ਨੂਰਪੁਰਬੇਦੀ ਦੇ ਪੁਰਾਣੇ ਬੱਸ ਸਟੈਂਡ ਨੇੜੇ ਦੁਕਾਨ ‘ਚ ਚੋਰੀ
ਨੂਰਪੁਰਬੇਦੀ ਦੇ ਪੁਰਾਣੇ ਬੱਸ ਸਟੈਂਡ ਨੇੜੇ ਦੁਕਾਨ ‘ਚ ਚੋਰੀ
Publish Date: Wed, 25 Mar 2026 05:23 PM (IST)
Updated Date: Wed, 25 Mar 2026 05:25 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਨੂਰਪੁਰਬੇਦੀ ਵਿਚ ਚੋਰੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਇਲਾਕੇ ਦੇ ਦੁਕਾਨਦਾਰਾਂ ਵਿਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਇਸ ਵਾਰ ਚੋਰਾਂ ਨੇ ਪੁਰਾਣੇ ਬੱਸ ਸਟੈਂਡ ਨੇੜੇ ਸਥਿਤ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਇਆ ਅਤੇ ਹਜ਼ਾਰਾਂ ਰੁਪਏ ਦੀ ਨਕਦੀ ’ਤੇ ਹੱਥ ਸਾਫ ਕੀਤਾ ਹੈ। ਚੋਰੀ ਦੀ ਇਹ ਘਟਨਾ ਰਾਣਾ ਕਨਫੈਕਸ਼ਨਰੀ ਨਾਲ ਸਬੰਧਤ ਹੈ। ਪੀੜਤ ਦੁਕਾਨਦਾਰ ਜਸਪਾਲ ਸਿੰਘ ਰਾਣਾ ਪੁੱਤਰ ਨਰਾਇਣ ਸਿੰਘ, ਨਿਵਾਸੀ ਗੋਪਾਲਪੁਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਕਰੀਬ 9 ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਸਵੇਰੇ ਜਦੋਂ ਉਹ ਦੁਕਾਨ ਖੋਲ੍ਹਣ ਲਈ ਆਏ ਤਾਂ ਉਨ੍ਹਾਂ ਨੂੰ ਕੁਝ ਸ਼ੱਕ ਹੋਇਆ ਅਤੇ ਜਦੋਂ ਉਹ ਅੰਦਰ ਗਏ ਤਾਂ ਵੇਖਿਆ ਕਿ ਦੁਕਾਨ ਦੇ ਪਿਛਲੇ ਪਾਸੇ ਲੱਗਾ ਲੋਹੇ ਦਾ ਗੇਟ ਟੁੱਟਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਗੇਟ ਨੂੰ ਧਿਆਨ ਨਾਲ ਦੇਖਣ ‘ਤੇ ਲੱਗਿਆ ਕਿ ਚੋਰਾਂ ਨੇ ਕਿਸੇ ਮਸ਼ੀਨ ਦੀ ਮਦਦ ਨਾਲ ਗੇਟ ਦੇ ਨੱਟ ਖੋਲ੍ਹੇ ਅਤੇ ਫਿਰ ਅੰਦਰ ਦਾਖਲ ਹੋਏ। ਦੁਕਾਨ ਦੇ ਅੰਦਰ ਚੈਕ ਕਰਨ ‘ਤੇ ਪਤਾ ਲੱਗਾ ਕਿ ਲਗਭਗ 30 ਤੋਂ 35 ਹਜ਼ਾਰ ਰੁਪਏ ਦੀ ਨਕਦੀ ਗਾਇਬ ਹੈ। ਉਨ੍ਹਾਂ ਕਿਹਾ ਕਿ ਇਸ ਰਕਮ ਵਿਚ ਨਵੇਂ ਨੋਟਾਂ ਦੀਆਂ ਗੱਠੀਆਂ ਵੀ ਸ਼ਾਮਲ ਸਨ, ਜੋ ਕਿ ਚੋਰ ਲੈ ਗਏ। ਘਟਨਾ ਤੋਂ ਬਾਅਦ ਦੁਕਾਨਦਾਰ ਵੱਲੋਂ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਾਣਕਾਰੀ ਮਿਲਣ ਉਪਰੰਤ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਸ-ਪਾਸ ਦੇ ਇਲਾਕੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਥਾਣਾ ਮੁਖੀ ਰੋਹਿਤ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਇਸ ਘਟਨਾ ਦੀ ਸ਼ਿਕਾਇਤ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।