ਪਿੰਡ ਫਿਰੋਜ਼ਪੁਰ ਨੇੜੇ ਵਾਪਰਿਆ ਦਰਦਨਾਕ ਹਾਦਸਾ: ਮਜਾਰਾ ਖੁਰਦ ਦਾ ਹਰਮੇਸ਼ ਲਾਲ ਗੰਭੀਰ ਜ਼ਖਮੀ, ਆਟੋ ਦੇ ਉੱਡੇ ਪਰਖੱਚੇ
ਬੰਗਾ-ਮੁਕੰਦਪੁਰ ਰੋਡ 'ਤੇ ਪਿੰਡ ਫਿਰੋਜ਼ਪੁਰ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਕ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਇੱਕ ਆਟੋ ਚਾਲਕ ਆਪਣੇ ਵਾਹਨ ਤੋਂ ਕੰਟਰੋਲ ਖੋ ਬੈਠਾ, ਜਿਸ ਕਾਰਨ ਆਟੋ ਸੜਕ ਕਿਨਾਰੇ ਖੇਤਾਂ ਵਿੱਚ ਜਾ ਪਲਟਿਆ। ਇਸ ਹਾਦਸੇ ਵਿੱਚ ਆਟੋ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ।
Publish Date: Fri, 17 Apr 2026 01:52 PM (IST)
Updated Date: Fri, 17 Apr 2026 01:53 PM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਬੰਗਾ-ਮੁਕੰਦਪੁਰ ਰੋਡ 'ਤੇ ਪਿੰਡ ਫਿਰੋਜ਼ਪੁਰ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਕ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਇੱਕ ਆਟੋ ਚਾਲਕ ਆਪਣੇ ਵਾਹਨ ਤੋਂ ਕੰਟਰੋਲ ਖੋ ਬੈਠਾ, ਜਿਸ ਕਾਰਨ ਆਟੋ ਸੜਕ ਕਿਨਾਰੇ ਖੇਤਾਂ ਵਿੱਚ ਜਾ ਪਲਟਿਆ। ਇਸ ਹਾਦਸੇ ਵਿੱਚ ਆਟੋ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ।
ਪੀੜਤ ਚਾਲਕ ਹਰਮੇਸ਼ ਲਾਲ, ਨਿਵਾਸੀ ਪਿੰਡ ਮਜਾਰਾ ਖੁਰਦ, ਨੇ ਦੱਸਿਆ ਕਿ ਉਹ ਆਪਣੇ ਥ੍ਰੀ-ਵਹੀਲਰ (ਨੰਬਰ PB 10 JB 1368) ਵਿੱਚ ਸਵਾਰ ਹੋ ਕੇ ਬੰਗਾ ਤੋਂ ਮੁਕੰਦਪੁਰ ਵੱਲ ਜਾ ਰਿਹਾ ਸੀ। ਜਦੋਂ ਉਹ ਪਿੰਡ ਫਿਰੋਜ਼ਪੁਰ ਦੇ ਨਜ਼ਦੀਕ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਇੱਕ ਅਣਪਛਾਤੇ ਵਾਹਨ ਨੇ ਉਸ ਨੂੰ ਲਪੇਟ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਉਸ ਵਾਹਨ ਨਾਲ ਹੋਣ ਵਾਲੀ ਸਿੱਧੀ ਟੱਕਰ ਨੂੰ ਬਚਾਉਣ ਦੇ ਚੱਕਰ ਵਿੱਚ ਹਰਮੇਸ਼ ਲਾਲ ਨੇ ਆਟੋ ਨੂੰ ਇੱਕ ਪਾਸੇ ਮੋੜ ਦਿੱਤਾ, ਜਿਸ ਕਾਰਨ ਆਟੋ ਬੇਕਾਬੂ ਹੋ ਕੇ ਖੇਤਾਂ ਵਿੱਚ ਜਾ ਡਿੱਗਿਆ।
ਰਾਹਗੀਰਾਂ ਨੇ ਦਿਖਾਈ ਇਨਸਾਨੀਅਤ
ਹਾਦਸਾ ਇੰਨਾ ਭਿਆਨਕ ਸੀ ਕਿ ਆਟੋ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਘਟਨਾ ਤੋਂ ਤੁਰੰਤ ਬਾਅਦ ਮੌਕੇ 'ਤੇ ਇਕੱਠੇ ਹੋਏ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਤੁਰੰਤ ਹਰਮੇਸ਼ ਲਾਲ ਨੂੰ ਬਾਹਰ ਕੱਢਿਆ। ਜ਼ਖਮੀ ਹਾਲਤ ਵਿੱਚ ਉਸ ਨੂੰ ਪਾਣੀ ਪਿਲਾਉਣ ਤੋਂ ਬਾਅਦ ਲੋਕਾਂ ਨੇ ਆਪਣੀ ਮਦਦ ਨਾਲ ਤੁਰੰਤ ਸਿਵਲ ਹਸਪਤਾਲ ਮੁਕੰਦਪੁਰ ਵਿਖੇ ਦਾਖਲ ਕਰਵਾਇਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਤੇਜ਼ ਰਫ਼ਤਾਰ ਵਾਹਨਾਂ ਅਤੇ ਸੜਕੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਪੁਲਿਸ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ ਤਾਂ ਜੋ ਅਣਪਛਾਤੇ ਵਾਹਨ ਦੀ ਪਛਾਣ ਕੀਤੀ ਜਾ ਸਕੇ।