ਖੇਡ ਮੈਦਾਨ ’ਚ ਵਿਦਿਆਰਥੀਆਂ ਨੇ ਦਿਖਾਇਆ ਦਮ-ਖ਼ਮ
ਐੱਸਐੱਸਡੀ ਕਾਲਜ ਬਰਨਾ ਜਾਗਰਣ ਫੋਟੋ ਗੈਲਰੀ
Publish Date: Sat, 21 Feb 2026 05:33 PM (IST)
Updated Date: Sun, 22 Feb 2026 04:07 AM (IST)

---ਖੇਡਾਂ ਜੀਵਨ ’ਚ ਅਨੁਸ਼ਾਸਨ ਤੇ ਜਜ਼ਬਾ ਪੈਦਾ ਕਰਦੀਆਂ ਹਨ: ਡੀਸੀ ਹਰਪ੍ਰੀਤ ਸਿੰਘ ---ਡੀਸੀ ਹਰਪ੍ਰੀਤ ਸਿੰਘ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ, ਨੈਸ਼ਨਲ ਪੱਧਰ ਦੇ ਜੇਤੂ ਖਿਡਾਰੀਆਂ ਦਾ ਕੀਤਾ ਵਿਸ਼ੇਸ਼ ਸਨਮਾਨ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਇਲਾਕੇ ਦੀ ਮੋਹਰੀ ਵਿੱਦਿਅਕ ਸੰਸਥਾ ਐੱਸਐੱਸਡੀ ਕਾਲਜ ਬਰਨਾਲਾ ਵਿਖੇ ਵਿਦਿਆਰਥੀਆਂ ਦੀਆਂ ਖੇਡ ਭਾਵਨਾਵਾਂ ਨੂੰ ਉਤਸ਼ਾਹਿਤ ਕਰਨ ਤੇ ਸਰੀਰਕ ਤੰਦਰੁਸਤੀ ਦਾ ਸੁਨੇਹਾ ਦੇਣ ਲਈ 18ਵੀਂ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ। ਇਸ ਖੇਡ ਕੁੰਭ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ ਡੀਸੀ ਹਰਪ੍ਰੀਤ ਸਿੰਘ ਆਈਏਐੱਸ ਨੇ ਰੰਗ-ਬਿਰੰਗੇ ਗੁਬਾਰੇ ਛੱਡ ਕੇ ਖੇਡਾਂ ਦੀ ਰਸਮੀ ਸ਼ੁਰੂਆਤ ਕਰਵਾਈ। ਸਮਾਗਮ ’ਚ ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ, ਪ੍ਰਸਿੱਧ ਸਮਾਜ ਸੇਵੀ ਸੱਤਪਾਲ ਮੌੜ ਤਪਾ ਮੰਡੀ, ਰੁਪਿੰਦਰ ਰੂਪੀ ਤੇ ਭੁਪਿੰਦਰ ਬਰਨਾਲਾ, ਐੱਸਡੀ ਸਭਾ ਦੇ ਪ੍ਰਧਾਨ ਡਾ. ਭੀਮ ਸੈਨ ਗਰਗ, ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਜੈ ਭਦੌੜੀਆ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਡੀਸੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਖੇਡਾਂ ਕੇਵਲ ਮੈਦਾਨ ਤੱਕ ਸੀਮਤ ਨਹੀਂ ਹੁੰਦੀਆਂ, ਸਗੋਂ ਇਹ ਮਨੁੱਖੀ ਜੀਵਨ ’ਚ ਅਨੁਸ਼ਾਸਨ, ਟੀਮ ਵਰਕ ਤੇ ਮੁਸੀਬਤਾਂ ਨਾਲ ਲੜਨ ਦਾ ਜਜ਼ਬਾ ਪੈਦਾ ਕਰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਖੇਡਾਂ ਤੇ ਪੜ੍ਹਾਈ ਦੇ ਖੇਤਰ ’ਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਾਲਜ ਦੇ ਖੇਡ ਢਾਂਚੇ ਤੇ ਅਨੁਸ਼ਾਸਨ ਦੀ ਵੀ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਪ੍ਰਸਿੱਧ ਸਮਾਜ ਸੇਵੀ ਸੱਤਪਾਲ ਮੌੜ ਤਪਾ ਮੰਡੀ ਨੇ ਨੈਸ਼ਨਲ ਜੇਤੂ ਖਿਡਾਰੀਆਂ ਨੂੰ 1100-1100 ਰੁਪਏ ਦੀ ਨਕਦ ਰਾਸ਼ੀ ਦੇ ਕੇ ਹੌਸਲਾ ਅਫਜਾਈ ਕੀਤੀ। ਸਮਾਗਮ ਦੇ ਅਖੀਰ ’ਚ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੁਨੀਤਇੰਦਰ ਸਿੰਘ, ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਤੇ ਸੀਨੀਅਰ ਐਡਵੋਕੇਟ ਕੁਲਵੰਤ ਰਾਏ ਗੋਇਲ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਨਿਭਾਈ। ਇਸ ਮੌਕੇ ਮਹੇਸ਼ ਕੁਮਾਰ, ਜਤਿੰਦਰ ਗੋਇਲ ਪ੍ਰਵੀਨ ਸਿੰਗਲਾ, ਕ੍ਰਿਸ਼ਨ ਚੰਦ, ਵਿਵੇਕ ਸਿੰਧਵਾਨੀ, ਨਰਿੰਦਰ ਚੋਪੜਾ, ਜਤਿੰਦਰ ਜਿੰਮੀ, ਲੋਕੇਸ਼ ਗੋਇਲ, ਸੁਰਿੰਦਰ ਮਿੱਤਲ, ਸੁਖਦਰਸ਼ਨ ਸਦਿਉੜਾ, ਸਨਾਤਨ ਆਚਾਰੀਆ ਰਾਕੇਸ਼ ਗੌੜ, ਅਰੁਣ ਕੁਮਾਰ, ਬਿੰਦਰ ਸਿੰਘ ਲੌਂਗੋਵਾਲ, ਹਰਿੰਦਰ ਨਿੱਕਾ, ਗੁਰਪ੍ਰੀਤ ਲਾਡੀ, ਸੁਰਿੰਦਰ ਗੋਇਲ, ਮਹਿਮੂਦ ਮਨਸੂਰੀ, ਹੈਪੀ, ਜਗਸੀਰ ਸੰਧੂ ਤੇ ਚੇਤਨ ਸ਼ਰਮਾ ਨੂੰ ਟੋਕਨ ਆਫ ਲਵ ਨਾਲ ਸਨਮਾਨਿਤ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। :ਬਾਕਸ ਨਿਊਜ: ---ਸਿੱਖਿਆ ਦੇ ਨਾਲ-ਨਾਲ ਸਰਵਪੱਖੀ ਵਿਕਾਸ ਸਾਡਾ ਟੀਚਾ : ਚੇਅਰਮੈਨ ਡਾ. ਪਿਨਾਂਕ ਐੱਸਡੀ ਸਭਾ ਦੇ ਚੇਅਰਮੈਨ ਡਾ. ਪਿਨਾਂਕ ਮੋਦਗਿੱਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕੇਵਲ ਡਿਗਰੀਆਂ ਦੇਣਾ ਨਹੀਂ। ਸਗੋਂ ਉਨ੍ਹਾਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ ਕਿ ਅਥਲੈਟਿਕ ਮੀਟ ਵਰਗੇ ਸਮਾਗਮ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨ ਦਾ ਇਕ ਵੱਡਾ ਮੰਚ ਹਨ। ਡਾ. ਮੋਦਗਿੱਲ ਨੇ ਵਿਸ਼ਵਾਸ ਦਿਵਾਇਆ ਕਿ ਕਾਲਜ ਆਉਣ ਵਾਲੇ ਸਮੇਂ ’ਚ ਵੀ ਖਿਡਾਰੀਆਂ ਨੂੰ ਹਰ ਸੰਭਵ ਸਹੂਲਤ ਤੇ ਆਧੁਨਿਕ ਖੇਡ ਸਾਜ਼ੋ-ਸਾਮਾਨ ਮੁਹੱਈਆ ਕਰਵਾਉਂਦਾ ਰਹੇਗਾ। :ਬਾਕਸ ਨਿਊਜ: ---ਖੇਡਾਂ ਹੀ ਨੌਜਵਾਨੀ ਨੂੰ ਸਹੀ ਦਿਸ਼ਾ ਦੇ ਸਕਦੀਆਂ ਹਨ : ਸ਼ਿਵ ਸਿੰਗਲਾ ਸੰਸਥਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਅੱਜ ਦੇ ਦੌਰ ’ਚ ਜਿੱਥੇ ਨੌਜਵਾਨ ਪੀੜ੍ਹੀ ਮੋਬਾਈਲ ਤੇ ਹੋਰ ਗਤੀਵਿਧੀਆਂ ’ਚ ਉਲਝੀ ਹੋਈ ਹੈ, ਉੱਥੇ ਖੇਡ ਮੈਦਾਨ ਦੀਆਂ ਸਰਗਰਮੀਆਂ ਉਨ੍ਹਾਂ ਨੂੰ ਮਾਨਸਿਕ ਤੇ ਸਰੀਰਕ ਤੌਰ ’ਤੇ ਮਜ਼ਬੂਤ ਬਣਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਜਨਰਲ ਸਕੱਤਰ ਵਜੋਂ ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਕਾਲਜ ’ਚ ਅਕਾਦਮਿਕਤਾ ਤੇ ਖੇਡਾਂ ਦੇ ਵਿਚਕਾਰ ਇਕ ਸ਼ਾਨਦਾਰ ਸੰਤੁਲਨ ਬਣਾ ਕੇ ਰੱਖਿਆ ਜਾਵੇ ਤਾਂ ਜੋ ਐੱਸਐੱਸਡੀ ਕਾਲਜ ਦੇ ਵਿਦਿਆਰਥੀ ਹਰ ਖੇਤਰ ’ਚ ਮੋਹਰੀ ਰਹਿਣ। :ਬਾਕਸ ਨਿਊਜ: ---ਨੈਤਿਕ ਕਦਰਾਂ-ਕੀਮਤਾਂ ਤੇ ਅਨੁਸ਼ਾਸਨ ਦਾ ਪਾਠ ਪੜ੍ਹਾਉਂਦੀਆਂ ਹਨ ਖੇਡਾਂ : ਪ੍ਰਧਾਨ ਡਾ. ਭੀਮ ਸੈਨ ਐੱਸਡੀ ਸਭਾ ਦੇ ਪ੍ਰਧਾਨ ਡਾ. ਭੀਮ ਸੈਨ ਗਰਗ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਕੇਵਲ ਜਿੱਤਣ ਜਾਂ ਹਾਰਨ ਦਾ ਨਾਮ ਨਹੀਂ ਹਨ। ਸਗੋਂ ਇਹ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਤੇ ਜੀਵਨ ’ਚ ਅਨੁਸ਼ਾਸਨ ਨਾਲ ਚੱਲਣ ਦਾ ਪਾਠ ਪੜ੍ਹਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਐੱਸਐੱਸਡੀ ਕਾਲਜ ਦਾ ਹਮੇਸ਼ਾ ਇਹ ਯਤਨ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਅਜਿਹਾ ਮਾਹੌਲ ਪ੍ਰਦਾਨ ਕੀਤਾ ਜਾਵੇ। ਜਿੱਥੇ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਸਕਣ। ਡਾ. ਗਰਗ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅੱਜ ਦੇ ਦੌਰ ’ਚ ਖੇਡਾਂ ’ਚ ਵੀ ਸੁਨਹਿਰੀ ਭਵਿੱਖ ਤੇ ਕਰੀਅਰ ਦੇ ਵੱਡੇ ਮੌਕੇ ਮੌਜੂਦ ਹਨ। ਬੱਸ ਲੋੜ ਹੈ ਸਹੀ ਦਿਸ਼ਾ ’ਚ ਸਖ਼ਤ ਮਿਹਨਤ ਕਰਨ ਦੀ। :ਬਾਕਸ ਨਿਊਜ: ---ਨੈਸ਼ਨਲ ਪੱਧਰ ਦੇ ਚੈਂਪੀਅਨਾਂ ਦਾ ਹੋਇਆ ਸ਼ਾਹੀ ਸਨਮਾਨ ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਕਾਲਜ ਦੇ ਹੋਣਹਾਰ ਖਿਡਾਰੀ ਕਿੱਕ ਬਾਕਸਿੰਗ ’ਚ ਸੀਨੀਅਰ ਨੈਸ਼ਨਲ ਗੋਲਡ ਮੈਡਲਿਸਟ ਅਕਾਸ਼ਦੀਪ ਸਿੰਘ, ਨੈੱਟਬਾਲ ਸੀਨੀਅਰ ਨੈਸ਼ਨਲ ਗੋਲਡ ਮੈਡਲਿਸਟ ’ਚ ਸੋਨੂੰ, ਅਰਸ਼ਦੀਪ ਸਿੰਘ ਜਵੰਧਾ, ਹਰਜਿੰਦਰਜੀਤ ਤੇ ਗੁਰਜਿੰਦਰਜੀਤ, ਕਿੱਕ ਬਾਕਸਿੰਗ ਨੈਸ਼ਨਲ ਗੋਲਡ ਮੈਡਲਿਸਟ ’ਚ ਪੂਜਾ ਰਾਣੀ, ਬਾਕਸਿੰਗ ਇੰਟਰ ਕਾਲਜ ਗੋਲਡ ਮੈਡਲਿਸਟ ਤੇ ਸੀਨੀਅਰ ਸਟੇਟ ਬਾਕਸਿੰਗ ਸਿਲਵਰ ਗੋਲਡਲਿਸਟ ’ਚ ਅਜੈ ਕੁਮਾਰ ਤੇ ਇੰਦਰਵੀਰ ਸਿੰਘ ਬਰਾੜ, ਨੈਸ਼ਨਲ ਨੈੱਟਬਾਲ ’ਚ ਜੈਸਲੀਨ ਕੌਰ ਨੂੰ ਸਨਮਾਨ ਚਿੰਨ ਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। :ਬਾਕਸ ਨਿਊਜ: ---ਨਵਪ੍ਰੀਤ ਸਿੰਘ ਤੇ ਪੂਜਾ ਰਾਣੀ ਬਣੇ ਬੈਸਟ ਐਥਲੀਟ ਖੇਡ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ 100, 200, 400, 800 ਤੇ 1500 ਮੀਟਰ ਦੌੜਾਂ ’ਚ ਆਪਣੀ ਰਫ਼ਤਾਰ ਦਾ ਲੋਹਾ ਮਨਵਾਇਆ। ਲੜਕਿਆਂ ’ਚੋਂ ਨਵਪ੍ਰੀਤ ਸਿੰਘ ਨੇ ਪਹਿਲਾ ਤੇ ਚਰਨਜੀਤ ਸਿੰਘ ਨੇ ਦੂਜਾ ਸਥਾਨ ਹਾਸਲ ਕਰਕੇ ਬੈਸਟ ਅਥਲੀਟ ਦਾ ਖ਼ਿਤਾਬ ਜਿੱਤਿਆ। ਲੜਕੀਆਂ ’ਚੋਂ ਪੂਜਾ ਰਾਣੀ ਨੇ ਪਹਿਲਾ ਤੇ ਪ੍ਰਭਜੋਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਰਿਲੇਅ ਰੇਸ, ਲੌਂਗ ਜੰਪ, ਸ਼ਾਟ ਪੁੱਟ (ਗੋਲਾ ਸੁੱਟਣਾ) ਤੇ ਰੱਸਾਕੱਸੀ ਦੇ ਮੁਕਾਬਲੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਹੇ। :ਬਾਕਸ ਨਿਊਜ: ---ਖਿਡਾਰੀਆਂ ਨੂੰ ਹਰ ਸੰਭਵ ਸਹਿਯੋਗ ਦੇਵੇਗਾ ਖੇਡ ਵਿਭਾਗ : ਡੀਐੱਸਓ ਉਮੇਸ਼ਵਰੀ ਸ਼ਰਮਾ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ ਨੇ ਵਿਦਿਆਰਥੀਆਂ ਦੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਾਲਜ ਦੇ ਖਿਡਾਰੀਆਂ ’ਚ ਬਹੁਤ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਐੱਸਐੱਸਡੀ ਕਾਲਜ ਵਰਗੀਆਂ ਸੰਸਥਾਵਾਂ ਜਦੋਂ ਅਜਿਹੇ ਪੱਧਰ ਦੇ ਮੁਕਾਬਲੇ ਕਰਵਾਉਂਦੀਆਂ ਹਨ ਤਾਂ ਉੱਥੋਂ ਹੀ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਹੁੰਦੇ ਹਨ। ਉਮੇਸ਼ਵਰੀ ਸ਼ਰਮਾ ਨੇ ਵਿਸ਼ਵਾਸ ਦਿਵਾਇਆ ਕਿ ਖੇਡ ਵਿਭਾਗ ਹਮੇਸ਼ਾ ਹੋਣਹਾਰ ਖਿਡਾਰੀਆਂ ਦੀ ਬਾਂਹ ਫੜਨ ਲਈ ਤਿਆਰ ਹੈ ਤੇ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੇ ਕੋਚਿੰਗ ਨੂੰ ਹਰ ਜ਼ਰੂਰਤਮੰਦ ਖਿਡਾਰੀ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਉਹ ਓਲੰਪਿਕ ਵਰਗੇ ਮੰਚਾਂ ’ਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ। ---ਸਿੱਖਿਆ ਤੇ ਖੇਡਾਂ ਇੱਕੋ ਸਿੱਕੇ ਦੇ ਦੋ ਪਹਿਲੂ : ਡੀਈਓ ਸੁਨੀਤਇੰਦਰ ਸਿੰਘ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੁਨੀਤਇੰਦਰ ਸਿੰਘ ਨੇ ਕਿਹਾ ਕਿ ਅਕਾਦਮਿਕ ਸਿੱਖਿਆ ਤੇ ਖੇਡਾਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਉਨ੍ਹਾਂ ਕਿਹਾ ਕਿ ਕਿਤਾਬੀ ਗਿਆਨ ਸਾਨੂੰ ਮਾਨਸਿਕ ਤੌਰ ’ਤੇ ਪ੍ਰਪੱਕ ਕਰਦਾ ਹੈ, ਜਦਕਿ ਖੇਡ ਮੈਦਾਨ ਸਾਨੂੰ ਸਰੀਰਕ ਤੌਰ ’ਤੇ ਮਜ਼ਬੂਤ ਤੇ ਸਮਾਜਿਕ ਤੌਰ ’ਤੇ ਮਿਲਣਸਾਰ ਬਣਾਉਂਦੇ ਹਨ। ਉਨ੍ਹਾਂ ਅਧਿਆਪਕਾਂ ਤੇ ਕੋਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖਿਡਾਰੀਆਂ ਨੂੰ ਸਨਮਾਨਿਤ ਕਰਨਾ ਕੇਵਲ ਇੱਕ ਰਸਮ ਨਹੀਂ। ਸਗੋਂ ਇਹ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਬਣਦਾ ਹੈ। ਉਨ੍ਹਾਂ ਕਾਲਜ ਪ੍ਰਬੰਧਕਾਂ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਵੀ ਪਹਿਲ ਦੇ ਰਹੇ ਹਨ।