ਨਗਰ ਕੌਂਸਲ ਚੋਣਾਂ ਦਾ ਮੈਦਾਨ ਭਖਿਆ
ਨਗਰ ਕੌਂਸਲ ਚੋਣਾਂ ਦਾ ਮੈਦਾਨ ਭਖਿਆ
Publish Date: Sun, 17 May 2026 04:28 PM (IST)
Updated Date: Mon, 18 May 2026 04:04 AM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਦਾਅਵਾ ਕੀਤਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਸ ਵਾਰ ਵੀ ਸਾਰੇ ਵਾਰਡਾਂ ਵਿੱਚ ਸ਼ਾਨਦਾਰ ਜਿੱਤ ਦਰਜ ਕਰਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੱਥ ਮਜ਼ਬੂਤ ਕੀਤੇ ਜਾਣਗੇ। ਆਪਣੇ ਵਾਰਡ ਵਿੱਚ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸੱਤ ਸਾਲ ਤੱਕ ਲਗਾਤਾਰ ਕੌਂਸਲ ਪ੍ਰਧਾਨ ਵਜੋਂ ਸੇਵਾ ਨਿਭਾ ਚੁੱਕੇ ਹਨ ਅਤੇ ਇਸ ਦੌਰਾਨ ਸ਼ਹਿਰ ਦੇ ਵਿਕਾਸ ਲਈ ਕਈ ਮਹੱਤਵਪੂਰਨ ਕੰਮ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟ ਚੱਲ ਰਹੇ ਹਨ ਅਤੇ ਹਰ ਵਾਰਡ ਵਿੱਚ ਕੋਈ ਨਾ ਕੋਈ ਵਿਕਾਸ ਕਾਰਜ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਨਗਰ ਕੌਂਸਲ ਦਾ ਛੋਟਾ ਜਿਹਾ ਦਫ਼ਤਰ ਭਰੇ ਬਾਜ਼ਾਰ ਵਿੱਚ ਸੀ ਅਤੇ ਪਾਰਕਿੰਗ ਲਈ ਵੀ ਕੋਈ ਢੰਗ ਦੀ ਥਾਂ ਨਹੀਂ ਸੀ ਪਰ ਹੁਣ ਵਿਸ਼ਾਲ ਅਤੇ ਆਧੁਨਿਕ ਦਫ਼ਤਰ ਤਿਆਰ ਕਰਵਾਇਆ ਗਿਆ ਹੈ ਜਿਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲ ਰਹੀ ਹੈ। ਹਰਜੀਤ ਸਿੰਘ ਜੀਤਾ ਨੇ ਕਿਹਾ ਕਿ ਪਹਿਲਾਂ ਨਗਰ ਕੌਂਸਲ ਕੋਲ ਕੇਵਲ ਦੋ ਟਰੈਕਟਰ ਸਨ, ਜਦਕਿ ਹੁਣ ਕੌਂਸਲ ਕੋਲ ਪੂਰਾ ਆਵਾਜਾਈ ਪ੍ਰਬੰਧ ਮੌਜੂਦ ਹੈ। ਸ਼ਹਿਰ ਵਿੱਚ ਰੋਸ਼ਨੀ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ਹੈ ਅਤੇ ਗਲੀਆਂ, ਨਾਲੀਆਂ, ਪਾਰਕਾਂ ਸਮੇਤ ਹੋਰ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜ ਲਗਾਤਾਰ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਵਿੱਚ ਸੁੰਦਰ ਪੰਜ ਪਿਆਰਾ ਪਾਰਕ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੁੱਖ ਮਾਰਗ ’ਤੇ ਸੈਲਾਨੀ ਜਾਣਕਾਰੀ ਕੇਂਦਰ ਬਣਾਇਆ ਗਿਆ ਅਤੇ ਸਬਜ਼ੀ ਮੰਡੀ ਨੂੰ ਵੀ ਆਧੁਨਿਕ ਢੰਗ ਨਾਲ ਤਿਆਰ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਕਾਰਜਾਂ ਦੀ ਲੜੀ ਜਾਰੀ ਰਹੇਗੀ। ਇੱਕ ਸਵਾਲ ਦੇ ਜਵਾਬ ਵਿੱਚ ਹਰਜੀਤ ਸਿੰਘ ਜੀਤਾ ਨੇ ਕਿਹਾ ਕਿ ਵਿਰੋਧੀ ਧਿਰ ਉਨ੍ਹਾਂ ਦੇ ਵਿਕਾਸ ਕਾਰਜਾਂ ਤੋਂ ਘਬਰਾਈ ਹੋਈ ਹੈ ਤੇ ਬੇਬੁਨਿਆਦ ਪ੍ਰਚਾਰ ਕਰ ਰਹੀ ਹੈ ਪਰ ਸ਼ਹਿਰ ਵਾਸੀ ਸਭ ਕੁਝ ਜਾਣਦੇ ਹਨ ਅਤੇ ਵਿਕਾਸ ਦੇ ਮੁੱਦੇ ’ਤੇ ਹੀ ਫੈਸਲਾ ਕਰਨਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ।