ਇਨਕਲਾਬੀ ਕੇਂਦਰ ਪੰਜਾਬ ਤੇ ਲੋਕ ਮੋਰਚਾ ਪੰਜਾਬ ਵੱਲੋਂ ਸੂਬਾਈ ਕਨਵੈਨਸ਼ਨ 30 ਨੂੰ
ਇਨਕਲਾਬੀ ਕੇਂਦਰ ਪੰਜਾਬ ਅਤੇ ਲੋਕ ਮੋਰਚਾ ਪੰਜਾਬ ਵੱਲੋਂ 30 ਮਈ ਨੂੰ ਬਰਨਾਲਾ ਵਿਖੇ ਕੀਤੀ ਜਾਵੇਗੀ ਸੂਬਾਈ ਕਨਵੈਨਸ਼ਨ
Publish Date: Wed, 20 May 2026 05:07 PM (IST)
Updated Date: Wed, 20 May 2026 05:10 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਲੋਕ ਮੋਰਚਾ ਪੰਜਾਬ ਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਫਿਰਕੂ ਫਾਸ਼ੀ ਹੱਲੇ ਦਾ ਟਾਕਰਾ ਕਰਨ ਲਈ ਲੋਕ ਸੰਘਰਸ਼ਾਂ ਨੂੰ ਵਿਸ਼ਾਲ ਤੇ ਤੇਜ਼ ਕਰਨ ਅਤੇ ਇਨ੍ਹਾਂ ਨੂੰ ਇਨਕਲਾਬੀ ਦਿਸ਼ਾ ’ਚ ਅੱਗੇ ਵਧਾਉਣ ਦਾ ਸੱਦਾ ਦੇਣ ਲਈ ਬਰਨਾਲਾ ਵਿਖੇ 30 ਮਈ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੂਬਾਈ ਕਨਵੈਂਨਸ਼ਨ ਕੀਤੀ ਜਾਵੇਗੀ। ਬਰਨਾਲਾ ਵਿਖੇ ਦੋਹਾਂ ਜਥੇਬੰਦੀਆਂ ਦੇ ਸੂਬਾਈ ਆਗੂਆਂ ਦੀ ਹੋਈ ਸਾਂਝੀ ਮੀਟਿੰਗ ਮਗਰੋਂ ਜਗਮੇਲ ਸਿੰਘ ਅਤੇ ਨਾਰਾਇਣ ਦੱਤ ਨੇ ਕਿਹਾ ਕਿ ਕੇਂਦਰ ਹਕੂਮਤ ਫਿਰਕੂ ਫਾਸ਼ੀ ਕਦਮਾਂ ਦੀ ਓਟ ’ਚ ਲੁਟੇਰੀਆਂ ਸਾਮਰਾਜੀ ਨੀਤੀਆਂ ਦੇ ਹੱਲੇ ਨੂੰ ਲਗਾਤਾਰ ਅੱਗੇ ਵਧਾ ਰਹੀ ਹੈ। ਹੁਣ ਅਮਰੀਕਾ-ਈਰਾਨ ਜੰਗ ਦੀ ਆੜ ਹੇਠ ਮਹਿੰਗਾਈ ਦੇ ਵਾਧੇ ਰਾਹੀਂ ਲੋਕਾਂ 'ਤੇ ਹੋਰ ਭਾਰ ਪਾਉਣ ਦੇ ਕਦਮ ਲਏ ਜਾ ਰਹੇ ਹਨ। ਅਮਰੀਕੀ ਸਾਮਰਾਜੀਆਂ ਦੀ ਚਾਕਰੀ ਕਰ ਰਹੀ ਕੇਂਦਰ ਸਰਕਾਰ ਨੇ ਮੁਲਕ ਦੀਆਂ ਲੋੜਾਂ ਨੂੰ ਤੱਜ ਕੇ ਅਮਰੀਕੀ ਸੇਵਾਦਾਰੀ ਦੀ ਨੁਮਾਇਸ਼ ਲਾਉਂਦਿਆਂ ਮੁਲਕ ਨੂੰ ਨਵੇਂ ਊਰਜਾ ਸੰਕਟ ਦੇ ਮੂੰਹ ’ਤੇ ਲਿਆ ਖੜ੍ਹਾ ਕੀਤਾ ਹੈ। ਕੋਰੋਨਾ ਦੌਰ ਵਾਂਗ ਇਸ ਸੰਕਟ ਦੀ ਆੜ ਹੇਠ ਹੁਣ ਵਿਦੇਸ਼ੀ ਬਹੁਕੌਮੀ ਕੰਪਨੀਆਂ ਤੇ ਭਾਰਤੀ ਵੱਡੇ ਸਰਮਾਏਦਾਰਾਂ ਦੇ ਮੁਨਾਫ਼ੇ ਯਕੀਨੀ ਕਰਨ ਲਈ ਨਵੇਂ ਤੋਂ ਨਵੇਂ ਕਦਮ ਆ ਰਹੇ ਹਨ।
ਭਾਰਤੀ ਮੰਡੀ ਨੂੰ ਲੁਟੇਰੀਆਂ ਅਮਰੀਕੀ ਕੰਪਨੀਆਂ ਮੂਹਰੇ ਪਰੋਸ ਦੇਣ ਲਈ ਲੋਕਾਂ ਦੇ ਵਿਰੋਧ ਦੇ ਬਾਵਜੂਦ ਅਮਰੀਕਾ ਨਾਲ ਵਪਾਰ ਸਮਝੌਤਾ ਸਿਰੇ ਚਾੜਿ੍ਹਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਵੀ ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਲਈ ਲੋਕਾਂ ਦੀ ਜੁਬਾਨਬੰਦੀ ਕਰਨ ਤੇ ਸੰਘਰਸ਼ਾਂ ਨੂੰ ਕੁਚਲਣ ਲਈ ਜਾਬਰ ਕਦਮਾਂ ਦਾ ਸਹਾਰਾ ਲੈ ਰਹੀ ਹੈ। ਇਹ ਸਰਕਾਰ ਵੀ ਮੁਲਕ ਦੀਆਂ ਹੋਰਨਾਂ ਹਾਕਮ ਜਮਾਤੀ ਪਾਰਟੀਆਂ ਵਾਂਗ ਆਰਥਿਕ ਸੁਧਾਰਾਂ ਦੇ ਸਾਮਰਾਜੀ ਹੱਲੇ ਦੀ ਵਾਹਕ ਬਣੀ ਹੋਈ ਹੈ। ਪੰਜਾਬ ਅੰਦਰ ਆ ਰਹੀਆਂ ਚੋਣਾਂ ਦਰਮਿਆਨ ਸਾਰੀਆਂ ਵੋਟ ਪਾਰਟੀਆਂ ਲੋਕਾਂ ਦੇ ਹਕੀਕੀ ਮੁੱਦਿਆਂ ਨੂੰ ਰੋਲ ਕੇ ਭਰਮਾਊ ਤੇ ਪਾਟਕਪਾਊ ਮੁੱਦੇ ਅੱਗੇ ਲਿਆਉਣ ਤੇ ਲੋਕਾਂ ਦੀ ਜਮਾਤੀ ਤੇ ਤਬਕਾਤੀ ਏਕਤਾ ਤੇ ਪਾਟਕ ਪਾਉਣ ਦੇ ਆਹਰ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਮਰਾਜੀ ਆਰਥਿਕ ਤੇ ਫਿਰਕੂ ਫਾਸ਼ੀ ਧਾਵੇ ਦੇ ਜੜੁੱਤ ਹੱਲੇ ਖਿਲਾਫ਼ ਡਟਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਨਵੈਨਸ਼ਨ ’ਚ ਆਵਾਜ਼ ਉਠਾਈ ਜਾਵੇਗੀ ਕਿ ਭਾਰਤ ਅਮਰੀਕਾ ਵਪਾਰ ਸਮਝੌਤਾ ਵਾਰਤਾ ਰੱਦ ਕੀਤੀ ਜਾਵੇ, ਸਾਮਰਾਜੀ ਮੁਲਕਾਂ ਨਾਲ ਕੀਤੀਆਂ ਅਣਸਾਵੀਆਂ ਵਪਾਰਕ ਤੇ ਫੌਜੀ ਸੰਧੀਆਂ ਰੱਦ ਕੀਤੀਆਂ ਜਾਣ।