ਆਵਾਰਾ ਸਾਂਢਾਂ ਦੀ ਲੜਾਈ ਨੇ ਮਚਾਇਆ ਹੜਕੰਪ
ਅਵਾਰਾ ਸਾਂਢਾਂ ਦੀ ਲੜਾਈ ਨੇ ਮਚਾਇਆ ਹੜਕੰਪ
Publish Date: Sun, 03 May 2026 04:44 PM (IST)
Updated Date: Sun, 03 May 2026 04:47 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਨੰਗਲ ਦੇ ਰਾਜਨਗਰ ਇਲਾਕੇ ਵਿੱਚ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਦੋ ਆਵਾਰਾ ਸਾਂਢ ਸੜਕ ਦੇ ਵਿਚਾਲੇ ਆਪਸ ਵਿੱਚ ਭਿੜ ਗਏ। ਇਸ ਲੜਾਈ ਦੌਰਾਨ ਸਾਂਢਾਂ ਨੇ ਉੱਥੇ ਖੜ੍ਹੀਆਂ ਕਾਰਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਮੌਕੇ ’ਤੇ ਮੌਜੂਦ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਪਾਣੀ ਦੀਆਂ ਬੁਛਾੜਾਂ ਮਾਰ ਕੇ ਅਤੇ ਡੰਡਿਆਂ ਦੀ ਮਦਦ ਨਾਲ ਸਾਂਢਾਂ ਨੂੰ ਇੱਕ-ਦੂਜੇ ਤੋਂ ਵੱਖ ਕੀਤਾ ਅਤੇ ਸਥਿਤੀ ਨੂੰ ਸੰਭਾਲਿਆ। ਸਥਾਨਕ ਵਾਸੀਆਂ ਨੇ ਦੱਸਿਆ ਕਿ ਰਾਜਨਗਰ ਅਤੇ ਅੱਡਾ ਮਾਰਕੀਟ ਵਿੱਚ ਪਿਛਲੇ ਕਈ ਦਿਨਾਂ ਤੋਂ ਆਵਾਰਾ ਪਸ਼ੂਆਂ ਦਾ ਜਮਾਵੜਾ ਲੱਗਿਆ ਰਹਿੰਦਾ ਹੈ। ਅੱਜ ਹੋਈ ਇਸ ਭਿੜੰਤ ਕਾਰਨ ਇੱਕ ਗੱਡੀ ਬੁਰੀ ਤਰ੍ਹਾਂ ਟੁੱਟ ਗਈ ਹੈ, ਜਿਸ ਕਾਰਨ ਮਾਲਕ ਦਾ ਕਾਫੀ ਮਾਲੀ ਨੁਕਸਾਨ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਸਾਂਢਾਂ ਦੇ ਆਪਸੀ ਭੇੜ ਕਾਰਨ ਹੁਣ ਬਾਜ਼ਾਰਾਂ ਵਿੱਚ ਆਉਣਾ-ਜਾਣਾ ਖ਼ਤਰੇ ਤੋਂ ਖਾਲੀ ਨਹੀਂ ਰਿਹਾ। ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਘਰੋਂ ਬਾਹਰ ਭੇਜਣ ਵੇਲੇ ਪਰਿਵਾਰਾਂ ਵਿੱਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਇਲਾਕਾ ਵਾਸੀਆਂ ਨੇ ਨਗਰ ਕੌਂਸਲ ਅਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਨ੍ਹਾਂ ਆਵਾਰਾ ਸਾਂਢਾਂ ਨੂੰ ਤੁਰੰਤ ਫੜ ਕੇ ਗਊਸ਼ਾਲਾ ਛੱਡਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਇਨ੍ਹਾਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਅਤੇ ਲੋਕਾਂ ਦਾ ਨੁਕਸਾਨ ਹੋਰ ਵਧ ਸਕਦਾ ਹੈ।