ਅਪਲਸਾੜਾ ਡਰੇਨ ਓਵਰਫਲੋ, ਠੁੱਲੀਵਾਲ ਦੇ ਕਿਸਾਨਾਂ ਦੀ 100 ਏਕੜ ਫ਼ਸਲ ਪ੍ਰਭਾਵਿਤ
ਅਪਲਸਾੜਾ ਡਰੇਨ ਓਵਰਫਲੋ ਕਾਰਨ ਠੁੱਲੀਵਾਲ ਦੇ ਕਿਸਾਨਾਂ ਦੀ 100 ਏਕੜ ਫ਼ਸਲ ਪ੍ਰਭਾਵਿਤ
Publish Date: Wed, 03 Sep 2025 03:28 PM (IST)
Updated Date: Thu, 04 Sep 2025 04:01 AM (IST)

* ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੀਤੀ ਮੁਆਵਜ਼ੇ ਦੀ ਮੰਗ ਕੈਪਸ਼ਨ: ਪਿੰਡ ਠੁੱਲੀਵਾਲ ਵਿਖੇ ਨਾਅਰੇਬਾਜੀ ਕਰਦੇ ਕਿਸਾਨ। ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ ਮਹਿਲ ਕਲਾਂ : ਮਲੇਰਕੋਟਲਾ ਤੋਂ ਆਉਂਦੀ ਤੇ ਪਿੰਡ ਠੁੱਲੀਵਾਲ ਤੇ ਹਮੀਦੀ ਵਿਚਕਾਰ ਲੰਘਦੀ ਅਪਲਸਾੜਾ ਡਰੇਨ ਦੇ ਓਵਰਫਲੋਅ ਹੋਣ ਕਾਰਨ ਇਲਾਕੇ ਦੇ ਕਿਸਾਨਾਂ ਲਈ ਗੰਭੀਰ ਚਿੰਤਾ ਦੀ ਸਥਿਤੀ ਬਣੀ ਹੋਈ ਹੈ। ਡਰੇਨ ਦਾ ਪਾਣੀ ਨੇੜਲੇ ਖੇਤਾਂ ’ਚ ਦਾਖ਼ਲ ਹੋ ਕੇ ਝੋਨਾ, ਹਰਾ ਚਾਰਾ ਅਤੇ ਹੋਰ ਫਸਲਾਂ ਨੂੰ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰ ਰਿਹਾ ਹੈ। ਇਸ ਕਾਰਨ ਪਿੰਡ ਠੁੱਲੀਵਾਲ ਦੀ ਲਗਭਗ 100 ਏਕੜ ਖੇਤੀਬਾੜੀ ਜ਼ਮੀਨ ਨੁਕਸਾਨ ਦੇ ਖਤਰੇ ਹੇਠ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਇਕਾਈ ਵੱਲੋਂ ਪ੍ਰਧਾਨ ਮੇਵਾ ਸਿੰਘ ਭੱਟੀ ਦੀ ਅਗਵਾਈ ਹੇਠ ਕਿਸਾਨਾਂ ਨੇ ਪਿੰਡ ਠੁੱਲੀਵਾਲ ’ਚ ਗੁੰਮਟੀ ਵਾਲੀ ਲਿੰਕ ਸੜਕ ‘ਤੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਮੰਗ ਕੀਤੀ ਕਿ ਫਸਲਾਂ ਦੇ ਹੋਏ ਨੁਕਸਾਨ ਦੀਆਂ ਤੁਰੰਤ ਗਿਰਦਵਾਰੀਆਂ ਕਰਵਾਈਆਂ ਜਾਣ ਤੇ ਮੁਆਵਜ਼ਾ ਦਿੱਤਾ ਜਾਵੇ। ਕਿਸਾਨ ਆਗੂਆਂ ਨੇ ਦੱਸਿਆ ਕਿ ਡਰੇਨ ਦੇ ਓਵਰਫਲੋ ਕਾਰਨ ਕਈਆਂ ਕਿਸਾਨਾਂ ਦੀਆਂ ਫਸਲਾਂ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ ਵਿਚੋਂ ਮੇਵਾ ਸਿੰਘ ਭੱਟੀ ਦੀ 5 ਏਕੜ, ਗਿਆਨ ਸਿੰਘ ਦੀ 7 ਏਕੜ, ਰਾਜ ਸਿੰਘ ਦੀ 9 ਏਕੜ, ਗੁਰਮੇਲ ਸਿੰਘ ਦੀ 10 ਏਕੜ, ਸੁਰਜੀਤ ਸਿੰਘ ਕਲੇਰ ਦੀ 3 ਏਕੜ, ਪਿਆਰਾ ਸਿੰਘ ਦੀ 12 ਏਕੜ (ਵੱਖ-ਵੱਖ ਖੇਤਰਾਂ ਸਮੇਤ), ਮੱਖਣ ਸਿੰਘ ਦੀ 7 ਏਕੜ, ਨਿਰਮਲ ਸਿੰਘ ਦੀ 3 ਏਕੜ, ਰੂਪ ਸਿੰਘ ਦੀ 4 ਏਕੜ, ਰਣਜੀਤ ਸਿੰਘ ਦੀ 1 ਏਕੜ, ਹਰਬੰਸ ਸਿੰਘ ਦੀ 3 ਏਕੜ, ਗੁਰਚਰਨ ਸਿੰਘ ਦੀ 3 ਏਕੜ, ਬਲਵੀਰ ਸਿੰਘ ਦੀ 5 ਏਕੜ, ਮੱਘਰ ਸਿੰਘ ਦੀ 2 ਏਕੜ, ਦੇਵ ਸਿੰਘ ਦੀ 4 ਏਕੜ, ਹਰਜਿੰਦਰ ਸਿੰਘ ਦੀ 7 ਏਕੜ, ਜਸਵਿੰਦਰ ਸਿੰਘ ਦੀ 8 ਏਕੜ ਸਮੇਤ ਹੋਰ ਕਿਸਾਨਾਂ ਦੀ ਖੇਤੀ ਪਾਣੀ ’ਚ ਡੁੱਬ ਚੁੱਕੀ ਹੈ।ਉਹਨਾਂ ਕਿਹਾ ਕਿ ਲਗਾਤਾਰ ਬਰਸਾਤ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਰਹੀ ਹੈ ਅਤੇ ਜੇ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ। ਕਿਸਾਨ ਜਥੇਬੰਦੀ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪ੍ਰਭਾਵਿਤ ਖੇਤਰਾਂ ਦਾ ਤੁਰੰਤ ਸਰਵੇ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।