ਯੋਗ ਕਲਾਸਾਂ ਬਣੀਆਂ ਤੰਦਰੁਸਤੀ ਦਾ ਆਧਾਰ
ਯੋਗ ਕਲਾਸਾਂ ਬਣੀਆਂ ਤੰਦਰੁਸਤੀ ਦਾ ਆਧਾਰ
Publish Date: Fri, 08 May 2026 04:37 PM (IST)
Updated Date: Sat, 09 May 2026 04:06 AM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ: ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਨ੍ਹਾਂ ਦਿਨਾਂ ਵਿੱਚ ਯੋਗਾ ਦਾ ਰੁਝਾਨ ਬਹੁਤ ਵੱਧ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਰੰਭ ਕੀਤੀ ਗਈ “ਸੀਐੱਮ ਦੀ ਯੋਗਸ਼ਾਲਾ” ਯੋਜਨਾ ਸ੍ਰੀ ਆਨੰਦਪੁਰ ਸਾਹਿਬ ਖੇਤਰ ਦੇ ਲੋਕਾਂ ਲਈ ਸੁਖਦ ਬਦਲਾਅ ਦਾ ਕਾਰਨ ਬਣ ਰਹੀ ਹੈ। ਇਸ ਯੋਜਨਾ ਤਹਿਤ ਸ੍ਰੀ ਆਨੰਦਪੁਰ ਸਾਹਿਬ , ਭਨੂਪਲੀ, ਗੰਗੂਵਾਲ, ਅਗਮਪੁਰ ਸਮੇਤ ਵੱਖ-ਵੱਖ ਖੇਤਰਾਂ ਵਿੱਚ ਕਰੀਬ 40 ਥਾਵਾਂ ਉੱਤੇ ਬਿਨ੍ਹਾਂ ਮੁੱਲ ਯੋਗ ਅਭਿਆਸ ਕਲਾਸਾਂ ਨਿਯਮਿਤ ਤੌਰ ’ਤੇ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਕਲਾਸਾਂ ਵਿੱਚ ਹਰ ਉਮਰ ਵਰਗ ਦੇ ਲੋਕ ਉਤਸ਼ਾਹ ਨਾਲ ਭਾਗ ਲੈ ਰਹੇ ਹਨ ਅਤੇ ਯੋਗ ਨੂੰ ਆਪਣੀ ਰੋਜ਼ਾਨਾ ਜੀਵਨ ਰੀਤ ਦਾ ਹਿੱਸਾ ਬਣਾ ਰਹੇ ਹਨ। ਯੋਗ ਕਲਾਸਾਂ ਰਾਹੀਂ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੇ ਲਾਭ ਮਿਲ ਰਹੇ ਹਨ। ਇਸ ਦੇ ਨਾਲ ਹੀ ਸਮਾਜ ਵਿੱਚ ਆਪਸੀ ਮਿਲਾਪ ਅਤੇ ਭਾਈਚਾਰਕ ਸਾਂਝ ਵੀ ਮਜ਼ਬੂਤ ਹੋ ਰਹੀ ਹੈ। ਖਾਸ ਤੌਰ ’ਤੇ ਇਸਤਰੀਆਂ ਵਿੱਚ ਇਸ ਉਪਰਾਲੇ ਪ੍ਰਤੀ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਜੋ ਇਸਤਰੀਆਂ ਘਰਾਂ ਤੱਕ ਹੀ ਸੀਮਿਤ ਰਹਿੰਦੀਆਂ ਸਨ, ਹੁਣ ਉਹ ਯੋਗ ਕਲਾਸਾਂ ਰਾਹੀਂ ਹੋਰ ਲੋਕਾਂ ਨਾਲ ਜੁੜ ਰਹੀਆਂ ਹਨ। ਆਲੇ-ਦੁਆਲੇ ਦੇ ਲੋਕਾਂ ਵਿੱਚ ਜਾਣ-ਪਛਾਣ ਅਤੇ ਗੱਲਬਾਤ ਵਧਣ ਨਾਲ ਸਮਾਜਿਕ ਰਿਸ਼ਤੇ ਹੋਰ ਮਜ਼ਬੂਤ ਬਣ ਰਹੇ ਹਨ ਅਤੇ ਖੇਤਰ ਵਿੱਚ ਸੁਖਦ ਮਾਹੌਲ ਤਿਆਰ ਹੋ ਰਿਹਾ ਹੈ। ਸੁਰਿੰਦਰ ਕੁਮਾਰ ਝਾਅ ਦੀ ਅਗਵਾਈ ਵਿੱਚ ਯੋਗਾ ਟੀਚਰਾਂ ਵਲੋਂ ਲੋਕਾਂ ਨੂੰ ਪ੍ਰਾਣਾਯਾਮ, ਧਿਆਨ ਅਤੇ ਵੱਖ-ਵੱਖ ਯੋਗ ਆਸਨਾਂ ਦਾ ਅਭਿਆਸ ਕਰਵਾਇਆ ਜਾ ਰਿਹਾ ਹੈ। ਨਿਯਮਿਤ ਯੋਗ ਕਰਨ ਨਾਲ ਲੋਕਾਂ ਨੂੰ ਮਨ ਦਾ ਤਣਾਅ ਘਟਾਉਣ, ਸਰੀਰ ਨੂੰ ਤੰਦਰੁਸਤ ਰੱਖਣ ਅਤੇ ਅੰਦਰੂਨੀ ਸ਼ਾਂਤੀ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲ ਰਹੀ ਹੈ। ਕਈ ਲੋਕਾਂ ਨੇ ਦੱਸਿਆ ਕਿ ਯੋਗਾ ਨੇ ਉਨ੍ਹਾਂ ਦੀ ਜੀਵਨ ਰੀਤ ਵਿੱਚ ਚੰਗਾ ਬਦਲਾਅ ਲਿਆਂਦਾ ਹੈ ਅਤੇ ਹੁਣ ਉਹ ਆਪਣੇ ਸਿਹਤ ਪ੍ਰਤੀ ਪਹਿਲਾਂ ਨਾਲੋਂ ਵੱਧ ਜਾਗਰੂਕ ਹੋਏ ਹਨ। ਸ੍ਰੀ ਆਨੰਦਪੁਰ ਸਾਹਿਬ ਖੇਤਰ ਵਿੱਚ ਚੱਲ ਰਹੀ ਇਹ ਮੁਹਿੰਮ ਕੇਵਲ ਯੋਗ ਤੱਕ ਹੀ ਸੀਮਿਤ ਨਹੀਂ ਰਹੀ, ਸਗੋਂ ਲੋਕਾਂ ਨੂੰ ਇਕ-ਦੂਜੇ ਦੇ ਨੇੜੇ ਲਿਆਉਣ ਅਤੇ ਤੰਦਰੁਸਤ ਸਮਾਜ ਦੀ ਉਸਾਰੀ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੀ ਹੈ। ਲਗਾਤਾਰ ਵੱਧ ਰਹੀ ਭਾਗੀਦਾਰੀ ਇਹ ਦਰਸਾ ਰਹੀ ਹੈ ਕਿ ਲੋਕ ਇਸ ਯੋਜਨਾ ਨਾਲ ਜੁੜ ਕੇ ਆਪਣੇ ਆਪ ਨੂੰ ਤੰਦਰੁਸਤ ਅਤੇ ਚੁਸਤ ਮਹਿਸੂਸ ਕਰ ਰਹੇ ਹਨ।