ਜਦੋਂ ਨਵਾਂਸ਼ਹਿਰ ਤੋਂ ਪਾਕਿਸਤਾਨ 'ਚ ਗੁਰਧਾਮਾ ਦੇ ਦਰਸ਼ਨ ਕਰਨ ਰਵਾਨਾ ਹੋਈਆਂ ਸੰਗਤਾਂ ਬੇਰੰਗ ਪਰਤੀਆਂ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ
ਨਵਾਂਸ਼ਹਿਰ ਤੋਂ ਪਾਕਿਸਤਾਨ ਦੇ ਗੁਰਧਾਮਾ ਦੇ ਦਰਸ਼ਨਾਂ ਲਈ ਗਏ ਜਥੇ ਦੇ ਬੇਰੰਗ ਵਾਪਸ ਪਰਤਣ ਕਾਰਨ ਸੰਗਤਾਂ ਵਿਚ ਪ੍ਰਬੰਧਕਾਂ ਅਤੇ ਸੂਬਾ ਸਰਕਾਰ, ਕੇਂਦਰ ਸਰਕਾਰ ਅਤੇ ਪਾਕਿਸਤਾਨ ਸਰਕਾਰ ਦੇ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਸੰਗਤਾਂ ਦਾ ਆਰੋਪ ਹੈ ਕਿ ਜੇਕਰ ਪਾਕਿਸਤਾਨੀ ਐਂਬੇਸੀ ਨੇ ਵੀਜ਼ਾ ਲਗਾਇਆ ਅਤੇ ਉੁਨ੍ਹਾਂ ਦੇ ਪਾਸਪੋਰਟ ਤੇ ਵੀਜ਼ੇ ਦੀ ਮੋਹਰ ਲੱਗੀ ਤਾਂ ਕੇਂਦਰ ਸਰਕਾਰ ਨੇ ਮਨਜੂਰੀ ਕਿਉਂ ਨਹੀਂ ਦਿੱਤੀ ? ਜੇਕਰ ਕੇਂਦਰ ਨੇ ਮਨਜੂਰੀ ਦਿੱਤੀ ਤਾਂ ਸੂਬਾ ਸਰਕਾਰ ਨੇ ਪੁਲਿਸ ਜਾਂਚ ਕਿਉਂ ਨਹੀਂ ਕਰਵਾਈ ? ਜੇਕਰ ਵੀਜ਼ਾ ਨਕਲੀ ਤਾਂ ਪ੍ਰਬੰਧਕਾਂ ਖ਼ਿਲਾਫ਼ ਪੁਲਿਸ ਅਤੇ ਸਰਕਾਰ ਕੀ ਕਾਰਵਾਈ ਕਰਨਗੇ ? ਸੰਗਤਾਂ ਨੇ ਇਸ ਮਾਮਲੇ ਵਿਚ ਜਲਦੀ ਹੀ ਸਬੰਧਤ ਅਫਸਰਾਂ ਨੂੰ ਸ਼ਿਕਾਇਤ ਕਰਨ ਅਤੇ ਉਨ੍ਹਾਂ ਨਾਲ ਹੋ ਰਹੀ ਠੱਗੀ ਨੂੰ ਰੋਕਣ ਦੀ ਗੁਹਾਰ ਲਗਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਵਿਸਾਖੀ ਦੇ ਦਿਹਾੜੇ ਤੇ ਪਾਕਿਸਤਾਨ ਦੇ ਗੁਰਧਾਮਾ ਦੇ ਦਰਸ਼ਨ ਕਰਨ ਲਈ ਯਾਤਰਾ ਗੁਰਦੁਆਰਾ ਨਨਕਾਣਾ ਸਾਹਿਬ, ਪੰਜਾ ਸਾਹਿਬ, ਸ਼ਾਹੀ ਕਿਲਾ, ਸ਼ਹੀਦੀ ਅਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ, ਗੁਰਦੁਆਰਾ ਕਰਤਾਰਪੁਰ ਸਾਹਿਬ, ਗੁਰਦੁਆਰਾ ਰੋੜੀ ਸਾਹਿਬ, ਹੋਰ ਗੁਰਦੁਆਰਿਆਂ, ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਈ ਆਪਣੇ ਪਾਸਪੋਰਟ 15 ਜਨਵਰੀ 2026 ਤੱਕ ਜਮ੍ਹਾਂ ਕਰਵਾਉਣ। ਜੇਕਰ ਕੋਈ ਵੀਜ਼ਾ ਨਾ ਲੱਗੇ ਤਾਂ ਵੀਜ਼ਾ ਫੀਸ ਵਾਪਸ ਨਹੀਂ ਹੋਵੇਗੀ। ਸੇਵਾਦਾਰ ਕਲਗੀਧਰ ਸੇਵਕ ਜਥਾ ਕਾਹਮਾ ਦੋਆਬਾ ਰਜਿ. ਜਸਵਿੰਦਰ ਸਿੰਘ ਕਾਹਮਾ, ਅੰਮ੍ਰਿਤਪਾਲ ਸਿੰਘ ਕਾਹਮਾ, ਕਸ਼ਮੀਰ ਸਿੰਘ ਢਿੱਲੋਂ, ਦਲਵੀਰ ਸਿੰਘ ਅੱਪਰਾ, ਗੁਰਜੰਟ ਸਿੰਘ ਚਮਕੌਰ ਸਾਹਿਬ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਅਜਿਹੇ ਪੋਸਟਰ ਅਤੇ ਬੈਨਰ ਲਗਾਏ ਗਏ ਸਨ। ਜਿਸ ਤੋਂ ਬਾਅਦ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਤੋਂ ਸੰਗਤਾਂ ਨੇ ਇਨ੍ਹਾਂ ਅਹੁਦੇਦਾਰਾਂ ਨਾਲ ਸੰਪਰਕ ਕਰਕੇ ਵੀਜ਼ਾ ਲਗਵਾਉਣ ਲਈ ਪਾਸਪੋਰਟ ਦੇ ਨਾਲ 1500 ਰੁਪਏ ਸੌਂਪੇ ਗਏ ਸਨ। ਅੱਜ ਨਵਾਂਸ਼ਹਿਰ ਤੋਂ ਰਵਾਨਾ ਹੋਣ ਸਮੇਂ 1000 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਪੈਸੇ ਲੈਣ ਉਪਰੰਤ ਸੰਗਤਾਂ ਨੂੰ ਪਾਕਿਸਤਾਨ ਦੇ ਵਾਹਘਾ ਬਾਰਡਰ/ਕਰਤਾਰਪੁਰ ਲਾਂਘੇ ’ਤੇ ਲਿਜਾਇਆ ਗਿਆ। ਜਿਥੇ ਲੰਬੀਆਂ ਕਤਾਰਾਂ ਵਿਚ ਲੱਗਣ ਤੋਂ ਬਾਅਦ ਜਦੋਂ ਉਹ ਸਬੰਧਤ ਅਫ਼ਸਰਾਂ ਕੋਲ ਪੁੱਜੇ ਤਾਂ ਉਨ੍ਹਾਂ ਨੇ ਇਹ ਆਖ ਕੇ ਸੰਗਤ ਨੂੰ ਵਾਪਸ ਕਰ ਦਿੱਤਾ ਕਿ ਤੁਹਾਡੀ ਅਪਰੂਵਲ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਤੁਹਾੜੇ ਕਾਗਜ਼ਾਤ ’ਚ ਕੋਈ ਕਮੀਆਂ ਹੋਣਗੀਆਂ ਜਿਸ ਕਾਰਨ ਮਨਜੂਰੀ ਨਹੀਂ ਆਈ ਹੈ।
ਜਿਸ ਕਾਰਨ ਨਮ ਅੱਖਾਂ ਨਾਲ ਵਾਪਸ ਨਵਾਂਸ਼ਹਿਰ ਪੁੱਜੀ ਸੰਗਤਾਂ ਦਾ ਗੁੱਸਾ ਫੁੱਟ ਪਿਆ। ਉਨ੍ਹਾਂ ਪ੍ਰਬੰਧਕਾਂ ਅਤੇ ਇਸ ਕੰਮ ਵਿਚ ਸ਼ਾਮਲ ਅਹੁਦੇਦਾਰਾਂ ਤੇ ਰੋਸ ਜਤਾਉਂਦਿਆਂ ਦੱਸਿਆ ਕਿ ਉਹ ਇਸ ਮਾਮਲੇ ਦੀ ਉੱਚ ਅਫ਼ਸਰਾਂ ਤੋਂ ਪੜਤਾਲ ਕਰਵਾਉਣਗੇ ਤਾਂ ਜੋ ਸੰਗਤਾਂ ਨਾਲ ਹੋ ਰਹੀਆਂ ਕਥਿਤ ਠੱਗੀਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਰੀਆਂ ਸੰਗਤਾਂ ਵੱਲੋਂ 