2.46 ਕਰੋੜ ਰੁਪਏ ਦੇ ਕਥਿਤ ਗਬਨ ਦਾ ਮਾਮਲਾ, ਦੋ ਬੀਡੀਓ ਤੇ ਦੋ ਪੰਚਾਇਤ ਸਕੱਤਰਾਂ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ; ਸਾਬਕਾ ਸਰਪੰਚ ਸਣੇ ਪੰਜ ਨਾਮਜ਼ਦ
ਪਿੰਡ ਵਾਸੀ ਬੂਟਾ ਸਿੰਘ ਅਤੇ ਜਗਸੀਰ ਸਿੰਘ ਵੱਲੋਂ ਵਿਜੀਲੈਂਸ ਬਿਊਰੋ ਦੇ ਮੋਹਾਲੀ ਦਫ਼ਤਰ ਨੂੰ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਦੌਰਾਨ ਪਾਇਆ ਗਿਆ ਕਿ ਸਾਲ 2019 ਤੋਂ 2023 ਤੱਕ ਸਾਬਕਾ ਸਰਪੰਚ ਗੁਰਦੇਵ ਸਿੰਘ ਦੇ ਕਾਰਜਕਾਲ ਦੌਰਾਨ ਉਸ ਨਾਲ ਤਾਇਨਾਤ ਰਹੇ ਬੀਡੀਓ ਮਨਜੀਤ ਸਿੰਘ, ਬੀਡੀਓ ਕੁਲਵਿੰਦਰ ਸਿੰਘ, ਪੰਚਾਇਤ ਸਕੱਤਰ ਕੁਲਦੀਪ ਸਿੰਘ ਅਤੇ ਧਰਮ ਸਿੰਘ ਨੇ ਕਥਿਤ ਤੌਰ ’ਤੇ ਆਪਸੀ ਮਿਲੀਭੁਗਤ ਨਾਲ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਵਿੱਤੀ ਬੇਨਿਯਮੀਆਂ ਕੀਤੀਆਂ।
Publish Date: Fri, 12 Jun 2026 08:42 AM (IST)
Updated Date: Fri, 12 Jun 2026 08:45 AM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਨਜ਼ਦੀਕੀ ਪਿੰਡ ਬਾਲਦ ਕਲਾਂ ਵਿੱਚ ਵਿਕਾਸ ਕਾਰਜਾਂ, ਸ਼ਾਮਲਾਟ ਜ਼ਮੀਨ ਦੀ ਬੋਲੀ ਤੋਂ ਪ੍ਰਾਪਤ ਆਮਦਨ ਅਤੇ ਸਰਕਾਰੀ ਗ੍ਰਾਂਟਾਂ ਦੀ ਰਕਮ ਵਿੱਚ ਕਥਿਤ ਗਬਨ ਦੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਸਾਬਕਾ ਸਰਪੰਚ ਸਮੇਤ ਦੋ ਬੀਡੀਓ ਅਤੇ ਦੋ ਪੰਚਾਇਤ ਸਕੱਤਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁੱਢਲੀ ਜਾਂਚ ਦੌਰਾਨ ਕਰੀਬ 2 ਕਰੋੜ 46 ਲੱਖ ਰੁਪਏ ਦੀ ਵਿੱਤੀ ਬੇਨਿਯਮੀ ਸਾਹਮਣੇ ਆਈ ਹੈ।
ਪਿੰਡ ਵਾਸੀ ਬੂਟਾ ਸਿੰਘ ਅਤੇ ਜਗਸੀਰ ਸਿੰਘ ਵੱਲੋਂ ਵਿਜੀਲੈਂਸ ਬਿਊਰੋ ਦੇ ਮੋਹਾਲੀ ਦਫ਼ਤਰ ਨੂੰ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਦੌਰਾਨ ਪਾਇਆ ਗਿਆ ਕਿ ਸਾਲ 2019 ਤੋਂ 2023 ਤੱਕ ਸਾਬਕਾ ਸਰਪੰਚ ਗੁਰਦੇਵ ਸਿੰਘ ਦੇ ਕਾਰਜਕਾਲ ਦੌਰਾਨ ਉਸ ਨਾਲ ਤਾਇਨਾਤ ਰਹੇ ਬੀਡੀਓ ਮਨਜੀਤ ਸਿੰਘ, ਬੀਡੀਓ ਕੁਲਵਿੰਦਰ ਸਿੰਘ, ਪੰਚਾਇਤ ਸਕੱਤਰ ਕੁਲਦੀਪ ਸਿੰਘ ਅਤੇ ਧਰਮ ਸਿੰਘ ਨੇ ਕਥਿਤ ਤੌਰ ’ਤੇ ਆਪਸੀ ਮਿਲੀਭੁਗਤ ਨਾਲ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਵਿੱਤੀ ਬੇਨਿਯਮੀਆਂ ਕੀਤੀਆਂ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਭਵਾਨੀਗੜ੍ਹ ਦੇ ਇੱਕ ਸਬਮਰਸੀਬਲ ਅਤੇ ਸੈਨੇਟਰੀ ਸਟੋਰ ਨਾਲ ਮਿਲੀਭੁਗਤ ਕਰਕੇ ਟਿਊਬਵੈੱਲਾਂ ਸਬੰਧੀ ਖਰਚਿਆਂ ਵਿੱਚ ਗੜਬੜ ਕੀਤੀ ਗਈ। ਇਸ ਤੋਂ ਇਲਾਵਾ ਪੰਚਾਇਤ ਦੀ ਸ਼ਾਮਲਾਟ ਜ਼ਮੀਨ ਦੀ ਬੋਲੀ ਅਤੇ ਸਰਕਾਰੀ ਗ੍ਰਾਂਟਾਂ ਤੋਂ ਪ੍ਰਾਪਤ ਰਕਮ ਨੂੰ ਕੈਸ਼ ਬੁੱਕ ਵਿੱਚ ਘੱਟ ਦਰਸਾ ਕੇ ਕਰੀਬ 2.46 ਕਰੋੜ ਰੁਪਏ ਦਾ ਕਥਿਤ ਗਬਨ ਕੀਤਾ ਗਿਆ।
ਵਿਜੀਲੈਂਸ ਬਿਊਰੋ ਨੇ ਸਾਬਕਾ ਸਰਪੰਚ ਗੁਰਦੇਵ ਸਿੰਘ, ਬੀਡੀਓ ਮਨਜੀਤ ਸਿੰਘ, ਬੀਡੀਓ ਕੁਲਵਿੰਦਰ ਸਿੰਘ, ਪੰਚਾਇਤ ਸਕੱਤਰ ਕੁਲਦੀਪ ਸਿੰਘ ਅਤੇ ਪੰਚਾਇਤ ਸਕੱਤਰ ਧਰਮ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਵਿਜੀਲੈਂਸ ਬਿਊਰੋ ਸੰਗਰੂਰ ਦੇ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਕੇਸ ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।