ਸੰਗਰੂਰ ਨਗਰ ਕੌਂਸਲ ਦੀ ਖੁੱਲ੍ਹੀ ਪੋਲ: ਕੂੜਾ ਪ੍ਰਬੰਧਨ 'ਤੇ NGT ਸਖ਼ਤ; 4 ਹਫ਼ਤਿਆਂ 'ਚ ਮੰਗੀ ਵਿਸਤ੍ਰਿਤ ਰਿਪੋਰਟ
ਅਦਾਲਤੀ ਕਾਰਵਾਈ ਦੌਰਾਨ ਨਗਰ ਕੌਂਸਲ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਸਬੰਧਤ ਥਾਂ ਤੋਂ ਕੂੜਾ ਸਾਫ਼ ਕਰ ਦਿੱਤਾ ਗਿਆ ਹੈ। ਪਰ ਅਦਾਲਤ ਵਿੱਚ ਬਿਨੈਕਾਰ ਵਕੀਲ ਕਮਲ ਆਨੰਦ ਨੇ ਦੱਸਿਆ ਕਿ ਨਗਰ ਕੌਂਸਲ ਕੇਵਲ ਅਦਾਲਤੀ ਪੇਸ਼ੀ ਦੇ ਸਮੇਂ ਕੂੜਾ ਸਾਫ਼ ਕਰਦੀ ਹੈ, ਪਰ ਬਾਅਦ ਵਿੱਚ ਫਿਰ ਉਹੀ ਹਾਲ ਹੋ ਜਾਂਦਾ ਹੈ।
Publish Date: Mon, 02 Mar 2026 01:30 PM (IST)
Updated Date: Mon, 02 Mar 2026 02:25 PM (IST)
ਜਾਗਰਣ ਸੰਵਾਦਦਾਤਾ, ਸੰਗਰੂਰ: ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਨੇ ਸੰਗਰੂਰ ਸ਼ਹਿਰ ਵਿੱਚ ਠੋਸ ਕੂੜੇ ਦੇ ਮਾੜੇ ਪ੍ਰਬੰਧਨ ਦਾ ਸਖ਼ਤ ਨੋਟਿਸ ਲਿਆ ਹੈ। ਬਿਨੈਕਾਰ ਵਕੀਲ ਕਮਲ ਆਨੰਦ ਅਤੇ ਹੋਰ ਪਟੀਸ਼ਨਕਰਤਾਵਾਂ ਜਤਿੰਦਰ ਕਾਲੜਾ, ਪ੍ਰਵੀਨ ਬੰਸਲ, ਸਤਿੰਦਰ ਸੈਣੀ, ਰੌਸ਼ਨ ਗਰਗ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਨਗਰ ਕੌਂਸਲ ਸੰਗਰੂਰ ਦੀ ਕਾਰਜਪ੍ਰਣਾਲੀ ਅਤੇ ਦਿਖਾਵੇ ਦੀ ਸਫਾਈ ਦੀ ਪੋਲ ਖੁੱਲ੍ਹ ਗਈ ਹੈ।
ਅਦਾਲਤੀ ਕਾਰਵਾਈ ਦੌਰਾਨ ਨਗਰ ਕੌਂਸਲ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਸਬੰਧਤ ਥਾਂ ਤੋਂ ਕੂੜਾ ਸਾਫ਼ ਕਰ ਦਿੱਤਾ ਗਿਆ ਹੈ। ਪਰ ਅਦਾਲਤ ਵਿੱਚ ਬਿਨੈਕਾਰ ਵਕੀਲ ਕਮਲ ਆਨੰਦ ਨੇ ਦੱਸਿਆ ਕਿ ਨਗਰ ਕੌਂਸਲ ਕੇਵਲ ਅਦਾਲਤੀ ਪੇਸ਼ੀ ਦੇ ਸਮੇਂ ਕੂੜਾ ਸਾਫ਼ ਕਰਦੀ ਹੈ, ਪਰ ਬਾਅਦ ਵਿੱਚ ਫਿਰ ਉਹੀ ਹਾਲ ਹੋ ਜਾਂਦਾ ਹੈ।
ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਇਹ ਸਫਾਈ ਮਹਿਜ਼ ਇੱਕ ਦਿਖਾਵਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਵੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਹੁੰਦੀ ਹੈ, ਤਾਂ ਨਗਰ ਕੌਂਸਲ ਵੱਲੋਂ ਕੂੜਾ ਸਾਫ਼ ਕਰ ਦਿੱਤਾ ਜਾਂਦਾ ਹੈ, ਪਰ ਪੇਸ਼ੀ ਦੇ ਤੁਰੰਤ ਬਾਅਦ ਉੱਥੇ ਦੁਬਾਰਾ ਗੈਰ-ਕਾਨੂੰਨੀ ਤਰੀਕੇ ਨਾਲ ਕੂੜਾ ਸੁੱਟਣਾ ਸ਼ੁਰੂ ਹੋ ਜਾਂਦਾ ਹੈ।
ਨਗਰ ਕੌਂਸਲ ਨੂੰ ਸਖ਼ਤ ਨਿਰਦੇਸ਼
ਅਦਾਲਤ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਨਗਰ ਕੌਂਸਲ ਸੰਗਰੂਰ ਨੂੰ ਚਾਰ ਹਫ਼ਤਿਆਂ ਦੇ ਅੰਦਰ ਹੇਠ ਲਿਖੀ ਜਾਣਕਾਰੀ ਦਸਤਾਵੇਜ਼ੀ ਸਬੂਤਾਂ ਸਮੇਤ ਪੇਸ਼ ਕਰਨ ਦਾ ਆਦੇਸ਼ ਦਿੱਤਾ ਹੈ:
ਰੋਜ਼ਾਨਾ ਪੈਦਾ ਹੋਣ ਵਾਲਾ ਕੂੜਾ: ਸ਼ਹਿਰ ਵਿੱਚ ਰੋਜ਼ਾਨਾ ਕਿੰਨੇ ਟਨ ਕੂੜਾ ਇਕੱਠਾ ਹੁੰਦਾ ਹੈ।
ਨਿਪਟਾਰੇ ਦੀ ਸਮਰੱਥਾ: ਕੂੜੇ ਦੇ ਨਿਪਟਾਰੇ ਲਈ ਕੌਂਸਲ ਕੋਲ ਕਿੰਨੀ ਟ੍ਰੀਟਮੈਂਟ ਕੈਪੇਸਿਟੀ (ਸਮਰੱਥਾ) ਮੌਜੂਦ ਹੈ।
ਪੁਰਾਣਾ ਜਮ੍ਹਾ ਕੂੜਾ: ਸ਼ਹਿਰ ਵਿੱਚ ਇਸ ਸਮੇਂ ਪੁਰਾਣੇ ਕੂੜੇ ਦੇ ਕਿੰਨੇ ਢੇਰ ਲੱਗੇ ਹੋਏ ਹਨ।
ਸਮਾਂਬੱਧ ਐਕਸ਼ਨ ਪਲਾਨ: ਇਸ ਪੁਰਾਣੇ ਕੂੜੇ ਨੂੰ ਖ਼ਤਮ ਕਰਨ ਲਈ ਕੌਂਸਲ ਦੀ ਭਵਿੱਖ ਦੀ ਯੋਜਨਾ ਕੀ ਹੈ ਅਤੇ ਇਹ ਕੰਮ ਕਦੋਂ ਤੱਕ ਪੂਰਾ ਹੋਵੇਗਾ।
ਜ਼ਮੀਨ ਅਤੇ ਸਹੂਲਤਾਂ: ਕੂੜਾ ਪ੍ਰਬੰਧਨ ਲਈ ਕੌਂਸਲ ਕੋਲ ਕਿੰਨੀ ਜ਼ਮੀਨ ਅਤੇ ਕਿਹੜੀਆਂ ਮਸ਼ੀਨਾਂ/ਸਹੂਲਤਾਂ ਉਪਲਬਧ ਹਨ।