ਖੇਡ ਮੈਦਾਨਾਂ ਨਾਲ ਜੁੜੇਗੀ ਪੰਜਾਬ ਦੀ ਜਵਾਨੀ : ਮੰਤਰੀ ਗੋਇਲ ਨੇ ਨਸ਼ਾ ਮੁਕਤ ਪੰਜਾਬ ਲਈ ਖੇਡਾਂ ਨੂੰ ਦੱਸਿਆ ਸਭ ਤੋਂ ਵੱਡਾ ਹਥਿਆਰ
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਨੇੜਲੇ ਪਿੰਡ ਬੱਲਰਾਂ ਵਿਖੇ ਪਹੁੰਚ ਕੇ ਕਬੱਡੀ ਖਿਡਾਰੀ ਮਨਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮਨਦੀਪ ਸਿੰਘ ਨੇ ਪਿੰਡ ਭੁਲੱਥ ਵਿਖੇ ਹੋਏ ਕਬੱਡੀ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੁਲੇਟ ਮੋਟਰਸਾਈਕਲ ਸਮੇਤ ਕਰੀਬ 14 ਲੱਖ ਰੁਪਏ ਦਾ ਇਨਾਮ ਜਿੱਤ ਕੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।
Publish Date: Sun, 19 Apr 2026 03:58 PM (IST)
Updated Date: Sun, 19 Apr 2026 04:01 PM (IST)
ਸ਼ੰਭੂ ਗੋਇਲ,ਪੰਜਾਬੀ ਜਾਗਰਣ,ਲਹਿਰਾਗਗਾ। ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਨੇੜਲੇ ਪਿੰਡ ਬੱਲਰਾਂ ਵਿਖੇ ਪਹੁੰਚ ਕੇ ਕਬੱਡੀ ਖਿਡਾਰੀ ਮਨਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮਨਦੀਪ ਸਿੰਘ ਨੇ ਪਿੰਡ ਭੁਲੱਥ ਵਿਖੇ ਹੋਏ ਕਬੱਡੀ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੁਲੇਟ ਮੋਟਰਸਾਈਕਲ ਸਮੇਤ ਕਰੀਬ 14 ਲੱਖ ਰੁਪਏ ਦਾ ਇਨਾਮ ਜਿੱਤ ਕੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਖਿਡਾਰੀ ਵੱਖ-ਵੱਖ ਸਥਾਨਾਂ ’ਤੇ ਹੋਏ ਕਬੱਡੀ ਮੁਕਾਬਲਿਆਂ ਵਿੱਚ ਘੋੜੀਆਂ, ਗੱਡੀਆਂ, ਨਗਦ ਇਨਾਮ ਆਦਿ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕਰ ਚੁੱਕਾ ਹੈ। ਮੰਤਰੀ ਬਰਿੰਦਰ ਗੋਇਲ ਨੇ ਖਿਡਾਰੀ ਨੂੰ ਵਧਾਈ ਦਿੱਤੀ ਅਤੇ ਉਸਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖਿਡਾਰੀਆਂ ਨੂੰ ਬਣਦਾ ਮਾਣ-ਸਨਮਾਨ ਦੇਣ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਮੌਕੇ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕੈਬਨਿਟ ਮੰਤਰੀ ਨੇ ਕਿਹਾ, “ਰੰਗਲਾ ਪੰਜਾਬ” ਅਤੇ “ਨਸ਼ਾ ਮੁਕਤ ਪੰਜਾਬ” ਦਾ ਸੁਪਨਾ ਤਾਂ ਹੀ ਸਾਕਾਰ ਹੋ ਸਕਦਾ ਹੈ, ਜਦੋਂ ਨੌਜਵਾਨ ਆਪਣੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਗਾਉਣ।
ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਨਾਲ ਜੁੜ ਕੇ ਆਪਣਾ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ। ਇਸ ਮੌਕੇ ਮੰਤਰੀ ਗੋਇਲ ਦੇ ਸਪੁੱਤਰ ਗੌਰਵ ਗੋਇਲ, ਐੱਸਡੀਐੱਮ ਲਹਿਰਾ ਰਾਕੇਸ਼ ਪ੍ਰਕਾਸ਼ ਗਰਗ, ਪਿੰਡ ਬੱਲਰਾ ਦੇ ਸਰਪੰਚ ਮਲਕੀਤ ਸਿੰਘ ਅਤੇ ਇਲਾਕੇ ਦੇ ਮੋਹਤਬਰ ਵਿਅਕਤੀ ਵੀ ਹਾਜ਼ਰ ਸਨ।