ਸਿਅਰਾ ਲਿਓਨ ਦੀ ਕਬੱਡੀ ਟੀਮ ਨੇ ਕੋਚ ਗੁਰਮੇਲ ਸਿੰਘ ਨੂੰ ਕੀਤਾ ਯਾਦ; ਪਰਿਵਾਰ ਨਾਲ ਸਾਂਝਾ ਕੀਤਾ ਦੁੱਖ
ਅੰਤਰਰਾਸ਼ਟਰੀ ਕਬੱਡੀ ਕੋਚ ਗੁਰਮੇਲ ਸਿੰਘ ਨੂੰ ਸਾਡੇ ਤੋਂ ਵਿਛੜਿਆਂ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਉਨ੍ਹਾਂ ਦੀਆਂ ਯਾਦਾਂ ਅੱਜ ਵੀ ਤਾਜ਼ਾ ਹਨ। ਦਿੜ੍ਹਬਾ ਵਿਖੇ ਕੋਚ ਗੁਰਮੇਲ ਸਿੰਘ ਦੇ ਘਰ ਮਾਹੌਲ ਉਸ ਵੇਲੇ ਬਹੁਤ ਗਮਗੀਨ ਅਤੇ ਭਾਵੁਕ ਹੋ ਗਿਆ, ਜਦੋਂ ਉਨ੍ਹਾਂ ਦੀ ਤਿਆਰ ਕੀਤੀ ਹੋਈ ਸਿਅਰਾ ਲਿਓਨ ਦੀ ਕਬੱਡੀ ਟੀਮ ਦੇ ਖਿਡਾਰੀ ਕੋਚ ਸਾਹਿਬ ਦੀ ਫੋਟੋ ਵਾਲੀਆਂ ਟੀ-ਸ਼ਰਟਾਂ ਪਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ।
Publish Date: Sat, 18 Apr 2026 11:25 AM (IST)
Updated Date: Sat, 18 Apr 2026 11:27 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ: ਅੰਤਰਰਾਸ਼ਟਰੀ ਕਬੱਡੀ ਕੋਚ ਗੁਰਮੇਲ ਸਿੰਘ ਨੂੰ ਸਾਡੇ ਤੋਂ ਵਿਛੜਿਆਂ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਉਨ੍ਹਾਂ ਦੀਆਂ ਯਾਦਾਂ ਅੱਜ ਵੀ ਤਾਜ਼ਾ ਹਨ। ਦਿੜ੍ਹਬਾ ਵਿਖੇ ਕੋਚ ਗੁਰਮੇਲ ਸਿੰਘ ਦੇ ਘਰ ਮਾਹੌਲ ਉਸ ਵੇਲੇ ਬਹੁਤ ਗਮਗੀਨ ਅਤੇ ਭਾਵੁਕ ਹੋ ਗਿਆ, ਜਦੋਂ ਉਨ੍ਹਾਂ ਦੀ ਤਿਆਰ ਕੀਤੀ ਹੋਈ ਸਿਅਰਾ ਲਿਓਨ ਦੀ ਕਬੱਡੀ ਟੀਮ ਦੇ ਖਿਡਾਰੀ ਕੋਚ ਸਾਹਿਬ ਦੀ ਫੋਟੋ ਵਾਲੀਆਂ ਟੀ-ਸ਼ਰਟਾਂ ਪਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ।
