ਫਾਰਮਰ ਆਈਡੀ ਤੋਂ ਬਿਨਾਂ ਨਹੀਂ ਮਿਲੇਗਾ ਸਬਸਿਡੀ ਵਾਲੀਆਂ ਸਕੀਮਾਂ ਦਾ ਲਾਭ, ਰੂਪਨਗਰ ਦੇ 36 ਹਜ਼ਾਰ ਕਿਸਾਨਾਂ ’ਚੋਂ 9400 ਨੇ ਕਰਵਾਈ ਰਜਿਸਟ੍ਰੇਸ਼ਨ
ਹੁਣ ਯੂਰੀਆ ਅਤੇ ਡੀਏਪੀ ਵਰਗੀਆਂ ਖਾਦਾਂ ਦੀ ਵੰਡ ਵੀ ਰਕਬੇ ਦੇ ਆਧਾਰ ’ਤੇ ਹੋਵੇਗੀ। ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੈ ਕੁਮਾਰ ਨੇ ਦੱਸਿਆ ਕਿ ਫਾਰਮਰ ਆਈਡੀ ਤੋਂ ਬਿਨਾਂ ਕਿਸਾਨ ਸਨਮਾਨ ਨਿਧੀ ਯੋਜਨਾ, ਖੇਤੀਬਾੜੀ ਸੰਦਾਂ ’ਤੇ ਮਿਲਣ ਵਾਲੀ ਸਬਸਿਡੀ ਅਤੇ ਹੋਰ ਸਰਕਾਰੀ ਸਕੀਮਾਂ ਦਾ ਲਾਭ ਨਹੀਂ ਲੈ ਸਕਣਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਧਾਰ ਕਾਰਡ ਅਤੇ ਜ਼ਮੀਨ ਦੀ ਫਰਦ ਨਾਲ ਨਜ਼ਦੀਕੀ ਖੇਤੀਬਾੜੀ ਦਫ਼ਤਰ ਵਿੱਚ ਰਜਿਸਟ੍ਰੇਸ਼ਨ ਕਰਵਾਉਣ।
Publish Date: Thu, 11 Jun 2026 09:43 PM (IST)
Updated Date: Thu, 11 Jun 2026 09:44 PM (IST)
ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਚਲਾਈਆਂ ਜਾ ਰਹੀਆਂ ਸਬਸਿਡੀ ਵਾਲੀਆਂ ਸਕੀਮਾਂ ਦਾ ਲਾਭ ਹੁਣ ਸਿਰਫ਼ ਉਨ੍ਹਾਂ ਕਿਸਾਨਾਂ ਨੂੰ ਹੀ ਮਿਲੇਗਾ, ਜਿਨ੍ਹਾਂ ਨੇ ਫਾਰਮਰ ਆਈਡੀ ਬਣਵਾਈ ਹੋਵੇਗੀ। ਰੂਪਨਗਰ ਜ਼ਿਲ੍ਹੇ ਦੇ ਕਰੀਬ 36 ਹਜ਼ਾਰ ਕਿਸਾਨਾਂ ਵਿੱਚੋਂ ਹੁਣ ਤੱਕ 9400 ਕਿਸਾਨ ਫਾਰਮਰ ਆਈਡੀ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ।
ਖੇਤੀਬਾੜੀ ਵਿਭਾਗ ਅਨੁਸਾਰ ਫਾਰਮਰ ਆਈਡੀ ਨੂੰ ਕਿਸਾਨ ਦੇ ਆਧਾਰ ਕਾਰਡ ਅਤੇ ਜ਼ਮੀਨ ਦੀ ਫਰਦ ਨਾਲ ਜੋੜਿਆ ਜਾ ਰਿਹਾ ਹੈ। ਇਸ ਪ੍ਰਣਾਲੀ ਦਾ ਮਕਸਦ ਖਾਦਾਂ ਦੀ ਬੇਲੋੜੀ ਵਰਤੋਂ ਨੂੰ ਰੋਕਣਾ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦੇ ਰਕਬੇ ਅਨੁਸਾਰ ਖਾਦ ਮੁਹੱਈਆ ਕਰਵਾਉਣਾ ਹੈ। ਪਹਿਲਾਂ ਕਿਸਾਨ ਬਾਇਓਮੈਟ੍ਰਿਕ ਪ੍ਰਣਾਲੀ ਰਾਹੀਂ ਖਾਦ ਖਰੀਦਦੇ ਸਨ, ਪਰ ਉਸ ਵਿੱਚ ਜ਼ਮੀਨ ਦਾ ਵੇਰਵਾ ਸ਼ਾਮਲ ਨਹੀਂ ਹੁੰਦਾ ਸੀ।
ਹੁਣ ਯੂਰੀਆ ਅਤੇ ਡੀਏਪੀ ਵਰਗੀਆਂ ਖਾਦਾਂ ਦੀ ਵੰਡ ਵੀ ਰਕਬੇ ਦੇ ਆਧਾਰ ’ਤੇ ਹੋਵੇਗੀ। ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੈ ਕੁਮਾਰ ਨੇ ਦੱਸਿਆ ਕਿ ਫਾਰਮਰ ਆਈਡੀ ਤੋਂ ਬਿਨਾਂ ਕਿਸਾਨ ਸਨਮਾਨ ਨਿਧੀ ਯੋਜਨਾ, ਖੇਤੀਬਾੜੀ ਸੰਦਾਂ ’ਤੇ ਮਿਲਣ ਵਾਲੀ ਸਬਸਿਡੀ ਅਤੇ ਹੋਰ ਸਰਕਾਰੀ ਸਕੀਮਾਂ ਦਾ ਲਾਭ ਨਹੀਂ ਲੈ ਸਕਣਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਧਾਰ ਕਾਰਡ ਅਤੇ ਜ਼ਮੀਨ ਦੀ ਫਰਦ ਨਾਲ ਨਜ਼ਦੀਕੀ ਖੇਤੀਬਾੜੀ ਦਫ਼ਤਰ ਵਿੱਚ ਰਜਿਸਟ੍ਰੇਸ਼ਨ ਕਰਵਾਉਣ।
ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾ. ਜਗਮਨਜੋਤ ਸਿੰਘ ਨੇ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਦੀ ਜਾਂਚ ਕਰਵਾ ਕੇ ਹੀ ਖਾਦਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਿਫ਼ਾਰਸ਼ਾਂ ਅਨੁਸਾਰ ਖਾਦ ਦੀ ਵਰਤੋਂ ਨਾਲ ਖਰਚਾ ਘਟੇਗਾ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਬਣੀ ਰਹੇਗੀ।