ਹੋਲੇ ਮਹੱਲੇ ਮੌਕੇ ਲਾਇਆ ਜਾਵੇਗਾ ਦਸਤਾਰਾਂ ਦਾ ਲੰਗਰ
ਹੋਲੇ ਮਹੱਲੇ ਮੌਕੇ 3 ਅਤੇ 4 ਮਾਰਚ ਨੂੰ ਲਗਾਇਆ ਜਾਵੇਗਾ ਦਸਤਾਰਾਂ ਦਾ ਲੰਗਰ
Publish Date: Sat, 28 Feb 2026 05:52 PM (IST)
Updated Date: Sat, 28 Feb 2026 05:55 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਪੱਕੇ ਤੌਰ ’ਤੇ ਸਾਬਤ ਸੂਰਤ ਹੋਣ ਵਾਲੇ ਨੌਜਵਾਨਾਂ ਨੂੰ ਦਸਤਾਰਾਂ ਨਾਲ ਕੀਤਾ ਜਾਵੇਗਾ ਸਨਮਾਨਿਤ। ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਭਾਈ ਮਨਦੀਪ ਸਿੰਘ ਖੁਰਦ ਨੇ ਦੱਸਿਆ ਕਿ ਦਸਤਾਰ ਖੇਤਰ ਵਿਚ ਲੰਮੇ ਸਮੇਂ ਤੋਂ ਦਸਤਾਰ ਦਾ ਸੁਨੇਹਾ ਘਰ ਘਰ ਤੱਕ ਪਹੁੰਚਾਉਣ ਲਈ ਦੇਸ਼ਾਂ ਵਿਦੇਸ਼ਾਂ ਵਿਚ ਮੋਹਰੀ ਭੂਮਿਕਾ ਨਿਭਾ ਰਹੀ ਇੰਟਰਨੈਸ਼ਨਲ ਸੰਸਥਾ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੋਲੇ ਮਹੱਲੇ ਮੌਕੇ ਨੌਜਵਾਨਾਂ ਨੂੰ ਦਸਤਾਰ ਪ੍ਰਤੀ ਜਾਗਰੂਕ ਕਰਨ ਲਈ ਆਓ ਦਸਤਾਰਾਂ ਸਜਾਈਏ ਮੁਹਿੰਮ ਤਹਿਤ ਦਸਤਾਰ ਸਿਖਲਾਈ ਕੈਂਪ ਅਤੇ ਦਸਤਾਰਾਂ ਦਾ ਲੰਗਰ ਮਿਤੀ 3 ਅਤੇ 4 ਮਾਰਚ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇੜੇ ਦੀਵਾਨ ਹਾਲ ਵਿਖੇ ਲਗਾਇਆ ਜਾਵੇਗਾ। ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਮਨਦੀਪ ਸਿੰਘ ਖੁਰਦ ਨੇ ਦੱਸਿਆ ਕਿ ਖਾਲਸੇ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹੋਲੇ ਮਹੱਲੇ ਦੇ ਪਾਵਨ ਮੌਕੇ ਸੰਸਥਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਦੌਰਾਨ ਦਸਤਾਰ ਅਤੇ ਦੁਮਾਲੇ ਦੀ ਹਰ ਕਿਸਮ ਦੀ ਸਿਖਲਾਈ ਪੰਜਾਬ ਦੇ ਉੱਚ ਕੋਟੀ ਦੇ ਦਸਤਾਰ ਕੋਚਾਂ ਵੱਲੋਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜੋ ਨੌਜਵਾਨ ਸਾਬਤ ਸੂਰਤ ਹੋਣ ਅਤੇ ਪੱਕੇ ਤੌਰ ’ਤੇ ਦਸਤਾਰ ਸਜਾਉਣ ਦਾ ਪ੍ਰਣ ਕਰਨਗੇ, ਉਨ੍ਹਾਂ ਨੂੰ ਸੰਸਥਾ ਵੱਲੋਂ ਦਸਤਾਰ ਭੇਟ ਕਰਕੇ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਸਤਾਰ ਸਿਖਲਾਈ ਕੈਂਪ ਲਗਾਉਣ ਦਾ ਮੁੱਖ ਉਦੇਸ਼ ਦਸਤਾਰ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨਾ ਅਤੇ ਦਸਤਾਰ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਹੈ। ਇਸ ਮੌਕੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਸਤਾਰ ਸਿਖਲਾਈ ਕੈਂਪ ਦਾ ਪੋਸਟਰ ਜਾਰੀ ਕਰਦੇ ਹੋਏ ਕਿਹਾ ਕਿ ਲੰਮੇ ਸਮੇਂ ਤੋਂ ਦਸਤਾਰ ਦਾ ਪ੍ਰਚਾਰ ਕਰ ਰਹੀ ਸੰਸਥਾ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਉਪਰਾਲੇ ਸ਼ਲਾਘਾਯੋਗ ਹਨ। ਸੰਸਥਾ ਦੇ ਯਤਨਾਂ ਨਾਲ ਵੱਡੇ ਪੱਧਰ ’ਤੇ ਨੌਜਵਾਨ ਪੀੜ੍ਹੀ ਦਸਤਾਰ ਨਾਲ ਜੁੜ ਰਹੀ ਹੈ। ਇਸ ਮੌਕੇ ਬਾਬਾ ਮਹਿੰਦਰ ਸਿੰਘ ਬੇਗੋਵਾਲ, ਚੇਅਰਮੈਨ ਜਰਨੈਲ ਸਿੰਘ ਨੱਥੋਹੇੜੀ, ਚੀਫ ਸੈਕਟਰੀ ਭਾਈ ਗੁਰਵਿੰਦਰ ਸਿੰਘ ਲਵਲੀ, ਚੀਫ ਐਡਵਾਈਜ਼ਰ ਅਮਨਦੀਪ ਸਿੰਘ ਰਤਨ, ਮਲੇਸ਼ੀਆ ਇੰਚਾਰਜ ਸਰਬਜੀਤ ਸਿੰਘ, ਬਲਜਿੰਦਰ ਸਿੰਘ ਸੁੱਖਾ, ਗੁਰਪ੍ਰੀਤ ਸਿੰਘ ਜੋਤੀ ਅਤੇ ਦਵਿੰਦਰ ਸਿੰਘ ਸ਼ੇਰਪੁਰ ਆਦਿ ਹਾਜ਼ਰ ਸਨ।