ਕੋਰੋਨਾ ਕਾਲ 'ਚ ਬੰਦ ਹੋਈ ਰੇਲ ਸੇਵਾ ਦੇ ਮੁੜ ਸ਼ੁਰੂ ਹੋਣ ’ਤੇ ਰਾਹੋੰ ਵਾਸੀਆਂ 'ਚ ਖੁਸ਼ੀ ਦੀ ਲਹਿਰ
ਕੋਰੋਨਾ ਕਾਲ 'ਚ ਬੰਦ ਹੋਈ ਰੇਲ ਸੇਵਾ ਦੇ ਮੁੜ ਸ਼ੁਰੂ ਹੋਣ ਤੇ ਰਾਹੋੰ ਵਾਸੀਆਂ 'ਚ ਖੁਸ਼ੀ ਦੀ ਲਹਿਰ
Publish Date: Sat, 18 Apr 2026 04:42 PM (IST)
Updated Date: Sun, 19 Apr 2026 04:03 AM (IST)

- ਕੇੰਦਰੀ ਰੇਲ ਮੰਤਰੀ ਦਾ ਕੀਤਾ ਧੰਨਵਾਦ ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ ਕੋਰੋਨਾ ਦੌਰਾਨ ਬੰਦ ਹੋਈ ਰੇਲ ਸੇਵਾ ਦੇ ਦੋਬਾਰਾ ਸ਼ੁਰੂ ਹੋਣ ਤੇ ਰਾਹੋਂ ਦੇ ਸ਼ਹਿਰ ਵਾਸੀਆਂ ਨੇ ਖੁਸ਼ੀ ਦਾ ਇਜਹਾਰ ਕਰਦਿਆਂ ਰੇਲ ਪਾਇਲਟ ਸਮੇਤ ਸਮੂਹ ਸਟਾਫ਼ ਨੂੰ ਸਨਮਾਨਿਤ ਕੀਤਾ ਗਿਆ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਇਸ ਸੇਵਾ ਦੇ ਸ਼ੁਰੂ ਹੋਣ ਨਾਲ ਰਾਹੋਂ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਸ਼ਹਿਰ ਵਾਸੀਆਂ ਨੇ ਰੇਲ ਸੇਵਾ ਦੁਬਾਰਾ ਸ਼ੁਰੂ ਹੋਣ ਤੇ ਲੱਡੂ ਵੰਡੇ। ਦੱਸਣਯੋਗ ਹੈ ਕਿ ਕੋਰੋਨਾ ਕਾਲ ਸ਼ੁਰੂ ਹੋਣ ਤੋਂ ਬਾਅਦ ਰਾਹੋਂ ਰੇਲਵੇ ਸਟੇਸ਼ਨ ਤੋਂ ਕਰੀਬ 7 ਸਾਲਾਂ ਤੋਂ ਬੰਦ ਪਈ ਰੇਲ ਸੇਵਾ ਨੂੰ ਲੋਕਾਂ ਦੀ ਮੰਗ ਨੂੰ ਦੇਖਦਿਆਂ ਹੁਣ ਦੋਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ। ਰੇਲ ਸੇਵਾ ਬੰਦ ਰਹਿਣ ਕਾਰਨ ਲੋਕਾਂ ਨੂੰ ਬੱਸਾਂ ਅਤੇ ਹੋਰਨਾਂ ਮਹਿੰਗੇ ਸਾਧਨਾਂ ਰਾਹੀਂ ਸਫਰ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਸੀ। ਇਸ ਮੌਕੇ ਵਾਤਾਵਰਨ ਸੇਵਾ ਸੁਸਾਇਟੀ ਰਾਹੋਂ ਦੇ ਮੈਂਬਰਾਂ ਵੱਲੋਂ ਰੇਲਵੇ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਰਾਹੋਂ ਸਟੇਸ਼ਨ ਦਾ ਨਵੀਨੀਕਰਨ ਚੰਗੇ ਤਰੀਕੇ ਨਾਲ ਕਰਕੇ ਇਸਦੀ ਸਾਫ਼ ਸਫਾਈ ਵੱਲ ਵੀ ਧਿਆਨ ਦਿੱਤਾ ਜਾਵੇ। ਰਾਹੋਂ ਸਟੇਸ਼ਨ ਤੇ ਪੀਣ ਵਾਲੇ ਪਾਣੀ, ਪਲੇਟਫਾਰਮ ਸ਼ੈਲਟਰ, ਬੈਂਚਾਂ ਅਤੇ ਪਖਾਨਿਆਂ ਦੀ ਸੁਵਿਧਾ ਨੂੰ ਯਕੀਨੀ ਬਣਾਇਆ ਜਾਵੇ। ਸਟੇਸ਼ਨ ਦੇ ਬਾਹਰ ਵਾਹਨ ਪਾਰਕਿੰਗ ਅਤੇ ਬਿਹਤਰ ਰੋਸ਼ਨੀ ਦਾ ਪ੍ਰਬੰਧ ਕੀਤਾ ਜਾਵੇ।।ਇਸ ਮੌਕੇ ਸਮਾਜ ਸੇਵੀ ਅਸ਼ਵਨੀ ਜੋਸ਼ੀ ਨੇ ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਰੇਲਵੇ ਲਾਈਨ ਨੂੰ ਜਲਦ ਤੋਂ ਜਲਦ ਰਾਹੋਂ-ਸਮਰਾਲਾ-ਖੰਨਾ ਰੇਲਵੇ ਸਟੇਸ਼ਨ ਨਾਲ ਜੋੜ੍ਹਿਆ ਜਾਵੇ। ਤਾਂ ਜੋ ਨੌਕਰੀ ਪੇਸ਼ਾ ਅਤੇ ਵਪਾਰੀਆਂ ਨੂੰ ਸਹੂਲਤ ਮਿਲ ਸਕੇ। ਇਸ ਰੇਲ ਸੇਵਾ ਦੇ ਸ਼ੁਰੂ ਹੋਣ ਨਾਲ ਰਾਹੋਂ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿਦਿਆਰਥੀਆਂ, ਕਰਮਚਾਰੀਆਂ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਆਵਾਜਾਈ ਵਿੱਚ ਆ ਰਹੀਆਂ ਦਿੱਕਤਾਂ ਤੋਂ ਰਾਹਤ ਮਿਲੇਗੀ। ਇਸ ਮੌਕੇ ਤਾਰਾ ਸਿੰਘ ਗੈਬਾ ਯਾਦਗਾਰੀ ਸੱਥ ਰਾਹੋਂ ਦੇ ਮੈਂਬਰਾਂ ਨੇ ਵੀ ਰੇਲ ਵਿਭਾਗ ਦਾ ਧੰਨਵਾਦ ਕੀਤਾ। ਇਸ ਮੌਕੇ ਜੀਤ ਰਾਮ ਹਿਆਲਾ, ਰਾਮ ਸਾਹਿਲ, ਗਾਇਕ ਅਮਿਤ ਅਨਵਰ, ਕ੍ਰਿਸ਼ਨ ਚੱਡਾ, ਰਾਜਾ ਕੈਂਥ, ਅੰਕੁਸ਼ ਪੋਪਲੀ, ਏਵਨ ਸਿੰਘ ਜਨਾਗਲ, ਬੱਲੀ ਕਾਹਲੋਂ ਸਮੇਤ ਹੋਰ ਪਤਵੰਤੇ ਹਾਜ਼ਰ ਸਨ।