ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਲਾਰਿਆਂ ਤੋਂ ਤੰਗ ਆ ਕੇ ਪੰਜਾਬ ਭਰ ਤੋਂ ਆਏ 180 ਈ. ਟੀ. ਟੀ. ਰੈਗੂਲਰ ਅਧਿਆਪਕਾਂ ਨੇ ਦਿੜ੍ਹਬਾ ਸ਼ਹਿਰ ਵਿੱਚ ਇਕੱਠੇ ਹੋ ਕੇ ਹਲਕੇ ਦੇ 25 ਪਿੰਡਾਂ ਵਿੱਚ ਹਰਪਾਲ ਚੀਮਾ ਦਾ ਭੰਡੀ ਪ੍ਰਚਾਰ ਪ੍ਰੋਗਰਾਮ ਸ਼ੁਰੂ ਕੀਤਾ। ਸੂਲਰ ਘਰਾਟ ਵਿਖੇ ਪੁੱਜਣ ਤੇ ਕੁੱਝ ਅਧਿਆਪਕ ਸਾਥੀ ਸੰਗਰੂਰ ਪਾਤੜਾ ਰੋਡ ’ਤੇ ਬਣੀ ਟੈਂਕੀ ਉੱਪਰ ਚੜ੍ਹ ਗਏ।

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਲਾਰਿਆਂ ਤੋਂ ਤੰਗ ਆ ਕੇ ਪੰਜਾਬ ਭਰ ਤੋਂ ਆਏ 180 ਈ. ਟੀ. ਟੀ. ਰੈਗੂਲਰ ਅਧਿਆਪਕਾਂ ਨੇ ਦਿੜ੍ਹਬਾ ਸ਼ਹਿਰ ਵਿੱਚ ਇਕੱਠੇ ਹੋ ਕੇ ਹਲਕੇ ਦੇ 25 ਪਿੰਡਾਂ ਵਿੱਚ ਹਰਪਾਲ ਚੀਮਾ ਦਾ ਭੰਡੀ ਪ੍ਰਚਾਰ ਪ੍ਰੋਗਰਾਮ ਸ਼ੁਰੂ ਕੀਤਾ। ਸੂਲਰ ਘਰਾਟ ਵਿਖੇ ਪੁੱਜਣ ਤੇ ਕੁੱਝ ਅਧਿਆਪਕ ਸਾਥੀ ਸੰਗਰੂਰ ਪਾਤੜਾ ਰੋਡ ’ਤੇ ਬਣੀ ਟੈਂਕੀ ਉੱਪਰ ਚੜ੍ਹ ਗਏ।
ਉਨ੍ਹਾਂ ਨੇ ਮਾਤਾਵਾਂ ਭੈਣਾਂ ਨੂੰ ਹਜ਼ਾਰ ਰੁਪਿਆ ਮਹੀਨਾ ਦੇਣ ਤੋਂ ਮੁਕਰਨ ਵਾਲੇ, ਕਿਸਾਨਾਂ ਨੂੰ ਪੰਜ ਮਿੰਟ ਵਿੱਚ ਐੱਮ. ਐੱਸ. ਪੀ. ਦੀ ਗਾਰੰਟੀ ਦੇ ਕੇ ਭੱਜਣ ਵਾਲੇ, ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਨਾ ਦੇਣ ਵਾਲੇ ਅਤੇ 180 ਈਟੀਟੀ ਅਧਿਆਪਕਾਂ ਨਾਲ ਵਾਧਾ ਕਰਕੇ ਮੁੱਕਰਨ ਵਾਲੇ ਹਰਪਾਲ ਚੀਮਾ ਮੁਰਦਾਬਾਦ ਦੇ ਪੈਂਫਲਿਟ ਮੋਬਾਈਲ ਟਾਵਰ ਤੋਂ ਪਿੰਡ ਵਿੱਚ ਸੁੱਟੇ।
