ਦੇਸ਼ ਵਿਆਪੀ ਹੜਤਾਲ ਦੇ ਸੱਦੇ ’ਤੇ ਦਵਾਈਆਂ ਦੀਆਂ ਦੁਕਾਨਾਂ ਰਹੀਆਂ ਬੰਦ
ਦੇਸ਼ ਵਿਆਪੀ ਹੜਤਾਲ ਦੇ ਸੱਦੇ ਤੇ ਸ਼ੇਰਪੁਰ ਵਿਖੇ ਦਵਾਈਆਂ ਦੀਆਂ ਦੁਕਾਨਾਂ ਬੰਦ ਰਹੀਆਂ
Publish Date: Wed, 20 May 2026 05:11 PM (IST)
Updated Date: Wed, 20 May 2026 05:13 PM (IST)
ਸੱਤਪਾਲ ਕਾਲਾਬੂਲਾ, ਪੰਜਾਬੀ ਜਾਗਰਣ
ਸ਼ੇਰਪੁਰ : ਆਲ ਇੰਡੀਆ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਵੱਲੋਂ ਦਿੱਤੇ ਦੇਸ਼ ਵਿਆਪੀ ਹੜਤਾਲ ਦੇ ਸੱਦੇ ਦੇ ਮੱਦੇਨਜ਼ਰ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ਤੇ ਸ਼ੇਰਪੁਰ ਵਿਖੇ ਦਵਾਈਆਂ ਦੀਆਂ ਦੁਕਾਨਾਂ ਪੂਰਨ ਤੌਰ ’ਤੇ ਬੰਦ ਰਹੀਆਂ ਅਤੇ ਦਵਾਈਆਂ ਲੈਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੈਮਿਸਟ ਐਸੋਸੀਏਸ਼ਨ ਸ਼ੇਰਪੁਰ ਦੇ ਪ੍ਰਧਾਨ ਗੁਰਿੰਦਰ ਗੋਇਲ ਅਤੇ ਉਪ ਪ੍ਰਧਾਨ ਵਿਸ਼ਵ ਗਰਗ ਨੇ ਦੱਸਿਆ ਇਹ ਦੁਕਾਨਾਂ 19 ਮਈ ਦੀ ਰਾਤ 12 ਵਜੇ ਤੋਂ ਲੈ ਕੇ 20 ਮਈ ਦੀ ਰਾਤ 12 ਵਜੇ ਤੱਕ ਬੰਦ ਰੱਖੀਆਂ ਗਈਆਂ ਹਨ। ਇਸ ਦਾ ਮੈਡੀਕਲ ਸੇਵਾਵਾਂ ਤੇ ਮਾੜਾ ਪ੍ਰਭਾਵ ਪੈਣਾ ਸੁਭਾਵਿਕ ਹੈ, ਪਰ ਵਾਰ-ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੀ ਗੱਲ ਨੂੰ ਅਣਗੌਲਿਆ ਕਰਨ ਕਾਰਨ ਹੜਤਾਲ ਤੋਂ ਬਗੈਰ ਕੋਈ ਚਾਰਾ ਬਾਕੀ ਨਹੀਂ ਬਚਿਆ ਸੀ। ਉਨ੍ਹਾਂ ਦੱਸਿਆ ਕਿ ਹੋਰ ਮੰਗਾਂ ਦੇ ਨਾਲ-ਨਾਲ ਸਭ ਤੋਂ ਮੁੱਖ ਮੰਗ ਨਕਲੀ ਦਵਾਈਆਂ ਦੀ ਵਿਕਰੀ ਨੂੰ ਰੋਕਣ ਲਈ ਆਨਲਾਈਨ ਦਵਾਈਆਂ ਦੀ ਵਿਕਰੀ ਨੂੰ ਬੰਦ ਕਰਵਾਉਣਾ ਹੈ। ਜਿਸ ਦਾ ਕੈਮਿਸਟਾਂ ਦੇ ਕਾਰੋਬਾਰ ’ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ ਅਤੇ ਡਰੱਗ ਲਾਇਸੈਂਸ ਪੋਰਟਲ ਦੀਆਂ ਗਲਤੀਆਂ ਨੂੰ ਤੁਰੰਤ ਠੀਕ ਕੀਤਾ ਜਾਵੇ। ਇਸ ਤੋਂ ਇਲਾਵਾ ਇਹ ਵੀ ਮੰਗ ਹੈ ਕਿ ਕੈਮਿਸਟਾਂ ਨੂੰ ਬੇਲੋੜੇ ਰਜਿਸਟਰ ਰੱਖਣ ਤੋਂ ਮੁਕਤ ਕੀਤਾ ਜਾਵੇ, ਲਾਇਸੈਂਸ ਨਵਿਆਉਣ ਵਿੱਚ ਆਉਂਦੀਆਂ ਮੁਸ਼ਕਿਲਾਂ ਨੂੰ ਦੂਰ ਕੀਤਾ ਜਾਵੇ। ਇਸ ਮੌਕੇ ਸਕੱਤਰ ਜਸਪਾਲ ਧਾਮੀ, ਵਿਸ਼ਵ ਗਰਗ, ਨਰਿੰਦਰ ਅਤਰੀ, ਅਮਰਜੀਤ ਸਿੰਘ ਪਾਲ, ਅਸ਼ੋਕ ਕੁਮਾਰ, ਸੁਰਿੰਦਰ ਗਰਗ, ਹਰਿੰਦਰ ਗੋਇਲ, ਅਸ਼ਵਨੀ ਕੁਮਾਰ, ਸੁਰੇਸ਼ ਕੁਮਾਰ, ਕਮਲ ਸ਼ਰਮਾ, ਸਤਪਾਲ ਸ਼ਰਮਾ, ਦਲਜੀਤ ਸਿੰਘ, ਸੁਰਿੰਦਰ ਗੋਇਲ ਆਦਿ ਕੈਮਿਸਟ ਐਸੋਸੀਏਸ਼ਨ ਸ਼ੇਰਪੁਰ ਦੇ ਆਗੂ ਮੌਜੂਦ ਸਨ।