ਚੋਰਾਂ ਨੇ ਸੋਨੇ ਚਾਂਦੀ ਦੇ ਗਹਿਣੇ ’ਤੇ ਨਗਦੀ ’ਤੇ ਕੀਤਾ ਹੱਥ ਸਾਫ
ਭਾਊਵਾਲ ਵਿਖੇ ਅਣਪਛਾਤੇ ਚੋਰਾਂ ਨੇ ਫਿਰਨੀ ਤੋਂ ਬਾਹਰ ਇੱਕ ਘਰ ਨੂੰ ਬਣਾਇਆ ਨਿਸ਼ਾਨਾ
Publish Date: Tue, 17 Feb 2026 06:58 PM (IST)
Updated Date: Tue, 17 Feb 2026 07:00 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਪਿੰਡ ਭਾਉਵਾਲ ਵਿਖੇ ਅਣਪਛਾਤੇ ਚੋਰਾਂ ਨੇ ਫਿਰਨੀ ਤੋਂ ਬਾਹਰ ਬਣੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਤਾਲਾ ਤੋੜ ਕੇ ਸੋਨੇ-ਚਾਂਦੀ ਦੇ ਗਹਿਣੇ, ਨਗਦੀ ਅਤੇ ਕੱਪੜੇ ਚੋਰੀ ਕਰ ਲਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੀ ਮਾਲਕਣ ਦਲਜੀਤ ਕੌਰ ਪਤਨੀ ਨਰਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਭਰਜਾਈ ਦੀ ਤਬੀਅਤ ਖਰਾਬ ਹੋਣ ਕਾਰਨ ਉਸਨੂੰ ਹਸਪਤਾਲ ਲੈ ਕੇ ਗਈ ਹੋਈ ਸੀ। ਹਸਪਤਾਲ ਤੋਂ ਛੁੱਟੀ ਹੋਣ ਮਗਰੋਂ ਉਹ ਆਪਣੇ ਘਰ ਭਾਉਵਾਲ ਆਉਣ ਦੀ ਬਜਾਏ ਆਪਣੇ ਪੇਕੇ ਘਰ ਕਲਵਾਂ ਚਲੀ ਗਈ ਸੀ। ਉਸਨੇ ਦੱਸਿਆ ਕਿ ਅੱਜ ਸਵੇਰੇ ਕਰੀਬ 7 ਵਜੇ ਜਦੋਂ ਉਹ ਵਾਪਸ ਆਪਣੇ ਘਰ ਪਹੁੰਚੀ ਤਾਂ ਉਸਨੇ ਦੇਖਿਆ ਕਿ ਅੰਦਰਲੇ ਮੇਨ ਦਰਵਾਜ਼ੇ ਦਾ ਜਿੰਦਾ ਟੁੱਟਿਆ ਹੋਇਆ ਸੀ ’ਤੇ ਘਰ ਅੰਦਰ ਸਾਰਾ ਸਮਾਨ ਇਧਰ-ਉਧਰ ਖਿਲਰਿਆ ਪਿਆ ਸੀ। ਅਲਮਾਰੀਆਂ ਅਤੇ ਬਕਸੇ ਖੋਲ੍ਹ ਕੇ ਚੋਰਾਂ ਵੱਲੋਂ ਸੋਨੇ ਚਾਂਦੀ ਦੇ ਗਹਿਣੇ, 12 ਹਜ਼ਾਰ ਰੁਪਏ ਨਗਦੀ ਅਤੇ ਅਣਸੀਤੇ ਲੇਡੀਜ ਸੂਟ ਚੋਰੀ ਕੀਤੇ ਗਏ ਹਨ। ਘਟਨਾ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਨੂੰ ਦਿੱਤੀ ਗਈ। ਮੌਕੇ ’ਤੇ ਪਹੁੰਚੀ ਪੁਲਿਸ ਟੀਮ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਘਰ ਦੇ ਆਲੇ-ਦੁਆਲੇ ਜਾਂਚ ਕੀਤੀ।ਇਸ ਦੌਰਾਨ ਪੁਲਿਸ ਵੱਲੋਂ ਸਰਕਾਰੀ ਹਾਈ ਸਕੂਲ ਭਾਉਵਾਲ ਲਾਗੇ ਲੱਗੇ ਸੀ ਸੀ ਟੀ ਵੀ ਕੈਮਰੇ ਖੰਗਾਲਣ ਤੇ ਪਤਾ ਲੱਗਾ ਹੈ ਕਿ ਚੋਰ ਜਿਨਾਂ ਦੀ ਗਿਣਤੀ ਚਾਰ ਸੀ ਨੇ ਆਪਣੇ ਹੱਥਾਂ ਵਿਚ ਰਾਡਾਂ ਵਗੈਰਾ ਫੜੀਆਂ ਹੋਈਆਂ ਸਨ। ਸਥਾਨਕ ਥਾਣਾ ਮੁਖੀ ਰੋਹਿਤ ਸ਼ਰਮਾ ਨੇ ਦੱਸਿਆ ਕਿ ਫਿੰਗਰ ਪ੍ਰਿੰਟ ਮਾਹਰਾਂ ਨੂੰ ਵੀ ਬੁਲਾਇਆ ਗਿਆ ਤੇ ਪੁਲਿਸ ਗੰਭੀਰਤਾ ਨਾਲ ਜਾਂਚ ਵਿਚ ਜੁੱਟ ਗਈ ਹੈ ਜਲਦ ਹੀ ਪੁਲਿਸ ਵੱਲੋਂ ਚੋਰਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਡੱਕਿਆ ਜਾਵੇਗਾ।