਿਕਾਂਸ਼ੀ ਵਰਮਾ 96.31 ਫੀਸਦੀ ਹਰਮਨ ਥਾਪਾ 96.31 ਫੀਸਦੀ, ਰਮਨਦੀਪ ਕੌਰ 96.15 ਫੀਸਦੀ ਜਾਨਪੁਰ 96 ਫੀਸਦੀ ਹਰਨੀਤ ਕੌਰ 96 ਫੀਸਦੀ, ਸਦੀਪ ਕੌਰ 96 ਫੀਸਦੀ ਕਨੂਹਾ 96.46 ਫੀਸਦੀ ਜਸਪ੍ਰੀਤ ਕੌਰ 96.46 ਫੀਸਦੀ ਅਤੇ ਸੁਖਮਨ ਕੌਰ 96 ਫੀਸਦੀ ਦੇ ਨਾਮ ਸ਼ਾਮਲ ਹਨ। ਇਨ੍ਹਾਂ ਵਿਦਿਆਰਥੀਆਂ ਦੀ ਇਸ ਮਾਣਮੱਤੀ ਕਾਮਯਾਬੀ ਨਾਲ ਪੂਰੇ ਜ਼ਿਲ੍ਹੇ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਪ੍ਰਵੀਨ ਕੁਮਾਰ ਸਿੰਗਲਾ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਵੀ ਮੌਜੂਦ ਸਨ।