ਜਦੋਂ ਸਿਅਰਾ ਲਿਓਨ ਦੇ ਖਿਡਾਰੀ ਘਰ ਵਿੱਚ ਦਾਖਲ ਹੋਏ, ਤਾਂ ਉਨ੍ਹਾਂ ਨੇ ਕੋਚ ਗੁਰਮੇਲ ਸਿੰਘ ਦੀ ਤਸਵੀਰ ਨੂੰ ਨਮਸਕਾਰ ਕੀਤਾ ਅਤੇ ਉੱਚੀ-ਉੱਚੀ ਰੋਣ ਲੱਗ ਪਏ। ਭਾਵੇਂ ਉਨ੍ਹਾਂ ਦੀ ਭਾਸ਼ਾ ਪੰਜਾਬੀ ਨਹੀਂ ਸੀ, ਪਰ ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਅਤੇ ਅੱਖਾਂ ਦੇ ਹੰਝੂ ਸਾਫ਼ ਦੱਸ ਰਹੇ ਸਨ ਕਿ ਉਹ ਆਪਣੇ ਗੁਰੂ ਨੂੰ ਕਿੰਨਾ ਮਿਸ ਕਰ ਰਹੇ ਹਨ।
'ਮਾਂ ਖੇਡ ਕਬੱਡੀ' ਨੂੰ ਸੱਤ ਸਮੁੰਦਰੋਂ ਪਾਰ ਪਹੁੰਚਾਇਆ
ਟੀਮ ਦੇ ਮੈਨੇਜਰ ਰਵਿੰਦਰ ਸਿੰਘ ਰਵੀ ਜੱਸਲ ਅਤੇ ਕਪਤਾਨ ਮੋਰਾਲਾਈ ਨੇ ਭਾਵੁਕ ਹੁੰਦਿਆਂ ਦੱਸਿਆ: ਕੋਚ ਗੁਰਮੇਲ ਸਿੰਘ ਉਹ ਪਹਿਲੇ ਸ਼ਖਸ ਸਨ, ਜਿਨ੍ਹਾਂ ਨੇ ਅਫਰੀਕੀ ਨਸਲ ਦੇ ਲੋਕਾਂ ਨੂੰ ਕਬੱਡੀ ਦੇ ਮੈਦਾਨ ਵਿੱਚ ਉਤਾਰਿਆ। ਉਹ 2012 ਵਿੱਚ ਸਿਅਰਾ ਲਿਓਨ ਆਏ ਸਨ ਅਤੇ ਪਿੰਡਾਂ ਵਿੱਚ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਇਕੱਠਾ ਕਰਕੇ ਇੱਕ ਮਜ਼ਬੂਤ ਟੀਮ ਬਣਾਈ। ਉਨ੍ਹਾਂ ਦੀ ਮਿਹਨਤ ਸਦਕਾ ਹੀ ਇਹ ਟੀਮ ਕਬੱਡੀ ਵਰਲਡ ਕੱਪ ਦਾ ਹਿੱਸਾ ਬਣੀ। ਖਿਡਾਰੀਆਂ ਨੇ ਕਿਹਾ ਕਿ ਕੋਚ ਗੁਰਮੇਲ ਸਿੰਘ ਦੀ ਇਹ ਬਹੁਤ ਵੱਡੀ ਦੇਣ ਹੈ ਕਿ ਉਨ੍ਹਾਂ ਨੇ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਗੈਰ-ਕਬੱਡੀ ਸੱਭਿਆਚਾਰ ਵਾਲੇ ਦੇਸ਼ਾਂ ਵਿੱਚ ਹਰਮਨ-ਪਿਆਰਾ ਬਣਾ ਦਿੱਤਾ।
ਪਰਿਵਾਰ ਨਾਲ ਵਾਅਦਾ
ਟੀਮ ਮੈਂਬਰਾਂ ਨੇ ਕੋਚ ਗੁਰਮੇਲ ਸਿੰਘ ਦੀ ਪਤਨੀ ਪਰਮਜੀਤ ਕੌਰ ਅਤੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਵਾਅਦਾ ਕੀਤਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਹਮੇਸ਼ਾ ਪਰਿਵਾਰ ਦੇ ਨਾਲ ਖੜ੍ਹੇ ਰਹਿਣਗੇ।
ਇਸ ਮੌਕੇ ਕਬੱਡੀ ਖਿਡਾਰੀ ਗੁਲਜ਼ਾਰ ਸਿੰਘ ਮੂਣਕ, ਕਸ਼ਮੀਰ ਸਿੰਘ ਰੋੜੇਵਾਲ, ਬਲਕਾਰ ਘੁਮਾਣ ਦਿੜ੍ਹਬਾ, ਝੰਡਾ ਸਿੰਘ ਖੇਤਲਾ, ਸਤਿਗੁਰ ਸਿੰਘ ਘੁਮਾਣ ਅਤੇ ਹੋਰ ਕਬੱਡੀ ਪ੍ਰੇਮੀ ਵੀ ਹਾਜ਼ਰ ਸਨ।