ਸੜਕਾਂ 'ਤੇ ਖਿਲਾਰੀਆਂ ਕਣਕ ਦੀਆਂ ਬੱਲੀਆਂ ਬਣ ਰਹੀਆਂ ਨੇ ਹਾਦਸਿਆਂ ਦਾ ਕਾਰਨ
ਸੜਕਾਂ 'ਤੇ ਖਿਲਾਰੀਆਂ ਕਣਕ ਦੀਆਂ ਬੱਲੀਆਂ ਬਣ ਰਹੀਆਂ ਨੇ ਹਾਦਸਿਆਂ ਦਾ ਕਾਰਨ
Publish Date: Sun, 26 Apr 2026 06:25 PM (IST)
Updated Date: Mon, 27 Apr 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਪਾ ਮੰਡੀ : ਅੱਜ-ਕੱਲ੍ਹ ਇਲਾਕੇ ਦੀਆਂ ਲਗਭਗ ਸਾਰੀਆਂ ਸੜਕਾਂ ਹੀ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ, ਕਿਉਂਕਿ ਹਰ ਪਾਸੇ ਸੜਕਾਂ ’ਤੇ ਲੋੜਵੰਦ ਪਰਿਵਾਰਾਂ ਵੱਲੋਂ ਖੇਤਾਂ ’ਚੋਂ ਕਣਕ ਦੀ ਕਟਾਈ ਤੋਂ ਬਾਅਦ ਬਾਕੀ ਬਚੀਆਂ ਤੇ ਆਸੇ-ਪਾਸੇ ਡਿੱਗੀਆਂ ਕਣਕ ਦੀਆਂ ਬੱਲੀਆਂ ’ਚੋਂ ਦਾਣੇ ਕੱਢਣ ਲਈ ਸੜਕਾਂ ’ਤੇ ਖਿਲਾਰ ਦਿੱਤਾ ਜਾਂਦਾ ਹੈ । ਭਾਵੇਂ ਅਜਿਹਾ ਕਰਨਾ ਇਨ੍ਹਾਂ ਪਰਿਵਾਰਾਂ ਵੱਲੋਂ ਆਪਣੀ ਮਜਬੂਰੀ ਦੱਸਿਆ ਗਿਆ ਪਰ ਕਈ ਵਾਰ ਇਨ੍ਹਾਂ ਸਿੱਟਿਆਂ ’ਚੋਂ ਨਿਕਲੇ ਦਾਣਿਆਂ ਕਾਰਨ ਦੋ ਪਹੀਆ ਵਾਹਨ ਸਕੂਟਰ, ਮੋਟਰਸਾਈਕਲ ਆਦਿ ਸਲਿੱਪ ਹੋਣ ਕਰ ਕੇ ਹਾਦਸਾ ਵਾਪਰਨ ਕਾਰਨ ਰਾਹਗੀਰਾਂ ਦੇ ਸੱਟਾਂ ਵੀ ਲੱਗ ਜਾਂਦੀਆਂ ਹਨ। ਇਸ ਤੋਂ ਇਲਾਵਾ ਸੜਕ ’ਤੇ ਇਨ੍ਹਾਂ ਸਿੱਟਿਆਂ ਉੱਪਰੋਂ ਵੱਡੇ ਵਾਹਨ ਲੰਘਣ ਤੇ ਸੜਕ ਕੰਢੇ ਕਣਕ ਤੁੜੀ ਤੋਂ ਅਲੱਗ ਕਰਨ ਲਈ ਖੁੱਲ੍ਹੀ ਹਵਾ ’ਚ ਉਡਾਉਣ ਕਾਰਨ ਛੋਟੇ ਵਾਹਨ ਚਾਲਕਾਂ ਤੇ ਪੈਦਲ ਰਾਹਗੀਰਾਂ ਦੀਆਂ ਅੱਖਾਂ ’ਚ ਉੱਡ ਕੇ ਕਈ ਵਾਰੀ ਤੂੜੀ ਦੇ ਕਣ ਵੀ ਪੈ ਜਾਂਦੇ ਹਨ ਜੋ ਕਿਸੇ ਸਮੇਂ ਵੀ ਵੱਡੇ ਹਾਦਸੇ ਦਾ ਕਾਰਨ ਬਣ ਜਾਂਦੇ ਹਨ। ਇਸ ਲਈ ਪ੍ਰਸ਼ਾਸਨ ਨੂੰ ਰਾਹਗੀਰਾਂ ਦੀ ਸਮੱਸਿਆ ਵੱਲ ਧਿਆਨ ਦੇ ਕੇ ਅਜਿਹੇ ਲੋਕਾਂ ਨੂੰ ਸਮਝਾ ਕੇ ਅਜਿਹਾ ਕਰਨ ਤੋਂ ਰੋਕਣਾ ਚਾਹੀਦਾ ਹੈ।