Teachers Protest : ਅਧਿਆਪਕਾਂ ਨੇ ਅਨੰਦਪੁਰ ਸਾਹਿਬ-ਚੰਡੀਗੜ੍ਹ ਮਾਰਗ ਕੀਤਾ ਜਾਮ
ਭਾਵੇਂ ਕਿ ਪੰਜਾਬ ਸਰਕਾਰ ਸਿੱਖਿਆ ਨੀਤੀ ਦੇ ਮੁੱਦੇ ਨੂੰ ਆਧਾਰ ਬਣਾ ਕੇ ਸੱਤਾ ਦਾ ਸੁੱਖ ਭੋਗ ਰਹੀ ਹੈ ਪਰ ਸਿੱਖਿਆ ਦੇਣ ਵਾਲੇ ਅਧਿਆਪਕ ਅੱਜ ਵੀ ਆਪਣੇ ਹੱਕਾਂ ਲਈ ਸੜਕਾਂ ’ਤੇ ਉਤਰਨ ਨੂੰ ਮਜਬੂਰ ਹਨ।
Publish Date: Sun, 22 Feb 2026 06:11 PM (IST)
Updated Date: Sun, 22 Feb 2026 06:14 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਭਾਵੇਂ ਕਿ ਪੰਜਾਬ ਸਰਕਾਰ ਸਿੱਖਿਆ ਨੀਤੀ ਦੇ ਮੁੱਦੇ ਨੂੰ ਆਧਾਰ ਬਣਾ ਕੇ ਸੱਤਾ ਦਾ ਸੁੱਖ ਭੋਗ ਰਹੀ ਹੈ ਪਰ ਸਿੱਖਿਆ ਦੇਣ ਵਾਲੇ ਅਧਿਆਪਕ ਅੱਜ ਵੀ ਆਪਣੇ ਹੱਕਾਂ ਲਈ ਸੜਕਾਂ ’ਤੇ ਉਤਰਨ ਨੂੰ ਮਜਬੂਰ ਹਨ। ਇਸ ਦੀ ਜਿਉਂਦੀ ਜਾਗਦੀ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਪੰਜਾਬ ਭਰ ਤੋਂ ਆਏ ਅਧਿਆਪਕਾਂ ਨੇ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਚੰਡੀਗੜ੍ਹ ਮੁੱਖ ਮਾਰਗ ’ਤੇ ਧਰਨਾ ਲਗਾ ਕੇ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ।
ਅਧਿਆਪਕਾਂ ਵੱਲੋਂ ਲਗਾਏ ਗਏ ਜਾਮ ਕਾਰਨ ਦੋਨੋਂ ਪਾਸਿਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਲੋਕਾਂ ਨੂੰ ਕਰੀਬ 40 ਮਿੰਟ ਤੱਕ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਮ ਨੇ ਪੂਰੇ ਸ਼ਹਿਰ ਦੀ ਆਵਾਜਾਈ ਪ੍ਰਭਾਵਿਤ ਕਰ ਦਿੱਤੀ ਅਤੇ ਮੁੱਖ ਸੜਕਾਂ ’ਤੇ ਵਾਹਨਾਂ ਦੀ ਲੰਮੀ ਲਾਈਨ ਦੂਰ ਤੱਕ ਦਿਖਾਈ ਦਿੱਤੀ। ਐਤਵਾਰ ਹੋਣ ਕਾਰਨ ਦੂਰ-ਦੁਰਾਡੇ ਤੋਂ ਆਏ ਯਾਤਰੀ ਵੀ ਜਾਮ ਵਿਚ ਫਸ ਗਏ। ਜਿਨ੍ਹਾਂ ਸ਼ਰਧਾਲੂਆਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ, ਮਾਤਾ ਨੈਣਾ ਦੇਵੀ ਮੰਦਰ ਅਤੇ ਵਿਰਾਸਤ-ਏ-ਖਾਲਸਾ ਦੇ ਦਰਸ਼ਨ ਕਰਨੇ ਸਨ, ਉਹਨਾਂ ਵਿੱਚੋਂ ਕਈਆਂ ਨੂੰ ਬਿਨਾਂ ਦਰਸ਼ਨ ਕੀਤੇ ਹੀ ਵਾਪਸ ਮੁੜਨਾ ਪਿਆ।
ਧਰਨਾਕਾਰੀਆਂ ਦਾ ਕਹਿਣਾ ਸੀ ਕਿ ਉਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਆਪਣੀਆਂ ਲੰਬਿਤ ਮੰਗਾਂ ਸਬੰਧੀ ਮੀਟਿੰਗ ਚਾਹੁੰਦੇ ਹਨ। ਉਹਨਾਂ ਦਾ ਦੋਸ਼ ਸੀ ਕਿ ਮੰਤਰੀ ਵੱਲੋਂ ਸਮਾਂ ਨਿਰਧਾਰਿਤ ਨਾ ਕੀਤੇ ਜਾਣ ਕਾਰਨ ਉਹਨਾਂ ਨੂੰ ਇਹ ਕਦਮ ਚੁੱਕਣਾ ਪਿਆ। ਅਧਿਆਪਕ ਆਗੂਆਂ ਨੇ ਕਿਹਾ ਕਿ ਉਹ ਕਈ ਵਾਰ ਮੀਟਿੰਗ ਲਈ ਮੰਗ ਕਰ ਚੁੱਕੇ ਹਨ, ਪਰ ਪੱਕਾ ਸਮਾਂ ਨਾ ਮਿਲਣ ਕਰਕੇ ਰੋਸ ਪ੍ਰਦਰਸ਼ਨ ਕਰਨਾ ਲਾਜ਼ਮੀ ਹੋ ਗਿਆ।
ਮੌਕੇ ’ਤੇ ਐਸਡੀਐਮ ਸੁਖਪਾਲ ਸਿੰਘ ਪਹੁੰਚੇ ਅਤੇ ਅਧਿਆਪਕ ਆਗੂਆਂ ਨਾਲ ਗੱਲਬਾਤ ਕੀਤੀ। ਲੰਬੀ ਚਰਚਾ ਮਗਰੋਂ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਕਿ 27 ਫਰਵਰੀ ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇਗੀ। ਇਸ ਭਰੋਸੇ ਤੋਂ ਬਾਅਦ ਅਧਿਆਪਕਾਂ ਨੇ ਜਾਮ ਖੋਲ੍ਹ ਦਿੱਤਾ ਤੇ ਆਵਾਜਾਈ ਮੁੜ ਸਧਾਰਣ ਹੋ ਗਈ। ਅਧਿਆਪਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ 27 ਫਰਵਰੀ ਦੀ ਮੀਟਿੰਗ ਵਿਚ ਉਨ੍ਹਾਂ ਦੀਆਂ ਮੰਗਾਂ ਦਾ ਸੰਤੋਸ਼ਜਨਕ ਹੱਲ ਨਾ ਕੀਤਾ ਗਿਆ ਤਾਂ ਵੱਡੇ ਪੱਧਰ ’ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।