ਇਸ ਤੋਂ ਬਾਅਦ ਇਹ 180 ਅਧਿਆਪਕ ਪਿੰਡ ਢੰਡੋਲੀ ਕਲਾਂ ਵਿੱਚ ਪਾਣੀ ਵਾਲੀ ਟੈਂਕੀ ਉੱਪਰ ਵੀ ਮਹਿਲਾ ਅਧਿਆਪਕਾਂ ਸਮੇਤ ਚੜ੍ਹ ਕੇ ਹਰਪਾਲ ਚੀਮਾ ਮੁਰਦਾਬਾਦ ਦੇ ਪੈਂਫਲਿਟ ਸੁੱਟਣ ਜਾ ਰਹੇ ਹਨ। ਅਧਿਆਪਕਾਂ ਵੱਲੋਂ ਦਿੜ੍ਹਬਾ ਹਲਕੇ ਦੇ 25 ਪਿੰਡਾਂ ਵਿੱਚ ਟੈਂਕੀਆਂ ਟਾਵਰਾਂ ਉੱਪਰ ਚੜ੍ਹ ਕੇ ਹਰਪਾਲ ਚੀਮਾ ਦੇ ਲਾਰਿਆਂ ਦੀ ਪੋਲ ਖੋਲਣ ਦਾ ਰੂਟ ਪਲਾਨ ਬਣਾ ਕੇ ਲੜੀ ਦਰ ਲੜੀ ਹਰਪਾਲ ਚੀਮਾ ਦਾ ਭੰਡੀ ਪ੍ਰਚਾਰ ਕੀਤਾ ਗਿਆ।
ਸੂਬਾ ਪ੍ਰਧਾਨ ਕਮਲ ਠਾਕੁਰ ਨੇ ਦੱਸਿਆ ਕਿ ਹਰਪਾਲ ਸਿੰਘ ਚੀਮਾ ਲਗਾਤਾਰ ਕਈ ਮਹੀਨਿਆਂ ਤੋਂ ਹਰ 15 ਦਿਨ ਬਾਅਦ ਸਾਡਾ ਮਸਲਾ ਹੱਲ ਕਰਨ ਲਈ ਸਾਨੂੰ ਬੁਲਾ ਕੇ ਪੱਤਰ ਜਾਰੀ ਕਰਨ ਦੀ ਗੱਲ ਕਰਦੇ ਹਨ ਪਰ ਮੌਕੇ ’ਤੇ ਟਾਲ ਮਟੋਲ ਕਰਦਿਆਂ ਅੱਗੇ ਪਾ ਦਿੰਦੇ ਹਨ। ਸੋ ਅਸੀਂ ਇਹਨਾਂ ਲਾਰਿਆਂ ਤੋਂ ਤੰਗ ਆ ਕੇ ਅੱਜ ਹਲਕੇ ਦੇ 25 ਪਿੰਡਾਂ ਵਿੱਚ ਉੱਚੀ ਥਾਂ ਟੈਂਕੀਆਂ ਟਾਵਰਾਂ ’ਤੇ ਚੜ ਕੇ ਆਪਣੇ ਪਰਿਵਾਰਾਂ ਸਮੇਤ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਹਾਂ।
ਜਰਨਲ ਸਕੱਤਰ ਸੋਹਨ ਸਿੰਘ ਬਰਨਾਲਾ ਨੇ ਦੱਸਿਆ ਕਿ ਹਰਪਾਲ ਸਿੰਘ ਚੀਮਾ ਵੱਲੋਂ ਬੀਤੀ 27 ਫਰਵਰੀ ਨੂੰ ਵੀ ਮਸਲਾ ਹੱਲ ਕਰਕੇ ਸਾਨੂੰ ਪੱਤਰ ਦੇਣ ਲਈ ਬੁਲਾਇਆ ਗਿਆ ਸੀ ਪਰ ਵਿੱਤ ਮੰਤਰੀ ਉਸ ਮੀਟਿੰਗ ਤੋਂ ਗੈਰ ਹਾਜ਼ਰ ਰਹੇ। ਸੂਬਾ ਖਜਾਨਚੀ ਗੁਰਮੁਖ ਸਿੰਘ ਪਟਿਆਲਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ 25 ਪਿੰਡਾਂ ਵਾਲਾ ਸੰਘਰਸ਼ ਮਸਲਾ ਹੱਲ ਹੋਣ ਤੱਕ ਜਾਰੀ ਰਹੇਗਾ ।
ਇਸ ਸਮੇਂ ਜ਼ਿਲ੍ਹਾ ਆਗੂਆਂ ਵਿੱਚੋਂ ਗੁਰਪ੍ਰੀਤ ਸਿੰਘ ਸਿੱਧੂ ਅਜੈਬ ਸਿੰਘ ਟਾਂਡੀਆਂ, ਗੁਰਮੁਖ ਸਿੰਘ ਸਿਰਸਾ, ਗੌਰਵ ਕਾਂਤ, ਭਾਲੇਸ਼ ਸ਼ਰਮਾ,ਪਰਸ਼ੋਤਮ, ਹਰਪ੍ਰੀਤ ਸਿੰਘ ਭੁੱਲਰਹੇੜੀ, ਮਨਦੀਪ ਸਿੱਧੂ ਸਮੇਤ ਸਮੂਹ 180 ਈਟੀਟੀ ਅਧਿਆਪਕ ਪਰਿਵਾਰਾਂ ਸਮੇਤ ਹਾਜ਼ਰ ਰਹੇ।