ਕੀ ਉਹ ਸਮਾਂ ਵੀ ਆਵੇਗਾ ਜਦੋਂ ਰੁਕੇਗੀ ਨਜਾਇਜ਼ ਮਾਈਨਿੰਗ
ਕੀ ਉਹ ਸਮਾਂ ਵੀ ਆਵੇਗਾ ਜਦੋਂ ਰੁਕੇਗੀ ਨਜਾਇਜ਼ ਮਾਈਨਿੰਗ
Publish Date: Wed, 08 Apr 2026 05:50 PM (IST)
Updated Date: Thu, 09 Apr 2026 04:05 AM (IST)

ਡੀਸਿਲਟਿੰਗ ਤੇ ਲੈਵਲਿੰਗ ਦੇ ਨਾਮ ’ਤੇ ਚੱਲ ਰਿਹੈ ਨਾਜਾਇਜ਼ ਧੰਦਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿੱਚ ਵਸਿਆ ਅਤੇ ਪਵਿੱਤਰ ਸਤਲੁਜ ਦਰਿਆ ਦੇ ਕੰਢੇ ਸਜਿਆ ਕੀਰਤਪੁਰ ਸਾਹਿਬ ਇਲਾਕਾ ਕੁਦਰਤੀ ਸੁੰਦਰਤਾ ਅਤੇ ਆਤਮਕ ਮਹੱਤਤਾ ਦਾ ਅਨੋਖਾ ਮਿਲਾਪ ਹੈ। ਹਰਿਆਲੀ ਨਾਲ ਲਿਪਟੀਆਂ ਪਹਾੜੀਆਂ, ਵਗਦਾ ਦਰਿਆ ਅਤੇ ਸ਼ਾਂਤ ਵਾਤਾਵਰਨ ਇਸ ਧਰਤੀ ਨੂੰ ਵਿਲੱਖਣ ਬਣਾਉਂਦੇ ਹਨ। ਇਹ ਨਗਰੀ ਛੇ ਗੁਰੂ ਸਾਹਿਬਾਨ ਦੀ ਚਰਨ ਛੋਹ ਨਾਲ ਪਵਿੱਤਰ ਹੋਈ ਹੈ। ਇਸ ਧਰਤੀ ਨਾਲ ਜੁੜੀ ਰੂਹਾਨੀ ਮਹਿਮਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਲਾਕੇ ਵਿੱਚ ਖਾਲਸੇ ਦੀ ਸਿਰਜਣਾ ਕੀਤੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਵਰਗੀ ਪਵਿੱਤਰ ਨਗਰੀ ਵਸਾਈ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਨੂੰ ਆਬਾਦ ਕੀਤਾ। ਇਸ ਤੋਂ ਇਲਾਵਾ ਪੀਰ ਸਾਈ ਬਾਬਾ ਬੁੱਢਣ ਸ਼ਾਹ ਜੀ ਵੀ ਇਨ੍ਹਾਂ ਪਹਾੜੀਆਂ ਵਿੱਚ ਲੰਮੇ ਸਮੇਂ ਤੱਕ ਅਕਾਲ ਪੁਰਖ ਦੀ ਬੰਦਨਾ ਕਰਦੇ ਰਹੇ ਹਨ। ਨੰਗਲ ਸ਼ਹਿਰ ਤੋਂ ਲੈ ਕੇ ਰੋਪੜ ਤੱਕ ਦਾ ਪੂਰਾ ਇਲਾਕਾ—ਚਾਹੇ ਉਹ ਚੰਗਰ ਖੇਤਰ ਹੋਵੇ ਜਾਂ ਦਰਿਆ ਦੇ ਲਾਗਲੇ ਪਿੰਡ ਇਹ ਸਭ ਧਰਤੀ ਗੁਰੂ ਸਾਹਿਬਾਨ ਅਤੇ ਜਪੀਆਂ-ਤਪੀਆਂ ਦੀ ਚਰਨ ਛੋਹ ਨਾਲ ਧੰਨ ਹੈ। ਇਸ ਲਈ ਇਸ ਇਲਾਕੇ ਦੀ ਸੰਭਾਲ ਅਤੇ ਸੁੰਦਰਤਾ ਨੂੰ ਬਚਾ ਕੇ ਰੱਖਣਾ ਸਮੇਂ ਦੀ ਵੱਡੀ ਲੋੜ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਸਮੇਂ ਦੇ ਨਾਲ-ਨਾਲ ਇਸ ਖੂਬਸੂਰਤ ਅਤੇ ਪਵਿੱਤਰ ਇਲਾਕੇ ਦੇ ਵਾਤਾਵਰਣ ਨੂੰ ਨਜਾਇਜ਼ ਮਾਈਨਿੰਗ ਨੇ ਗੰਭੀਰ ਨੁਕਸਾਨ ਪਹੁੰਚਾਇਆ ਹੈ। ਕੁਦਰਤ ਦੀ ਇਹ ਦਾਤ ਹੁਣ ਮਾਈਨਿੰਗ ਮਾਫੀਆ ਦੀ ਨਜ਼ਰ ਹੇਠ ਆ ਕੇ ਆਪਣੀ ਅਸਲ ਸ਼ੋਭਾ ਗੁਆ ਰਹੀ ਹੈ। ਲੈਵਲਿੰਗ ਦੀ ਆੜ ’ਚ ਮਿੱਟੀ ’ਤੇ ਪੱਥਰ ਦੀ ਵੱਡੀ ਵਿਕਰੀ ਭਰੋਸੇਯੋਗ ਸੂਤਰਾਂ ਅਨੁਸਾਰ ਮਾਈਨਿੰਗ ਮਾਫੀਆ ਵੱਲੋਂ ਖੇਤੀਯੋਗ ਜ਼ਮੀਨਾਂ ਨੂੰ ਲੈਵਲ ਕਰਨ ਦੇ ਨਾਂ ‘ਤੇ ਵਿਭਾਗ ਤੋਂ ਪਰਮਿਸ਼ਨ ਲਈ ਜਾਂਦੀ ਹੈ। ਕਾਨੂੰਨੀ ਤੌਰ ‘ਤੇ ਇਸ ਵਿੱਚ ਸਿਰਫ਼ ਜ਼ਮੀਨ ਨੂੰ ਪੱਧਰਾ ਕਰਨ ਦੀ ਆਗਿਆ ਹੁੰਦੀ ਹੈ, ਪਰ ਅਸਲ ਵਿੱਚ ਇਸਦਾ ਗਲਤ ਫਾਇਦਾ ਚੁੱਕਦਿਆਂ ਮਿੱਟੀ ਅਤੇ ਪੱਥਰ ਨੂੰ ਵੱਡੇ ਪੱਧਰ ‘ਤੇ ਵੇਚਿਆ ਜਾ ਰਿਹਾ ਹੈ। ਇਹ ਸਮੱਗਰੀ ਨਜਾਇਜ਼ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ ’ਚ ਵੀ ਵਰਤੀ ਜਾ ਰਹੀ ਹੈ, ਜਿਸ ਨਾਲ ਸਰਕਾਰ ਨੂੰ ਭਾਰੀ ਆਰਥਿਕ ਨੁਕਸਾਨ ਪਹੁੰਚ ਰਿਹਾ ਹੈ। ਡੀਸਿਲਟਿੰਗ ਦੇ ਨਾਮ ‘ਤੇ ਦਰਿਆਵਾਂ ਦੀ ਲੁੱਟ ਸੂਤਰਾਂ ਦਾ ਕਹਿਣਾ ਹੈ ਕਿ ਦਰਿਆਵਾਂ ਦੇ ਅੰਦਰ ਡੀਸਿਲਟਿੰਗ ਦੇ ਨਾਂ ‘ਤੇ ਵੀ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਭਾਰੀ ਮਸ਼ੀਨਰੀ ਨਾਲ ਰੇਤ ਅਤੇ ਬੱਜਰੀ ਦੀ ਖੁਦਾਈ ਕਰ ਕੇ ਕੁਦਰਤੀ ਸੰਤੁਲਨ ਨੂੰ ਖਰਾਬ ਕੀਤਾ ਜਾ ਰਿਹਾ ਹੈ। ਇਸ ਨਾਲ ਦਰਿਆ ਦੇ ਰੁਖ ’ਚ ਤਬਦੀਲੀ ਤੇ ਕਿਨਾਰਿਆਂ ਦੇ ਕੱਟਾਉ ਦਾ ਖ਼ਤਰਾ ਵਧ ਰਿਹਾ ਹੈ। ਕਾਰਵਾਈਆਂ ਦੇ ਬਾਵਜੂਦ ਨਹੀਂ ਰੁਕ ਰਿਹਾ ਇਹ ਧੰਦਾ ਭਾਵੇਂ ਮਹਿਕਮੇ ਵੱਲੋਂ ਸਮੇਂ-ਸਮੇਂ ‘ਤੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਹੈ ਤੇ ਕਈ ਮਾਮਲਿਆਂ ਵਿੱਚ ਪਰਚੇ ਵੀ ਦਰਜ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਇਹ ਗੈਰ-ਕਾਨੂੰਨੀ ਕੰਮ ਨਾ ਰੁਕਣਾ ਆਪਣੇ ਆਪ ਵਿੱਚ ਵੱਡਾ ਸਵਾਲ ਬਣਿਆ ਹੋਇਆ ਹੈ। ਲੋਕਾਂ ’ਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਆਖਿਰਕਾਰ ਕਾਰਵਾਈ ਦੇ ਬਾਵਜੂਦ ਵੀ ਇਹ ਧੰਦਾ ਕਿਉਂ ਜਾਰੀ ਹੈ। ਸਥਾਨਕ ਲੋਕਾਂ ਮੁਤਾਬਕ ਰਾਤ ਦੇ ਸਮੇਂ ਮਾਈਨਿੰਗ ਦੀ ਗਤੀ ਹੋਰ ਤੇਜ਼ ਹੋ ਜਾਂਦੀ ਹੈ ਤੇ ਵੱਡੇ-ਵੱਡੇ ਓਵਰਲੋਡ ਵਾਹਨਾ ਦੁਆਰਾ ਨਹਿਰ ਦੀਆਂ ਪਟੜੀਆਂ ਤੇ ਲਿੰਕ ਸੜਕਾਂ ਨੂੰ ਤੋੜਿਆ ਜਾ ਰਿਹਾ ਹੈ। ਇਸ ਸਾਰੇ ਮਾਮਲੇ ’ਚ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਲੋਕਾਂ ਵਿੱਚ ਨਾਰਾਜ਼ਗੀ ਦਾ ਕਾਰਨ ਬਣ ਰਹੀ ਹੈ। ਸੋਸ਼ਲ ਮੀਡੀਆ ’ਤੇ ਆਵਾਜ਼, ਫਿਰ ਅਚਾਨਕ ਚੁੱਪੀ ਇਲਾਕੇ ’ਚ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕੁਝ ਲੋਕ ਪਹਿਲਾਂ ਮਾਈਨਿੰਗ ਦੇ ਖ਼ਿਲਾਫ਼ ਸੋਸ਼ਲ ਮੀਡੀਆ ‘ਤੇ ਜ਼ੋਰਦਾਰ ਮੁਹਿੰਮ ਚਲਾਉਂਦੇ ਹਨ, ਪਰ ਕੁਝ ਸਮੇਂ ਬਾਅਦ ਉਹਨਾਂ ਦੀ ਆਵਾਜ਼ ਅਚਾਨਕ ਖਾਮੋਸ਼ ਹੋ ਜਾਂਦੀ ਹੈ। ਇਹ ਸਥਿਤੀ ਕਈ ਸੰਦੇਹ ਪੈਦਾ ਕਰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਨਜਾਇਜ਼ ਮਾਈਨਿੰਗ ਅਤੇ ਹੋਰ ਗੈਰਕਾਨੂੰਨੀ ਧੰਦੇ ਬੰਦ ਕੀਤੇ ਜਾਣਗੇ, ਪਰ ਮੌਜੂਦਾ ਹਾਲਾਤ ਇਸਦੇ ਉਲਟ ਦਿਖਾਈ ਦੇ ਰਹੇ ਹਨ। ਸਮਾਜ ਸੇਵੀ ਲੋਕਾਂ ਅਤੇ ਜਾਗਰੂਕ ਨਾਗਰਿਕਾਂ ਨੇ ਕਿਹਾ ਹੈ ਕਿ ਨੰਗਲ ਤੋਂ ਰੋਪੜ ਤੱਕ ਫੈਲੀ ਇਹ ਪਵਿੱਤਰ ਧਰਤੀ ਸਿਰਫ਼ ਭੂਗੋਲਿਕ ਨਹੀਂ, ਸਗੋਂ ਆਤਮਕ ਅਤੇ ਇਤਿਹਾਸਕ ਮਹੱਤਤਾ ਵੀ ਰੱਖਦੀ ਹੈ। ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਇਲਾਕੇ ਦੀ ਸੁੰਦਰਤਾ ਅਤੇ ਵਾਤਾਵਰਣ ਦੀ ਸੰਭਾਲ ਲਈ ਢੁੱਕਵੇਂ ਕਦਮ ਚੁੱਕੇ ਜਾਣ ਅਤੇ ਨਜਾਇਜ਼ ਮਾਈਨਿੰਗ ਨੂੰ ਤੁਰੰਤ ਰੋਕਿਆ ਜਾਵੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਧਰਤੀ ਆਪਣੀ ਅਸਲ ਰੂਪ ’ਚ ਬਚੀ ਰਹੇ।