15 ਜਨਵਰੀ 2026 ਤੋਂ ਪਹਿਲਾ ਸਬੰਧਤ ਜਥੇਬੰਦੀ ਨੂੰ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਏ ਸਨ। ਉਨ੍ਹਾਂ ਕਿਹਾ ਕਿ ਉਂਝ ਵਿਦੇਸ਼ ਜਾਣ ਜਾਂ ਪਾਕਿਸਤਾਨ ਜਾਣ ਵਾਲੀ ਸੰਗਤ ਦੀ ਪੁਲਿਸ ਇਨਕੁਆਇਰੀ ਹੁੰਦੀ ਹੈ ਪਰ ਇਸ ਵਾਰ ਉਨ੍ਹਾਂ ਦੀ ਕੋਈ ਵੀ ਪੁਲਿਸ ਵੈਰੀਫਿਕੇਸ਼ਨ ਨਹੀਂ ਹੋਈ। ਜਿਸ ਤੋਂ ਮਾਮਲਾ ਸ਼ੱਕੀ ਜਾਪ ਰਿਹਾ ਹੈ। ਸੰਗਤਾਂ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਪੁਲਿਸ ਕੋਲ ਸ਼ਿਕਾਇਤ ਕਰਨਗੇ ਤਾਂ ਜੋ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਹੋਇਆ ਖਿਲਵਾੜ ਅਤੇ ਅੱਗੇ ਤੋਂ ਸੰਗਤ ਦੀ ਹੋਣ ਵਾਲੀ ਲੁੱਟ ਰੋਕੀ ਜਾ ਸਕੇ। ਇਸ ਮੌਕੇ ਸੁਰਿੰਦਰ ਸਿੰਘ ਡੀਪੀ ਨੇ ਕਿਹਾ ਕਿ ਇਹ ਉਨ੍ਹਾਂ ਨਾਲ ਲਗਾਤਾਰ ਦੂਜੀ ਵਾਰ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਉਹ ਪਹਿਲਾ ਬਾਬਾ ਨਾਨਕ ਦੇ ਜਨਮ ਦਿਹਾੜੇ ’ਤੇ ਪਾਕਿਸਤਾਨ ਜਾਣਾ ਚਾਹੁੰਦੇ ਸਨ ਅਤੇ ਉਹ ਇਸ ਵਾਰ ਬਾਬਾ ਨਾਨਕ ਜੀ ਦੇ ਵਿਸਾਖੀ ਸਮਾਗਮ ਵਿਚ ਸ਼ਾਮਲ ਹੋਣ ਲਈ ਜਾਣਾ ਚਾਹੁੰਦੇ ਸਨ ਪਰ ਦੋ ਵਾਰੀ ਉਨ੍ਹਾਂ ਨਾਲ ਅਜਿਹੀ ਠੱਗੀ ਵੱਜੀ ਹੈ। ਉਨ੍ਹਾਂ ਕਿਹਾ ਕਿ ਬਾਬਾ ਨਾਨਕ ਨੇ ਤਾਂ ਸੱਜਣ ਵਰਗੇ ਠੱਗਾਂ ਨੂੰ ਸੁਧਾਰਿਆ ਸੀ ਪਰ ਅੱਜ ਬਾਬਾ ਨਾਨਕ ਦੇ ਨਾਂਅ ’ਤੇ ਠੱਗੀ ਮਾਰਨ ਵਾਲੇ ਸਰਗਰਮ ਹੋ ਗਏ ਹਨ। ਜੋ ਸੰਗਤਾਂ ਨਾਲ ਠੱਗੀਆਂ ਮਾਰ ਰਹੇ ਹਨ। ਜਿਨਾਂ ਨੂੰ ਰੋਕਣਾ ਅਤਿ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਬਣਦੀ ਕਾਰਵਾਈ ਕਰਵਾਈ ਜਾਵੇਗੀ ਤਾਂ ਜੋ ਅੱਗੇ ਤੋਂ ਸੰਗਤਾਂ ਨਾਲ ਅਜਿਹੀਆਂ ਠੱਗੀਆਂ ਨਾ ਵਾਪਰੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਨਕਾਣਾ ਸਾਹਿਬ ਜਾਣ ਦਾ ਜਦੋਂ ਉਨ੍ਹਾਂ ਦੇ ਜਾਣਕਾਰਾਂ ਨੂੰ ਪਤਾ ਚੱਲਿਆ ਸੀ ਤਾਂ ਕੁੱਝੇਕ ਸੰਗਤਾਂ ਵੱਲੋਂ ਰੁਮਾਲਾ ਅਤੇ ਹੋਰ ਸਮਾਨ ਗੁਰਦੁਆਰਾ ਸਾਹਿਬ ਵਿਖੇ ਚੜ੍ਹਾਉਣ ਲਈ ਸੌਂਪਿਆ ਸੀ ਪਰ ਇਸ ਠੱਗੀ ਨੇ ਉਨ੍ਹਾਂ ਦੇ ਮਨ ਅਤੇ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਅੰਬੈਸੀ ਵੱਲੋਂ ਲਗਾਏ ਜਾ ਰਹੇ ਵੀਜ਼ੇ ਅਸਲੀ ਹੈ ਜਾਂ ਨਕਲੀ ਹਨ ਇਸ ਮਾਮਲੇ ਦੀ ਵੀ ਸਹੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਉਧਰ ਪਰਮਜੀਤ ਸਿੰਘ ਨਵਾਂਸ਼ਹਿਰ ਨੇ ਦੱਸਿਆ ਕਿ ਉਹ ਪਹਿਲੀ ਵਾਰੀ ਸ੍ਰੀ ਨਨਕਾਣਾ ਸਾਹਿਬ ਮੱਥਾ ਟੇਕਣ ਜਾਣਾ ਚਾਹੁੰਦੇ ਸਨ ਪਰ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬਾਨਾਂ ਵਿਚ ਲੱਗੇ ਇਸ਼ਤਿਹਾਰਾਂ ਦੇ ਭਰੋਸੇ ਉਨ੍ਹਾਂ ਨੇ ਆਪਣੇ ਪਾਸਪੋਰਟ ਅਤੇ 1500 ਰੁਪਏ ਦੀ ਫੀਸ ਸਮੇਂ ਸਿਰ ਜਮ੍ਹਾਂ ਕਰਵਾਈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਵੀਜ਼ੇ ਲੱਗਣ ਤੋਂ ਬਾਅਦ ਵੀ ਉਨ੍ਹਾਂ ਨੂੰ ਨਹੀਂ ਭੇਜਿਆ ਗਿਆ ਤਾਂ ਉਨ੍ਹਾਂ ਦੇ ਮਨ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿਚ ਬਣਦੀ ਜਾਂਚ ਅਤੇ ਕਾਰਵਾਈ ਦੀ ਗੁਹਾਰ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਸਰਕਾਰ ਨੂੰ ਕਰਨਗੇ ਤਾਂ ਜੋ ਭਵਿੱਖ ਵਿਚ ਅਜਿਹੀ ਠੱਗੀਆਂ ਸੰਗਤਾਂ ਨਾਲ ਨਾ ਵਾਪਰਣ। ਉਧਰ ਗੁਰਸ਼ੇਰ ਸਿੰਘ ਰੱਕੜਾ ਢਾਹਾਂ, ਪਿੰਡ ਹਕੀਮਪੁਰ ਅਤੇ ਹੋਰਨਾਂ ਪਿੰਡਾਂ ਦੀਆਂ ਬਜ਼ੁਰਗ ਔਰਤਾਂ ਨੇ ਇਸ ਮਾਮਲੇ ਦੀ ਜਾਂਚ ਕਰਕੇ ਇਸ ਮਾਮਲੇ ਵਿਚ ਸ਼ਾਮਲ ਕਥਿਤ ਠੱਗਾਂ ਦੇ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਗੁਹਾਰ ਵੀ ਲਗਾਈ।
----
ਕੀ ਕਹਿੰਦੇ ਹਨ ਜਸਵਿੰਦਰ ਸਿੰਘ ਕਾਹਮਾ ?
