ਮਿੱਟੀ ਦੀ ਖੁਸ਼ਬੂ ਨਾਲ ਰੰਗਿਆ ਕਿਸਾਣਾ ਸਕੂਲ ਦਾ ਵਿਹੜਾ
ਮਿੱਟੀ ਦੀ ਖੁਸ਼ਬੂ ਨਾਲ ਰੰਗਿਆ ਕਿਸਾਣਾ ਸਕੂਲ ਦਾ ਵਿਹੜਾ
Publish Date: Sun, 03 May 2026 05:34 PM (IST)
Updated Date: Sun, 03 May 2026 05:35 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਤਖਤਗੜ੍ਹ ਸਿੱਖਿਆ ਬਲਾਕ ਅਧੀਨ ਪੈਂਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕਿਸਾਣਾ ਵਿੱਚ ਲੱਗਿਆ ਹੁਨਰ ਵਿਕਾਸ ਕੈਂਪ ਬੱਚਿਆਂ ਲਈ ਇੱਕ ਵਿਲੱਖਣ ਅਤੇ ਯਾਦਗਾਰ ਪਲ ਬਣ ਕੇ ਸਾਹਮਣੇ ਆਇਆ। ਕੈਂਪ ਦੌਰਾਨ ਮਿੱਟੀ ਦੇ ਭਾਂਡੇ ਬਣਾਉਣ ਦੇ ਮਾਹਿਰ ਕਾਰੀਗਰ ਨੰਦ ਕਿਸ਼ੋਰ ਨੇ ਬੱਚਿਆਂ ਨੂੰ ਮਿੱਟੀ ਨਾਲ ਸਿਰਜਣ ਦੀ ਕਲਾ ਨਾਲ ਜਾਣੂ ਕਰਵਾਇਆ। ਚੀਕਣੀ ਮਿੱਟੀ ਨੂੰ ਤਿਆਰ ਕਰਨ ਤੋਂ ਲੈ ਕੇ ਉਸ ਨੂੰ ਸੁੰਦਰ ਆਕਾਰ ਦੇਣ ਤੱਕ ਦੇ ਹਰ ਪੜਾਅ ਬਾਰੇ ਬੜੀ ਰੁਚਿਕਾਰ ਢੰਗ ਨਾਲ ਸਮਝਾਇਆ ਗਿਆ। ਸਿਰਫ਼ ਸੁਣਨ ਹੀ ਨਹੀਂ, ਸਗੋਂ ਕਰਨ ਦੇ ਹੁਨਰ ਨਾਲ ਭਰਪੂਰ ਇਸ ਕੈਂਪ ਵਿੱਚ ਬੱਚਿਆਂ ਨੇ ਆਪਣੇ ਹੱਥਾਂ ਨਾਲ ਮਿੱਟੀ ਦੇ ਭਾਂਡੇ ਤਿਆਰ ਕਰਕੇ ਖੁਸ਼ੀ ਮਹਿਸੂਸ ਕੀਤੀ। ਕਾਰੀਗਰ ਦੀ ਅਗਵਾਈ ਹੇਠ ਉਨ੍ਹਾਂ ਨੇ ਰਚਨਾਤਮਕਤਾ ਦੇ ਨਵੇਂ ਰੰਗ ਵੇਖੇ ਅਤੇ ਸਿੱਖਣ ਨੂੰ ਖੇਡ ਬਣਾਇਆ। ਸਕੂਲ ਦੀਆਂ ਅਧਿਆਪਕਾਵਾਂ ਅਨਾਮਿਕਾ ਸ਼ਰਮਾ ਅਤੇ ਪਰਮਜੀਤ ਕੌਰ, ਜੋ ਫਿਨਲੈਂਡ ਤੋਂ ਪ੍ਰਾਪਤ ਟ੍ਰੇਨਿੰਗ ਪ੍ਰਾਪਤ ਕਰਕੇ ਆਈਆਂ ਹਨ। ਉਨ੍ਹਾਂ ਦੱਸਿਆ ਕਿ ‘ਕਰ ਕੇ ਸਿੱਖਣ’ ਦੀ ਵਿਧੀ ਬੱਚਿਆਂ ਦੇ ਮਨ ’ਤੇ ਡੂੰਘਾ ਅਸਰ ਛੱਡਦੀ ਹੈ। ਇਸੇ ਸੋਚ ਨੂੰ ਅਮਲ ਵਿੱਚ ਲਿਆਂਦੇ ਹੋਏ ਇਹ ਕੈਂਪ ਲਾਇਆ ਗਿਆ ਹੈ। ਜਿਸ ਨਾਲ ਬੱਚਿਆਂ ਦੀ ਕਲਪਨਾ ਅਤੇ ਹੁਨਰ ਨੂੰ ਨਵੀਂ ਉਡਾਣ ਮਿਲੀ। ਉਨ੍ਹਾਂ ਨੇ ਮਿੱਟੀ ਦੇ ਭਾਂਡਿਆਂ ਦੀ ਮਹੱਤਤਾ, ਇਤਿਹਾਸ ਅਤੇ ਸਿਹਤ ਨਾਲ ਜੁੜੇ ਫਾਇਦਿਆਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਅਨੁਸਾਰ ਮਿੱਟੀ ਦੇ ਭਾਂਡੇ ਸਿਰਫ਼ ਪਰੰਪਰਾ ਨਹੀਂ, ਸਗੋਂ ਸਿਹਤਮੰਦ ਜੀਵਨ ਦਾ ਅਹਿਮ ਹਿੱਸਾ ਹਨ ਅਤੇ ਅੱਜ ਦੇ ਸਮੇਂ ਵਿੱਚ ਇਨ੍ਹਾਂ ਦੀ ਵਰਤੋਂ ਫਿਰ ਵਧ ਰਹੀ ਹੈ। ਇਸ ਮੌਕੇ ਪ੍ਰਾਈਮਰੀ ਸਕੂਲ ਧਮਾਣਾ ਤੋਂ ਮਾਸਟਰ ਨੀਰਜ ਚੰਦਨ ਆਪਣੇ ਵਿਦਿਆਰਥੀਆਂ ਸਮੇਤ ਸ਼ਾਮਿਲ ਹੋਏ। ਦੋਵੇਂ ਸਕੂਲਾਂ ਦੇ ਬੱਚਿਆਂ ਨੇ ਇਸ ਕੈਂਪ ਤੋਂ ਨਵੀਂ ਸਿੱਖਿਆ ਅਤੇ ਹੁਨਰ ਪ੍ਰਾਪਤ ਕਰਦੇ ਹੋਏ ਖੂਬ ਆਨੰਦ ਮਾਣਿਆ। ਮਾਪਿਆਂ ਵੱਲੋਂ ਵੀ ਸਕੂਲ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ ਅਤੇ ਉਨ੍ਹਾਂ ਕਿਹਾ ਕਿ ਅਜੇਹੇ ਕੈਂਪ ਬੱਚਿਆਂ ਦੇ ਭਵਿੱਖ ਨੂੰ ਹੋਰ ਰੋਸ਼ਨ ਬਣਾਉਂਦੇ ਹਨ। ਇਸ ਦੌਰਾਨ ਚੇਤ ਰਾਮ, ਨੇਹਾ ਰਾਣੀ, ਅਮਨਦੀਪ ਕੌਰ, ਦਵਿੰਦਰ ਸਿੰਘ ਅਤੇ ਪਵਨ ਕੁਮਾਰ ਸਮੇਤ ਕਈ ਮਾਪੇ ਹਾਜ਼ਰ ਰਹੇ, ਜਿਨ੍ਹਾਂ ਨੇ ਬੱਚਿਆਂ ਦੇ ਚਿਹਰਿਆਂ ’ਤੇ ਖਿੜੀ ਖੁਸ਼ੀ ਨੂੰ ਆਪਣੇ ਲਈ ਸਭ ਤੋਂ ਵੱਡਾ ਇਨਾਮ ਕਰਾਰ ਦਿੱਤਾ।