28 ਮਈ ਤੋਂ ਹੈਡ ਆਫਿਸ ਪਟਿਆਲਾ ਦਾ ਕਰਾਂਗੇ ਘਿਰਾਓ : ਆਗੂ
28 ਮਈ ਤੋਂ ਹੈਡ ਆਫਿਸ ਪਟਿਆਲਾ ਦਾ ਕਰਾਂਗੇ ਘਿਰਾਓ: ਆਗੂ
Publish Date: Fri, 22 May 2026 04:31 PM (IST)
Updated Date: Fri, 22 May 2026 04:34 PM (IST)

ਜਲ ਸਪਲਾਈ ਕਾਮੇ ਪੰਜਾਬ ਸਰਕਾਰ ਨਾਲ ਆਰ ਪਾਰ ਦੇ ਮੂਡ ਵਿਚ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਜ਼ਿਲ੍ਹਾਂ ਰੂਪਨਗਰ ਦੀ ਬ੍ਰਾਂਚ ਨੰਗਲ, ਸ਼੍ਰੀ ਅਨੰਦਪੁਰ ਸਾਹਿਬ, ਦੀ ਸਾਂਝੀ ਮੀਟਿੰਗ ਢੇਰ ਵਿਖੇ ਜ਼ਿਲ੍ਹਾਂ ਪ੍ਰਧਾਨ ਕਪਿਲ ਮਹਿੰਦਲੀ ਅਤੇ ਸੂਬਾ ਆਗੂ ਜਸਵੀਰ ਸਿੰਘ ਜਿੰਦਵੜੀ ਦੀ ਸੰਯੁਕਤ ਅਗਵਾਈ ਹੇਠ ਕੀਤੀ ਗਈ। ਪੱਕੇ ਰੋਜ਼ਗਾਰ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਪ੍ਰਤੀ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਨ ਲਈ ਉਕਤ ਮੈਰਾਥਨ ਮੀਟਿੰਗ ਲਗਭਗ ਦੋ ਘੰਟੇ ਚੱਲੀ। ਮੀਟਿੰਗ ਵਿਚ ਮੋਰਚੇ ਦੇ ਸੀਨੀਅਰ ਆਗੂ ਗੁਰਦਿਆਲ ਸਿੰਘ ਭੰਗਲ ਉਚੇਚੇ ਤੌਰ ’ਤੇ ਪਹੁੰਚੇ। ਮੀਟਿੰਗ ਵਿਚ ਵਰਕਰਾਂ ਦਾ ਉਤਸ਼ਾਹ ਦੇਖਣਯੋਗ ਸੀ ਅਤੇ ਮੀਟਿੰਗ ਦੀ ਸਮਾਪਤੀ ’ਤੇ ਸਮੂਹ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਰੇਬਾਜ਼ੀ ਕੀਤੀ। ਮੀਟਿੰਗ ਦੀ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦਿਆਂ ਯੂਨੀਅਨ ਆਗੂ ਕਪਿਲ ਮਹਿੰਦਲੀ, ਜਸਵੀਰ ਸਿੰਘ ਜਿੰਦਵੜੀ, ਮੱਖਣ ਕਾਲਸ, ਸੁਰਿੰਦਰ ਨੰਗਲ, ਗੁਰਮੁਖ ਸਿੰਘ ਕਲੋਤਾ, ਸੋਨੂੰ ਕੁਮਾਰ ਗੰਭੀਰਪੁਰ, ਗੁਰਜੀਤ ਸਿੰਘ ਲਮਲੈਹੜੀ, ਸਤਨਾਮ ਸਿੰਘ, ਜੱਸੀ ਕੀਰਤਪੁਰ ਆਦਿ ਨੇ ਦੱਸਿਆ ਕਿ ਸਬ ਕਮੇਟੀ ਨੇ 19 ਮਈ ਦੀ ਮੀਟਿੰਗ ਸਥਾਨਕ ਸਰਕਾਰਾਂ ਦੀਆਂ ਚੋਣਾਂ ਦਾ ਬਹਾਨਾ ਲਗਾ ਕੇ ਰੱਦ ਕਰ ਦਿੱਤੀ। ਜਿਸ ਤੋਂ ਬਾਅਦ ਸੂਬਾ ਕਮੇਟੀ ਨੇ ਚੋਣ ਜ਼ਾਬਤੇ ਕਾਰਨ 23 ਮਈ ਦਾ ਪ੍ਰੋਗਰਾਮ ਮੁਲਤਵੀ ਕਰ ਕੇ 28 ਮਈ ਨੂੰ ਜਲ ਸਪਲਾਈ ਦਾ ਪਟਿਆਲਾ ਸਥਿਤ ਦਫਤਰ ਜਲ ਸਪਲਾਈ ਦਾ ਕੰਮ ਜਾਮ ਕਰਕੇ ਘੇਰਨ ਦਾ ਐਲਾਨ ਕਰ ਦਿਤਾ ਹੈ। ਇਹ ਘਿਰਾਓ ਓਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਵਿਭਾਗ ਅਤੇ ਸਰਕਾਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਮੂਹ ਆਊਟਸੋਰਸ ਇੰਨਲਿਟਸਮੈਂਟ ਮੁਲਾਜ਼ਮਾਂ ਨੂੰ ਵਿਭਾਗ ਵਿਚ ਮਰਜ ਕਰਕੇ ਸਾਰੀਆਂ ਮੰਗਾਂ ਦੀ ਪ੍ਰਵਾਨਗੀ ਨਾਂ ਕਰੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦੋਰਾਨ ਜਲ ਸਪਲਾਈ ਸਕੀਮਾਂ, ਦਫ਼ਤਰਾਂ, ਲੈਬ ਆਦਿ ਵਿਚ ਮੁਕੰਮਲ ਕੰਮ ਬੰਦ ਕੀਤਾ ਜਾਵੇਗਾ, ਜਿਸ ਕਾਰਨ ਲੋਕਾਂ ਨੂੰ ਕੁਝ ਪ੍ਰੇਸ਼ਾਨੀ ਆ ਸਕਦੀ ਹੈ, ਜਿਸ ਕਾਰਨ ਉਹ ਲੋਕਾਂ ਤੋਂ ਮੁਆਫੀ ਮੰਗਦੇ ਹਨ ਅਤੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਇਸ ਹਾਲਤ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਜਲ ਸਪਲਾਈ ਵਿਭਾਗ ਹੈ ਕਿਉਂਕਿ ਵਿਭਾਗ ਜਲ ਸਪਲਾਈ ਦੇ ਆਊਟਸੋਰਸ ਇੰਨਲਿਟਸਮੈਂਟ ਮੁਲਾਜ਼ਮਾਂ ਦਾ ਸ਼ੋਸਣ ਕਰ ਰਿਹਾ ਹੈ ਅਤੇ ਸਰਕਾਰ ਆਪਣਾ ਵਾਅਦਾ ਪੂਰਾ ਨਹੀਂ ਕਰ ਰਹੀ ਹੈ, ਇਸੇ ਵਾਅਦਾ ਖਿਲਾਫੀ ਕਰਕੇ ਇਹ ਸਥਿਤੀ ਪੈਦਾ ਹੋਈ ਹੈ ਇਸ ਗੰਭੀਰ ਤੋਰ ‘ਤੇ ਪੈਦਾ ਹੋਣ ਵਾਲੀ ਸਥਿਤੀ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ, ਮਾਣਯੋਗ ਮੁੱਖ ਮੰਤਰੀ ਪੰਜਾਬ, ਅਤੇ ਜਲ ਸਪਲਾਈ ਵਿਭਾਗ ਦੀ ਹੈ। ਇਸ ਲਈ ਪੰਜਾਬ ਦੇ ਲੋਕ ਸੰਘਰਸ਼ ਕਰ ਰਹੇ ਵਰਕਰਾਂ ਦਾ ਡਟ ਕੇ ਸਾਥ ਦੇਣ, ਅਤੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ, ਠੇਕਾ ਮੁਲਾਜ਼ਮ ਪੰਜਾਬ ਦੇ ਲੋਕਾਂ ਦੇ ਰਿਣੀ ਰਹਿਣਗੇ। ਜ਼ਿਲ੍ਹਾ ਪ੍ਰਧਾਨ ਕਪਿਲ ਮਹਿੰਦਲੀ ਅਤੇ ਸੂਬਾ ਆਗੂ ਜਸਵੀਰ ਸਿੰਘ ਜਿੰਦਵੜੀ ਨੇ ਕਿਹਾ ਕਿ ਇਸ ਅਣਮਿੱਥੇ ਕੰਮ ਜਾਮ ਸੰਘਰਸ਼ ਪ੍ਰੋਗਰਾਮ ਦੋਰਾਨ ਜੇਕਰ ਪੰਜਾਬ ਸਰਕਾਰ ਅਤੇ ਵਿਭਾਗ ਜਾਂ ਡਵੀਜ਼ਨ ਸ਼੍ਰੀ ਅਨੰਦਪੁਰ ਸਾਹਿਬ ਨੇ ਆਊਟਸੋਰਸ, ਇੰਨਲਿਟਸਮੈਂਟ ਮੁਲਾਜ਼ਮਾਂ ਦੇ ਪ੍ਰਤੀ ਕੋਈ ਜਾਬਰ ਜਾਂ ਧਾਕੜ ਕਾਰਵਾਈ ਕੀਤੀ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰ ਦਿਤਾ ਜਾਵੇਗਾ ਕਿਉਂਕਿ ਸਰਕਾਰ ਦਾ ਮਹਿਜ਼ ਪੰਜ ਮਹੀਨੇ ਦਾ ਕਾਰਜਕਾਲ ਰਹਿ ਗਿਆ ਹੈ ਇਸ ਲਈ ਵਰਕਰਾਂ ਦੇ ਮਨਾਂ ਅੰਦਰ ਅਤਿ ਦਾ ਗੁੱਸਾ ਅਤੇ ਰੋਹ ਪਲ ਰਿਹਾ ਹੈ। ਪੰਜਾਬ ਸਰਕਾਰ ਨੂੰ ਆਪਣਾਂ ਜ਼ਿਦੀ ਵਿਵਹਾਰ ਤਿਆਗ ਕੇ ਇਸ ਮੋਰਚੇ ਤੋਂ ਪਹਿਲਾਂ ਪਹਿਲਾਂ ਆਊਟਸੋਰਸਡ ਇੰਨਲਿਟਸਮੈਂਟ ਮੁਲਾਜ਼ਮਾਂ ਨੂੰ ਵਿਭਾਗ ਵਿਚ ਸ਼ਾਮਲ ਕਰ ਕੇ ਵਰਕਰਾਂ ਦੇ ਰੋਹ ਨੂੰ ਠੰਢਾ ਕਰਕੇ ਆਪਣੀਆਂ ਆਪਣੀਆਂ ਡਿਊਟੀਆਂ ਤੇ ਭੇਜ ਦੇਣਾ ਚਾਹੀਦਾ ਹੈ ਤਾਂ ਜ਼ੋ ਲੋਕਾਂ ਨੂੰ ਵੀ ਕੋਈ ਪ੍ਰੇਸ਼ਾਨੀ ਨਾਂ ਆਵੇ ਅਤੇ ਵਰਕਰਾਂ ਨੂੰ ਵੀ ਪਰਿਵਾਰਾਂ ਅਤੇ ਬੱਚਿਆਂ ਸਮੇਤ ਘਿਰਾਓ ਨਾਂ ਕਰਨਾਂ ਪਵੇ। ਜੇਕਰ ਫਿਰ ਵੀ ਘਿਰਾਓ ਪ੍ਰੋਗਰਾਮ ਦੀ ਸਥਿਤੀ ਬਣਦੀ ਹੈ ਅਤੇ ਮੋਰਚਾ ਲੰਬਾ ਖਿੱਚਿਆ ਜਾਂਦਾ ਹੈ ਤਾਂ, ਸਿਹਤ ਮਾਹਿਰਾਂ ਅਨੁਸਾਰ ਅੱਤ ਦੀ ਪੈ ਰਹੀ ਗਰਮੀ ਕਾਰਨ ਕਿਸੇ ਵੀ ਵਰਕਰ, ਪਰਿਵਾਰ ਅਤੇ ਬੱਚੇ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਨਿਰੋਲ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਜਲ ਸਪਲਾਈ ਵਿਭਾਗ ਦੀ ਹੋਵੇਗੀ। ਇਸ ਮੋਕੇ ’ਤੇ ਵੱਡੀ ਗਿਣਤੀ ਵਿਚ ਵਰਕਰ ਅਤੇ ਸੀਨੀਅਰ ਆਗੂ ਹਾਜ਼ਰ ਸਨ।