ਉਧਰ ਕਲਗੀਧਰ ਸੇਵਕ ਜਥਾ ਕਾਹਮਾ ਦੇ ਸੇਵਾਦਾਰ ਬਾਬਾ ਜਸਵਿੰਦਰ ਸਿੰਘ ਕਾਹਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੰਸਥਾ ਦਾ ਤਾਲਮੇਲ ਪੰਜਾਬ 1799 ਅੰਮ੍ਰਿਤਸਰ ਸੰਸਥਾ ਨਾਲ ਹੈ ਜੋ ਕਿ ਸੰਗਤ ਦੇ ਸ੍ਰੀ ਨਨਕਾਣਾ ਸਾਹਿਬ ਦਰਸ਼ਨਾਂ ਲਈ ਲਿਜਾਉਣ ਲਈ 1500 ਰੁਪਏ ਲੈ ਕੇ ਵੀਜ਼ਾ ਲਗਵਾਉਣ ਦਾ ਪ੍ਰਬੰਧ ਕਰਦੀ ਹੈ। ਉਨ੍ਹਾਂ ਕਿਹਾ ਕਿ ਸੰਗਤ ਦੇ ਵੀਜ਼ਾ ਲੱਗਣ ਤੋਂ ਬਾਅਦ ਪਾਸਪੋਰਟ ਉਨ੍ਹਾਂ ਨੂੰ ਸੌਂਪੇ ਗਏ ਸਨ। ਜੋ ਕਿ ਉਨ੍ਹਾਂ ਨੇ ਸੰਗਤ ਨੂੰ ਸੌਂਪ ਦਿੱਤੇ ਸਨ। ਉਨ੍ਹਾਂ ਕਿਹਾ ਕਿ ਜਦੋਂ ਸੰਗਤਾਂ ਨੂੰ ਸ੍ਰੀ ਨਨਕਾਣਾ ਸਾਹਿਬ ਜਾਣ ਨਹੀਂ ਦਿੱਤਾ ਗਿਆ ਤਾਂ ਉਨ੍ਹਾਂ ਵੱਲੋਂ ਵਾਰ ਵਾਰ ਫੋਨ ਕਰਨ ਤੋਂ ਬਾਅਦ ਸਬੰਧਤ ਅਹੁਦੇਦਾਰ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਅਤੇ ਵਾਰ ਵਾਰ ਫੋਨ ਕਰਨ ਤੇ ਫੋਨ ਬੀਜੀ ਜਾਪ ਰਿਹਾ ਹੈ। ਉਨ੍ਹਾਂ ਦੱਸਿਆ ਕਿ 1500 ਰੁਪਏ ਵੀਜ਼ਾ ਫੀਸ ਤੋਂ ਬਾਅਦ ਸੰਗਤਾਂ ਤੋਂ 1000 ਰੁਪਏ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਅਤੇ ਵਾਹਘਾ ਬਾਰਡਰ ਤੱਕ ਲਿਜਾਉਣ ਤੱਕ ਖਰਚੇ ਦੇ ਰੁਪ ਵਿਚ ਲਿਆ ਜਾਂਦੇ ਹਨ। ਪਰ ਇਸ ਵਾਰ ਸੰਗਤਾਂ ਦੀ ਪੁਲਿਸ ਇਨਕੁਆਇਰੀ ਅਤੇ ਸੰਗਤਾਂ ਨੂੰ ਪਾਕਿਸਤਾਨ ਜਾਣ ਨਾ ਦੇਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਹ ਚੁੱਪੀ ਧਾਰਦੇ ਨਜ਼ਰ ਆਏ।