ਰੇਤਾ ਬਜਰੀ ਦੀਆਂ ਟਰਾਲੀਆਂ ਦੇ ਰਹੀਆਂ ਹਾਦਸਿਆਂ ਨੂੰ ਸੱਦਾ
ਬਿਨ੍ਹਾਂ ਢੱਕੇ ਮਿੱਟੀ, ਰੇਤ ’ਤੇ ਬਜਰੀ ਦੀਆਂ ਟਰਾਲੀਆਂ ਦੇ ਰਹੀਆਂ ਨੇ ਹਾਦਸਿਆਂ ਨੂੰ ਸੱਦਾ
Publish Date: Thu, 07 May 2026 05:44 PM (IST)
Updated Date: Thu, 07 May 2026 05:44 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਇਲਾਕੇ ਵਿੱਚ ਮਿੱਟੀ, ਰੇਤ ਅਤੇ ਬਜਰੀ ਨਾਲ ਭਰੀਆਂ ਟਰੈਕਟਰ-ਟਰਾਲੀਆਂ ਅਤੇ ਟਿੱਪਰਾਂ ਨੂੰ ਬਿਨ੍ਹਾਂ ਢੱਕੇ ਸੜਕਾਂ ’ਤੇ ਲਿਜਾਉਣ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਆਵਾਜਾਈ ਕਰਨ ਵਾਲੇ ਲੋਕਾਂ ਦੀ ਜਾਨ ਖਤਰੇ ਵਿੱਚ ਪੈ ਰਹੀ ਹੈ। ਪ੍ਰਸ਼ਾਸਨਿਕ ਨਿਯਮਾਂ ਨੂੰ ਅਣਡਿੱਠਾ ਕਰਦੇ ਹੋਏ ਕਈ ਵਾਹਨ ਚਾਲਕ ਖੁੱਲ੍ਹੇ ਤੌਰ ’ਤੇ ਸਮੱਗਰੀ ਦੀ ਢੁਆਈ ਕਰ ਰਹੇ ਹਨ, ਜਿਸ ਨਾਲ ਸੜਕਾਂ ’ਤੇ ਧੂੜ ਫੈਲ ਰਹੀ ਹੈ ਅਤੇ ਹਾਦਸਿਆਂ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇਹ ਟਰਾਲੀਆਂ ਤੇਜ਼ ਰਫ਼ਤਾਰ ਨਾਲ ਗੁਜ਼ਰਦੀਆਂ ਹਨ ਤਾਂ ਰੇਤ, ਮਿੱਟੀ ਜਾਂ ਬਜਰੀ ਸੜਕ ’ਤੇ ਡਿੱਗਦੀ ਰਹਿੰਦੀ ਹੈ। ਇਸ ਨਾਲ ਦੋ ਪਹੀਆ ਵਾਹਨ ਚਾਲਕਾਂ ਲਈ ਵੱਡੀ ਮੁਸ਼ਕਲ ਪੈਦਾ ਹੋ ਜਾਂਦੀ ਹੈ ਅਤੇ ਕਈ ਵਾਰ ਉਹ ਸੰਤੁਲਨ ਗੁਆ ਬੈਠਦੇ ਹਨ। ਇਲਾਕੇ ਦੇ ਰਹਿਣ ਵਾਲਿਆਂ ਨੇ ਦੱਸਿਆ ਕਿ ਸਕੂਲੀ ਬੱਚੇ, ਬਜ਼ੁਰਗ ਅਤੇ ਪੈਦਲ ਚੱਲਣ ਵਾਲੇ ਲੋਕ ਵੀ ਇਸ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਲੋਕਾਂ ਨੇ ਦੋਸ਼ ਲਗਾਇਆ ਕਿ ਟ੍ਰੈਫਿਕ ਨਿਯਮਾਂ ਅਨੁਸਾਰ ਇਨ੍ਹਾਂ ਵਾਹਨਾਂ ਨੂੰ ਤਰਪਾਲ ਜਾਂ ਹੋਰ ਕਿਸੇ ਪਰਦੇ ਆਦਿ ਨਾਲ ਢੱਕਣਾ ਲਾਜ਼ਮੀ ਹੁੰਦਾ ਹੈ, ਪਰ ਬਹੁਤੇ ਵਾਹਨ ਚਾਲਕ ਇਸਦੀ ਪਾਲਣਾ ਨਹੀਂ ਕਰ ਰਹੇ। ਕਈ ਵਾਰ ਵਾਹਨਾਂ ’ਚੋਂ ਉੱਡਦੀ ਧੂੜ ਨਾਲ ਦਿੱਖ ਘੱਟ ਹੋ ਜਾਂਦੀ ਹੈ, ਜਿਸ ਨਾਲ ਹੋਰ ਵਾਹਨਾਂ ਦੇ ਚਾਲਕਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮਾਜਿਕ ਸੰਸਥਾਵਾਂ ਅਤੇ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਿਨਾਂ ਢੱਕੇ ਸਮੱਗਰੀ ਲਿਜਾਣ ਵਾਲੇ ਵਾਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਨਿਗਰਾਨੀ ਨਾ ਕੀਤੀ ਗਈ ਤਾਂ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਲੋਕਾਂ ਨੇ ਪੁਲਿਸ ਅਤੇ ਸੰਬੰਧਿਤ ਵਿਭਾਗ ਤੋਂ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਸੜਕਾਂ ’ਤੇ ਸੁਰੱਖਿਆ ਬਣੀ ਰਹੇ।