ਨਵੀਂ ਦਿੱਲੀ ਦੀ ਗਠਿਤ ਜਾਂਚ ਟੀਮ ਨੇ ਕੀਤੀ ਚੈਕਿੰਗ
ਐਨ.ਜੀ.ਟੀ ਨਵੀ ਦਿੱਲੀ ਦੀ ਗਠਿਤ ਵਿਸ਼ੇਸ਼ ਜਾਂਚ ਟੀਮ ਨੇ ਬਰਨਾਲਾ ਵਿਖੇ ਕੀਤੀ ਚੈਕਿੰਗ
Publish Date: Thu, 30 Apr 2026 08:17 PM (IST)
Updated Date: Fri, 01 May 2026 04:17 AM (IST)

ਚੈਕਿੰਗ ਦੋਰਾਨ ਟੀਮ ਨੂੰ ਪੁੱਟੇ ਗਏ ਰੁੱਖਾਂ ਦੇ ਮਿਲੇ ਅਹਿਮ ਸਬੂਤ, ਪ੍ਰਤੱਖ ਗਵਾਹ ਤੇ ਝੁਗੀਆਂ ਵਾਲਿਆਂ ਦੇ ਟੀਮ ਨੇ ਲਿਖੇ ਬਿਆਨ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਵਲੋਂ 25 ਏਕੜ ਸਕੀਮ ਵਾਲੀ ਜਗਾਂ ਨਜਦੀਕ ਫੁਆਰਾ ਚੌਕ ਬਰਨਾਲਾ ਵਿਚੋਂ ਹਰੇ ਭਰੇ ਸੈਂਕੜੇ ਰੁੱਖਾਂ ਦੀ ਜਾਂਚ ਕਰਨ ਲਈ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਵਲੋਂ ਜੇ.ਪੀ ਮੀਨਾ ਅਧਿਕਾਰੀ ਕੇਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦਿੱਲੀ, ਸਨੀ ਗੋਇਲ ਅਧਿਕਾਰੀ ਵਾਤਾਵਰਣ ਜੰਗਲ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਚੰਡੀਗੜ, ਕੌਸ਼ਿਲ ਕਸੌਰ ਡਵੀਜਨ ਅਫ਼ਸਰ ਸੰਗਰੂਰ ਵਣ ਵਿਭਾਗ ਪੰਜਾਬ ਦੀ ਅਗਵਾਈ ਵਿਚ ਘਟਨਾਂ ਸਥਾਨਾਂ ’ਤੇ ਹਰੇ ਭਰੇ ਰੁੱਖ ਗੈਰ ਕਾਨੂੰਨੀ ਪੱਟਣ ਸਬੰਧੀ ਚੈਕਿੰਗ ਕਰਕੇ ਬਰੀਕੀ ਨਾਲ ਜਾਂਚ ਕੀਤੀ ਗਈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਕਿ ਜ਼ਿਲੇ ਦੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਨੇ 25 ਏਕੜ ਸਕੀਮ ਵਾਲੀ ਜਗਾ ਬਰਨਾਲਾ ਵਿਚੋਂ ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ 140 ਹਰੇ ਭਰੇ ਰੁੱਖ ਗੈਰ ਕਾਨੂੰਨੀ ਪੱਟਣ ਅਤੇ ਪੁੱਡਾ ਮਾਰਕੀਟ ਵਿਚੋਂ 100 ਸਾਲ ਪੁਰਾਣਾ ਨਿੰਮ ਦਾ ਹਰਿਆ ਭਰਿਆ ਰੁੱਖ ਪੁੱਟਣ, ਪਿੰਡ ਧਨੇਰ ਜਨਤਕ ਜਗਾ ਵਿਚੋਂ 40 ਰੁੱਖ, ਪਿੰਡ ਬਖਤਗੜ 20 ਹਰੇ ਭਰੇ ਰੁੱਖ, ਪਿੰਡ ਬਦਰਾ ਦੀਆਂ ਕ ਸੜਕਾਂ ਤੋਂ 100 ਹਰੇ ਭਰੇ ਰੁੱਖ ਪੁੱਟਣ ਸਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਵਿਖੇ ਪਟੀਸਨ ਪਾਈ ਸੀ। ਜਿਸ ਸਬੰਧੀ ਕਿ ਐਨ.ਜੀ.ਟੀ ਨਵੀ ਦਿੱਲੀ ਵਲੋਂ ਗਠਿਤ ਕੀਤੀ ਗਈ ਟੀਮ ਵਲੋਂ 25 ਏਕੜ ਸਕੀਮ ਬਰਨਾਲਾ ਵਾਲੀ ਜਗਾ ਵਿਖੇ ਪਹੁੰਚ ਕੇ ਬਰੀਕੀ ਨਾਲ ਪਟੀਸਨਰ ਗੁਰਪ੍ਰੀਤ ਸਿੰਘ ਕਾਹਨੇਕੇ ਦੀ ਹਾਜ਼ਰੀ ਵਿਚ ਜਾਂਚ ਕੀਤੀ। ਟੀਮ ਨੇ ਧਰਤੀ ਵਿਚ ਦੱਬੇ ਹੋਏ ਰੁੱਖਾਂ ਦੇ ਤਣਿਆਂ, ਜੜਾ ਤੇ ਪਟੀਸਨਰ ਵਲੋਂ ਪੇਸ ਕੀਤੀਆਂ ਗਈਆਂ ਵੀਡੀਓ, ਫੋਟੋਆਂ ਨੂੰ ਵਾਚਿਆਂ ਅਤੇ ਜਿਹੜੇ ਝੁਗੀਆਂ ਵਾਲਿਆਂ ਨੂੰ ਉਕਤ ਸਥਾਨ ਤੋਂ ਉਠਾਇਆ ਗਿਆ ਸੀ ਉਨਾਂ ਤੋਂ ਬਿਆਨ ਲਏ ਗਏ ਜਿਹਨਾਂ ਨੇ ਕਿ ਟੀਮ ਨੂੰ ਆਪਣੇ ਬਿਆਨਾਂ ਰਾਹੀ ਦੱਸਿਆ ਕਿ ਉਕਤ ਜਗਾ ਵਿਚੋਂ ਕਰੀਬ 200 ਹਰੇ ਭਰੇ ਰੁੱਖਾਂ ਨੂੰ ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ ਗੈਰ ਕਾਨੂੰਨੀ ਪੁਟਿਆ ਗਿਆ ਹੈ। ਟੀਮ ਦੇ ਅਧਿਕਾਰੀਆਂ ਵਲੋਂ ਘਟਨਾ ਸਥਾਨ ’ਤੇ ਬਰੀਕੀ ਨਾਲ ਜਾਂਚ ਪੜਤਾਲ ਕਰਨ ’ਤੇ ਟੀਮ ਨੂੰ ਕਰੀਬ 120 ਤੋਂ ਜਿਆਦਾ ਰੁੱਖਾਂ ਦੇ ਗੈਰ ਕਾਨੂੰਨੀ ਪੁੱਟੇ ਜਾਣ ਸੁਬੰਧੀ ਅਹਿਮ ਸਬੂਤ ਮਿਲੇ ਹਨ। ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨੂੰ ਟੀਮ ਦੇ ਅਧਿਕਾਰੀਆਂ ਵਲੋਂ ਰੁੱਖਾਂ ਨੂੰ ਪੁੱਟਣ ਸਬੰਧੀ ਮਨਜ਼ੂਰੀ ਦੀ ਕਾਪੀ ਮੰਗੀ ਗਈ ਤਾਂ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨੇ ਕਿਹਾ ਕਿ ਰੁੱਖਾਂ ਨੂੰ ਪੁੱਟਣ ਸਬੰਧੀ ਕੋਈ ਮਨਜ਼ੂਰੀ ਨਹੀਂ ਲਈ ਗਈ ਹੈ। ਟੀਮ ਨੇ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਅਧਿਕਾਰੀਆਂ ਨੂੰ ਮਾਨਯੋਗ ਹਾਈਕੋਰਟ ਦੇ ਦਸੰਬਰ ਮਹੀਨੇ ਰੁੱਖਾਂ ਨੂੰ ਪੰਜਾਬ ਦੀ ਧਰਤੀ ਤੋਂ ਪੁੱਟਣ ‘ਤੇ ਪਾਬੰਦੀ ਸਬੰਧੀ ਕੀਤੇ ਹੁਕਮ ਵੱਲ ਧਿਆਨ ਦਬਾ ਕੇ ਪੁਛਿਆ ਗਿਆ ਕਿ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਿਉ ਕੀਤੀ ਗਈ ਹੈ। ਤਾਂ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਨੇ ਚੁਪਧਾਰ ਕੇ ਮਾਮਲੇ ਨੂੰ ਦਬਾਉਣ ਲਈ ਬਹੁੱਤ ਕੋਸ਼ਿਸ਼ ਕੀਤੀ ਗਈ। ਇਕੱਤਰ ਹੋਏ ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਟੀਮ ਨੂੰ ਜਿਸ ਤਰਾਂ ਰੁੱਖਾਂ ਨੂੰ ਗੈਰ ਕਾਨੂੰਨੀ ਪੁੱਟਣ ਸਬੰਧੀ ਅਹਿਮ ਸਬੂਤ ਮਿਲੇ ਹਨ। ਜੇਕਰ ਟੀਮ ਸਬੂਤਾਂ ਦੇ ਆਧਾਰ ’ਤੇ ਬਿਨਾ ਕਿਸੇ ਦਬਾ ਦੇ ਨਿਰਪੱਖ ਜਾਂਚ ਰਿਪੋਰਟ ਐੱਨਜੀਟੀ ਨਵੀ ਦਿੱਲੀ ਵਿਖੇ ਪੇਸ ਕਰੇਗੀ ਤਾਂ ਇਨਸਾਫ ਜਰੂਰ ਮਿਲੇਗਾ।