ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਹੋਲਾ ਮਹੱਲਾ ਮੌਕੇ ਹੋਣਗੇ ਵਿਸ਼ਾਲ ਸੁਰੱਖਿਆ ਪ੍ਰਬੰਧ: ਅਰਪਿਤ ਸੁਕਲਾ

5000 ਤੋਂ ਵੱਧ ਪੁਲਿਸ ਕਰਮਚਾਰੀ, 200 ਸੀਸੀਟੀਵੀ ਤੇ ਡਰੋਨ ਰੱਖਣਗੇ ਨਿਗਰਾਨੀ : ਸਪੈਸ਼ਲ ਡੀਜੀਪੀ
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ
ਸ੍ਰੀ ਅਨੰਦਪੁਰ ਸਾਹਿਬ : ਹੋਲਾ ਮਹੱਲਾ ਦੇ ਪਵਿੱਤਰ ਤਿਉਹਾਰ ਮੌਕੇ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਆਉਣ ਵਾਲੀ ਵੱਡੀ ਗਿਣਤੀ ਵਿੱਚ ਸੰਗਤ ਦੀ ਸੁਰੱਖਿਆ ਅਤੇ ਸੁਚਾਰੂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਵਿਸ਼ਾਲ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਪੁਲਿਸ ਥਾਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਹੋਲੇ ਮਹੱਲੇ ਮੌਕੇ ਲਗਭਗ 50 ਲੱਖ ਤੋਂ ਵੱਧ ਸੰਗਤ ਦੇ ਪਹੁੰਚਣ ਦੀ ਸੰਭਾਵਨਾ ਹੈ, ਜਿਸ ਲਈ 5000 ਤੋਂ ਵੱਧ ਪੁਲਿਸ ਕਰਮਚਾਰੀ ਮੈਦਾਨ ਵਿੱਚ ਤੈਨਾਤ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸੰਗਤ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਆਵੇ, ਇਸ ਲਈ ਪੁਲਿਸ 24 ਘੰਟੇ ਸੇਵਾ ਵਿੱਚ ਹਾਜ਼ਰ ਰਹੇਗੀ ਅਤੇ ਸੰਗਤ ਨਾਲ ਪੁਲਿਸ ਦਾ ਵਤੀਰਾ ਮਿਲਣਸਾਰ ਅਤੇ ਸਹਿਯੋਗੀ ਰਹੇਗਾ।
ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਨੂੰ 13 ਸੈਕਟਰਾਂ ਵਿੱਚ ਵੰਡ ਕੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਮੇਲਾ ਖੇਤਰ ਵਿੱਚ 200 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਜਦਕਿ ਛੇ ਡਰੋਨ ਤੈਨਾਤ ਕਰਕੇ ਏਰੀਅਲ ਸਰਵੇਲਾਂਸ ਟੀਮਾਂ ਰਾਹੀਂ ਭੀੜ ਦੀ ਨਿਗਰਾਨੀ ਕੀਤੀ ਜਾਵੇਗੀ। ਹਰ ਚੱਪੇ-ਚੱਪੇ ‘ਤੇ ਜੋਇੰਟ ਕੰਟਰੋਲ ਰੂਮ ਬਣਾਏ ਜਾਣਗੇ ਤਾਂ ਜੋ ਕਿਸੇ ਵੀ ਸਥਿਤੀ ਨਾਲ ਤੁਰੰਤ ਨਿਪਟਿਆ ਜਾ ਸਕੇ। 61 ਨਾਕਿਆਂ ‘ਤੇ ਪੁਲਿਸ ਕਰਮਚਾਰੀ ਤੈਨਾਤ ਰਹਿਣਗੇ ਅਤੇ ਸਿਵਿਲ ਡਰੈਸ ਵਿੱਚ ਵੀ ਪੁਲਿਸ ਮੁਲਾਜ਼ਮ ਭੀੜ ਵਿੱਚ ਮੌਜੂਦ ਰਹਿਣਗੇ। ਟਰੈਫਿਕ ਪ੍ਰਬੰਧਾਂ ਬਾਰੇ ਦੱਸਦੇ ਹੋਏ ਉਹਨਾਂ ਕਿਹਾ ਕਿ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੱਸਾਂ, ਈ-ਰਿਕਸ਼ਾ ਅਤੇ ਪਾਰਕਿੰਗ ਰੂਟਾਂ ਦੀ ਸੁਚਾਰੂ ਵਿਵਸਥਾ ਕੀਤੀ ਗਈ ਹੈ। ਸੰਗਤ ਦੀ ਸਹੂਲਤ ਲਈ ਕਿਊਆਰ ਸਕੈਨ ਬੋਰਡ ਅਤੇ ਹੋਲਡਿੰਗ ਪੁਆਇੰਟ ਲਗਾਏ ਜਾਣਗੇ, ਜਿਨ੍ਹਾਂ ਰਾਹੀਂ ਟਰੈਫਿਕ ਅਤੇ ਪਾਰਕਿੰਗ ਸੰਬੰਧੀ ਜਾਣਕਾਰੀ ਆਸਾਨੀ ਨਾਲ ਮਿਲ ਸਕੇਗੀ। ਟਰਾਲੀਆਂ ਅਤੇ ਨਿੱਜੀ ਵਾਹਨਾਂ ਦੀ ਆਵਾਜਾਈ ਨੂੰ ਵੀ ਨਿਯੰਤਰਿਤ ਰੱਖਿਆ ਜਾਵੇਗਾ ਤਾਂ ਜੋ ਜਾਮ ਦੀ ਸਥਿਤੀ ਪੈਦਾ ਨਾ ਹੋਵੇ।
ਹੁੱਲੜਬਾਜ਼ੀ ਅਤੇ ਕਾਨੂੰਨ ਉਲੰਘਣਾ ਸਬੰਧੀ ਸਖ਼ਤ ਰਵੱਈਆ ਅਪਣਾਉਣ ਦਾ ਐਲਾਨ ਕਰਦਿਆਂ ਸਪੈਸ਼ਲ ਡੀਜੀਪੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਗਲਤ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਭਿਖਾਰੀਆਂ ‘ਤੇ ਵੀ ਨਕੇਲ ਕਸੀ ਜਾਵੇਗੀ। ਉਹਨਾਂ ਸੰਗਤ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਨਾਲ ਸਹਿਯੋਗ ਕਰਕੇ ਹੋਲਾ ਮਹੱਲਾ ਨੂੰ ਸ਼ਾਂਤੀ, ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਵੇ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਥਾਨਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜੋ 24/7 ਕਾਰਜਸ਼ੀਲ ਰਹੇਗਾ, ਕੰਟਰੋਲ ਰੂਮ ਦਾ ਨੰਬਰ 01887- 260127 ਅਤੇ 01887- 260227 ਹੈ। ਉਨ੍ਹਾ ਨੇ ਕਿਹਾ ਕਿ ਪੂਰੇ ਮੇਲਾ ਖੇਤਰ ਵਿਚ 61 ਨਾਕੇ ਲਗਾ ਕੇ ਸੁਰੱਖਿਆ ਫੋਰਸ ਤੈਨਾਤ ਰਹੇਗੀ, ਹੈਲਪ ਡੈਸਕ ਸਥਾਪਿਤ ਕੀਤੇ ਜਾਣਗੇ, ਪੁਲਿਸ ਕਰਮਚਾਰੀ ਸ਼ਰਧਾਲੂਆਂ ਨਾਂਲ ਸੁਹਿਰਦ ਤਾਲਮੇਲ ਬਣਾ ਕੇ ਰੱਖਣਗੇ, ਪ੍ਰੰਤੂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਹੋਵੇਗੀ। ਇਸ ਮੌਕੇ ਡੀ.ਆਈ.ਜੀ ਨਾਨਕ ਸਿੰਘ, ਐਸ.ਐਸ.ਪੀ ਮਨਿੰਦਰ ਸਿੰਘ, ਐਸ.ਪੀ ਅਰਵਿੰਦ ਮੀਨਾ, ਡੀ.ਐਸ.ਪੀ ਜਸ਼ਨਦੀਪ ਸਿੰਘ, ਡੀ.ਐਸ.ਪੀ ਹਰਕੀਰਤ ਸਿੰਘ ਸਮੇਤ ਪੁਲਿਸ ਅਧਿਕਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ।