ਫੁੰਮਣਵਾਲ ਪੰਚਾਇਤ ਦਾ ਨਿਵੇਕਲਾ ਉਪਰਾਲਾ : ਚਾਈਨਾ ਡੋਰ ਵਰਤਨ, ਵੇਚਣ ਤੇ ਪਤੰਗ ਚੜ੍ਹਾਉਣ 'ਤੇ ਲਾਈ ਪੂਰਨ ਪਾਬੰਦੀ
ਸਰਪੰਚ ਸੁਖਚੈਨ ਸਿੰਘ ਨੇ ਕਿਹਾ ਕਿ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਪਾਸ ਕੀਤੇ ਗਏ ਮਤਿਆਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪੰਚਾਇਤ ਵੱਲੋਂ ਨਿਰਧਾਰਤ 5 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਵਸੂਲਿਆ ਜਾਵੇਗਾ।
Publish Date: Wed, 28 Jan 2026 03:58 PM (IST)
Updated Date: Wed, 28 Jan 2026 04:04 PM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ ਭਵਾਨੀਗੜ੍ਹ : ਸਬ ਡਵੀਜ਼ਨ ਭਵਾਨੀਗੜ੍ਹ ਦੇ ਪਿੰਡ ਫੁੰਮਣਵਾਲ ਦੀ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੀ ਹੋਈ ਮੀਟਿੰਗ ਦੌਰਾਨ ਕਈ ਅਹਿਮ ਮਤੇ ਪਾਸ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਫੁੰਮਣਵਾਲ ਦੇ ਸਰਪੰਚ ਸੁਖਚੈਨ ਸਿੰਘ ਨੇ ਦੱਸਿਆ ਕਿ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਇੱਕ ਨਿਵੇਕਲਾ ਉਪਰਾਲਾ ਕਰਦਿਆਂ ਚਾਈਨਾ ਡੋਰ ਨਾਲ ਵਾਪਰ ਰਹੀਆਂ ਘਟਨਾਵਾਂ ਕਾਰਨ ਮਨੁੱਖੀ ਜਾਨਾਂ ਅਤੇ ਬੇਜ਼ੁਬਾਨ ਜਾਨਵਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪਿੰਡ ਅੰਦਰ ਪਤੰਗ ਚੜਾਉਣ, ਵੇਚਣ ਅਤੇ ਚਾਈਨਾ ਡੋਰ ਦੀ ਵਰਤੋਂ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਖੁਸ਼ੀ ਦੇ ਮੌਕਿਆਂ ’ਤੇ ਮਹੰਤਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਸਬੰਧੀ ਵੀ ਮਤਾ ਪਾਸ ਕੀਤਾ ਗਿਆ ਹੈ। ਇਸ ਮਤੇ ਅਨੁਸਾਰ ਜਨਰਲ ਵਰਗ ਦੇ ਲੋਕ ਵਿਆਹ ਜਾਂ ਪੁੱਤਰ ਜਨਮ ਦੀ ਖੁਸ਼ੀ ਮੌਕੇ ਮਹੰਤਾਂ ਨੂੰ 2100 ਰੁਪਏ ਦੀ ਰਾਸ਼ੀ ਜਦਕਿ ਐਸ.ਸੀ ਭਾਈਚਾਰੇ ਦੇ ਲੋਕ 1100 ਰੁਪਏ ਦੀ ਰਾਸ਼ੀ ਦੇਣਗੇ।
ਸਰਪੰਚ ਸੁਖਚੈਨ ਸਿੰਘ ਨੇ ਕਿਹਾ ਕਿ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਪਾਸ ਕੀਤੇ ਗਏ ਮਤਿਆਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪੰਚਾਇਤ ਵੱਲੋਂ ਨਿਰਧਾਰਤ 5 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਵਸੂਲਿਆ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਪੰਚਾਇਤ ਦੇ ਇਸ ਫੈਸਲੇ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਪਿੰਡ ਵਾਸੀਆਂ ਕਿਹਾ ਕਿ ਚਾਈਨਾ ਡੋਰ ਕਾਰਨ ਹਰ ਸਾਲ ਕਿੰਨੇ ਲੋਕ ਜ਼ਖ਼ਮੀ ਹੋ ਜਾਂਦੇ ਹਨ ਜਾ ਆਪਣੀ ਜਾਨ ਗਵਾ ਬੈਠਦੇ ਹਨ ਤੇ ਬੇਜ਼ੁਬਾਨ ਜਾਨਵਰਾਂ ਦੀ ਮੌਤ ਵੀ ਹੋ ਜਾਂਦੀ ਹੈ, ਅਜਿਹੇ ਵਿਚ ਪੰਚਾਇਤ ਦਾ ਇਹ ਫੈਸਲਾ ਕਾਬਲੇ-ਤਾਰੀਫ਼ ਹੈ। ਉੱਥੇ ਹੀ ਪਿੰਡ ਵਿਚ ਦੀ ਖੁਸ਼ੀ ਦੇ ਮੌਕਿਆਂ 'ਤੇ ਦਿੱਤੀ ਜਾਣ ਵਾਲੀ ਰਾਸ਼ੀ ਨੂੰ ਲੈ ਕੇ ਪਿੰਡ ਵਿਚ ਅਕਸਰ ਵਾਦ-ਵਿਵਾਦ ਹੁੰਦੇ ਸਨ ਹੁਣ ਪੰਚਾਇਤ ਵੱਲੋਂ ਨਿਯਮ ਤੈਅ ਕਰਨ ਨਾਲ ਸਾਰੇ ਪਿੰਡ ਵਿਚ ਏਕਤਾ ਬਣੀ ਰਹੇਗੀ। ਪਿੰਡ ਦੇ ਨੌਜਵਾਨਾਂ ਨੇ ਵੀ ਕਿਹਾ ਕਿ ਇਹ ਮਤੇ ਹੋਰ ਪਿੰਡਾਂ ਲਈ ਵੀ ਮਿਸਾਲ ਬਣਨਗੇ ਅਤੇ ਸਮਾਜਿਕ ਬੁਰਾਈਆਂ 'ਤੇ ਰੋਕ ਲਗਾਉਣ ਵਿਚ ਮਦਦਗਾਰ ਸਾਬਤ ਹੋਣਗੇ। ਇਸ ਮੌਕੇ ਜਗਪਾਲ ਸਿੰਘ, ਗੁਰਤੇਜ ਸਿੰਘ, ਪ੍ਰਗਟ ਸਿੰਘ, ਗੁਰਦੀਪ ਸਿੰਘ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਪਰਮਜੀਤ ਕੌਰ ਸਾਰੇ ਮੈਂਬਰ ਪੰਚਾਇਤ ਸਮੇਤ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ।