ਸ਼ੁਕਰਾਨਾ ਫੇਰੀ ਦੌਰਾਨ ਮੁੱਖ ਮੰਤਰੀ ਦਾ ਸ਼ਹਿਰ ਵਾਸੀਆਂ ਵੱਲੋਂ ਫੁੱਲਾਂ ਨਾਲ ਸਵਾਗਤ
ਸ਼ੁਕਰਾਨਾ ਫੇਰੀ ਦੌਰਾਨ ਮੁੱਖ ਮੰਤਰੀ ਦਾ ਸ਼ਹਿਰ ਵਾਸੀਆਂ ਵੱਲੋਂ ਫੁੱਲਾਂ ਨਾਲ ਸਵਾਗਤ
Publish Date: Wed, 06 May 2026 04:38 PM (IST)
Updated Date: Wed, 06 May 2026 04:38 PM (IST)

ਵਰਕਰਾਂ ਵੱਲੋਂ ਪੀਰ ਸਾਈ ਬੁੱਢਣ ਸ਼ਾਹ ਜੀ ਦੀ ਫੋਟੋ ਭੇਟ ਕਰਕੇ ਸਨਮਾਨਿਤ ਕੀਤਾ ਨਰਿੰਦਰ ਸੈਣੀ,ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਕਰਾਨਾ ਸਮਾਗਮਾਂ ਦੀ ਅਰੰਭਤਾ ਕੀਤੀ ਗਈ। ਮੁੱਖ ਮਾਰਗ ’ਤੇ ਫਲਾਈ ਓਵਰ ਨਜ਼ਦੀਕ ਸ਼ਹਿਰ ਵਾਸੀਆਂ ਵੱਲੋਂ ਮੁੱਖ ਮੰਤਰੀ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਮੁੱਖ ਮੰਤਰੀ ਨੇ ਗੱਡੀ ਵਿੱਚੋਂ ਹੀ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਮੁੱਖ ਮੰਤਰੀ ਨੂੰ ਦਰਗਾਹ ਪੀਰ ਸਾਈ ਬੁੱਢਣ ਸ਼ਾਹ ਜੀ ਦੀ ਫੋਟੋ ਭੇਟ ਕੀਤੀ ਅਤੇ ਸਿਰੋਪਾਏ ਪਾਏ। ਦੱਸਣਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਬਣਾਏ ਗਏ ਸਤਿਕਾਰ ਕਾਨੂੰਨ ਦੇ ਪਾਸ ਹੋਣ ਉਪਰੰਤ ਸ਼ੁਕਰਾਨਾ ਕਰਨ ਲਈ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਤੋਂ ਬਾਅਦ ਕਰੀਬ 12 ਵਜੇ ਸ੍ਰੀ ਕੀਰਤਪੁਰ ਸਾਹਿਬ ਮੁੱਖ ਮਾਰਗ ’ਤੇ ਰੱਖੇ ਹੋਏ ਪ੍ਰੋਗਰਾਮ ਵਿੱਚ ਪਹੁੰਚੇ ਜਿੱਥੇ ਮੁੱਖ ਮੰਤਰੀ ਨੂੰ ਚਾਹੁਣ ਵਾਲੇ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਸਵੇਰ ਤੋਂ ਹੀ ਇੰਤਜ਼ਾਰ ਵਿੱਚ ਸਨ। ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਸਨ। ਪੁਲਿਸ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਦੀ ਆਮਦ ਨੂੰ ਦੇਖਦਿਆਂ ਹੋਇਆਂ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਚੱਪੇ ਚੱਪੇ ’ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਮੁਸਤੈਦੀ ਨਾਲ ਡਿਊਟੀ ਕਰ ਰਹੇ ਸਨ। ਇਸ ਦੌਰਾਨ ਸ਼ਹਿਰ ਵਾਸੀਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ੁਕਰਾਨਾ ਫੇਰੀ ਤੋਂ ਵੱਡੀਆਂ ਉਮੀਦਾਂ ਸਨ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਲਕੇ ਦੇ ਲੋਕਾਂ ਲਈ ਕੋਈ ਵੱਡਾ ਐਲਾਨ ਕਰਨਗੇ, ਪਰ ਮੁੱਖ ਮੰਤਰੀ ਤਿੰਨ ਚਾਰ ਮਿੰਟ ਗੱਡੀ ਵਿੱਚੋਂ ਬਿਨ੍ਹਾਂ ਨਿਕਲੇ ਰੁਕ ਕੇ ਵਰਕਰਾਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਕੇ ਅਗਲੇ ਪੜਾਅ ਲਈ ਰਵਾਨਾ ਹੋ ਗਏ , ਮੁੱਖ ਮੰਤਰੀ ਦੇ ਬਿਨ੍ਹਾਂ ਐਲਾਨ ਤੋਂ ਪਿਛਲੇ ਕੱਲ ਤੋਂ ਕੀਤੀਆਂ ਜਾ ਰਹੀਆਂ ਵੱਡੀਆਂ ਤਿਆਰੀਆਂ ਫਿੱਕੀਆਂ ਨਜ਼ਰ ਆ ਰਹੀਆਂ ਸਨ। ਆਮ ਆਦਮੀ ਪਾਰਟੀ ਦੇ ਵਰਕਰ ਅਤੇ ਸ਼ਹਿਰ ਵਾਸੀ ਸਵੇਰ ਦੇ 9 ਵਜੇ ਤੋਂ ਹੀ ਮੁੱਖ ਮੰਤਰੀ ’ਤੇ ਇੰਤਜ਼ਾਰ ਵਿੱਚ ਪਲਕਾਂ ਵਿਛਾਈ ਬੈਠੇ ਹੋਏ ਸਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰੀਬ ਤਿੰਨ ਚਾਰ ਮਿੰਟ ਰੁਕੇ ਅਤੇ ਬੇਅਦਬੀ ਸਬੰਧੀ ਬਣਾਏ ਕਾਨੂੰਨ ਪਾਸ ਕਰਨ ਤੋਂ ਬਾਅਦ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਇਸ ਦੌਰਾਨ ਪਾਰਟੀ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਹਰੇ ਲਗਾਏ ਗਏ। ਆਸ ਪਾਸ ਦੇ ਇਲਾਕੇ ਦੇ ਨੌਜਵਾਨ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਝਲਕ ਪਾਉਣ ਲਈ ਸਵੇਰ ਤੋਂ ਹੀ ਇੰਤਜ਼ਾਰ ਕਰ ਰਹੇ ਸਨ। ਸੁਰੱਖਿਆ ਦੇ ਮੱਦੇਨਜ਼ਰ ਇੱਕ ਵੱਡਾ ਕਾਫਲਾ ਮੁੱਖ ਮੰਤਰੀ ਦੇ ਨਾਲ ਚੱਲ ਰਿਹਾ ਸੀ, ਪੁਲਿਸ ਪ੍ਰਸ਼ਾਸਨ ਵੱਲੋਂ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਮੁੱਖ ਮੰਤਰੀ ਵੱਲੋਂ ਵੀ ਸ਼ਹਿਰ ਵਾਸੀਆਂ ਅਤੇ ਆਮ ਆਦਮੀ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਦਿਹਾੜੀ ਤੇ ਲਿਆਂਦੇ ਹੋਏ ਲੋਕ ਨਹੀਂ ਹਨ ਇਹ ਲੋਕਾਂ ਦਾ ਪਿਆਰ ਹੈ ਅਤੇ ਉਹ ਇਸ ਪਿਆਰ ਲਈ ਹਮੇਸ਼ਾ ਸੂਬੇ ਦੇ ਲੋਕਾਂ ਦੇ ਰਿਣੀ ਰਹਿਣਗੇ।ਇਸ ਤੋਂ ਬਾਅਦ ਮੁੱਖ ਮੰਤਰੀ ਬਿਨਾਂ ਰੁਕੇ ਗੱਡੀ ਵਿੱਚੋਂ ਹੀ ਹੱਥ ਹਿਲਾਉਂਦੇ ਹੋਏ ਵਾਪਸ ਚਲੇ ਗਏ। ਇਸ ਤੋਂ ਬਾਅਦ ਮੁੱਖ ਮੰਤਰੀ ਭਰਤਗੜ੍ਹ ਬੱਸ ਅੱਡੇ ਨਜ਼ਦੀਕ ਵਰਕਰਾ ਅਤੇ ਆਮ ਜਨਤਾ ਨੂੰ ਮਿਲਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਕਮਿੱਕਰ ਸਿੰਘ ਡਾਢੀ , ਬਲਾਕ ਪ੍ਰਧਾਨ ਗਫੂਰ ਮੁਹੰਮਦ, ਗੁਰਪ੍ਰੀਤ ਸਿੰਘ ਅਰੋੜਾ, ਤਰਲੋਚਨ ਸਿੰਘ ਲੋਚੀ, ਗੁਰਮੀਤ ਸਿੰਘ ਟੀਨਾ, ਕਸ਼ਮੀਰ ਸਿੰਘ, ਦਰਸ਼ਨ ਸਿੰਘ ਬਰੂਵਾਲ, ਧਰਮ ਸਿੰਘ, ਸਰਬਜੀਤ ਭਟੋਲੀ, ਪ੍ਰਕਾਸ਼ ਕੌਰ, ਗਗਨਦੀਪ ਸਿੰਘ ਭਾਰਜ, ਰਜਿੰਦਰ ਸੈਣੀ, ਹਾਕਮ ਸ਼ਾਹ ਅਤੇ ਚਿਰੰਜੀ ਲਾਲ ਸਮੇਤ ਵੱਡੀ ਗਿਣਤੀ ਵਿੱਚ ਆਗੂ, ਵਰਕਰ ਤੇ ਸ਼ਹਿਰ ਵਾਸੀ ਹਾਜ਼ਰ ਸਨ।