ਸਫਾਈ ਸੇਵਕ ਯੂਨੀਅਨ ਵੱਲੋਂ ਹੜਤਾਲ ਲਗਾਤਾਰ ਜਾਰੀ
ਸਫਾਈ ਸੇਵਕ ਯੂਨੀਅਨ ਵੱਲੋਂ ਹੜਤਾਲ ਲਗਾਤਾਰ ਜਾਰੀ
Publish Date: Fri, 08 May 2026 06:30 PM (IST)
Updated Date: Sat, 09 May 2026 04:09 AM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ,
ਸ਼੍ਰੀ ਕੀਰਤਪੁਰ ਸਾਹਿਬ: ਸਫਾਈ ਸੇਵਕ ਯੂਨੀਅਨ ਵੱਲੋਂ ਕੀਤੀ ਗਈ ਹੜਤਾਲ ਲਗਾਤਾਰ ਜਾਰੀ ਹੈ, ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਵਿੱਚ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ, ਸ਼ਹਿਰ ਵਿੱਚ ਜਗ੍ਹਾ ਜਗ੍ਹਾ ਗੰਦਗੀ ਫੈਲ ਰਹੀ ਹੈ ਜਿਸ ਨਾਲ ਬਿਮਾਰੀਆਂ ਫੈਲਣ ਦਾ ਡਰ ਹੈ। ਸਫਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਹੜਤਾਲ ਜਾਰੀ ਰਹੇਗੀ ਅਤੇ ਸਫਾਈ ਕਰਮਚਾਰੀ ਰੋਜ਼ਾਨਾ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਬੈਠੇ ਰਹਿਣਗੇ। ਸ਼ੋਸ਼ਲ ਮੀਡੀਆ ’ਤੇ ਕੱਲ੍ਹ ਸਫਾਈ ਸੇਵਕ ਕਰਮਚਾਰੀਆਂ ਨੂੰ ਸ਼ਹਿਰ ਦੇ ਇੱਕ ਨੌਜਵਾਨ ਵੱਲੋਂ ਗਲਤ ਕਮੈਂਟਸ ਕੀਤਾ ਗਿਆ ਸੀ ਜਿਸ ਨਾਲ ਸਫ਼ਾਈ ਕਰਮਚਾਰੀ ਭੜਕ ਗਏ ਅਤੇ ਉਕਤ ਨੌਜਵਾਨ ਤੇ ਘਰ ਅੱਗੇ ਗੰਦਗੀ ਨਾਲ ਭਰਿਆ ਟੈਂਪੂ ਲੈ ਕੇ ਪਹੁੰਚ ਗਏ ਸਨ, ਪਰ ਘਰ ਤੇ ਕੁਮੈਂਟਸ ਕਰਨ ਵਾਲਾ ਨੌਜਵਾਨ ਨਹੀਂ ਮਿਲਿਆ ਅਤੇ ਉਸ ਦੇ ਪਰਿਵਾਰ ਵੱਲੋਂ ਨੌਜਵਾਨ ਦੀ ਸਫ਼ਾਈ ਕਰਮਚਾਰੀਆਂ ਨਾਲ ਗੱਲ ਕਰਵਾ ਦਿੱਤੀ ਸੀ ਅਤੇ ਅੱਜ ਉਸ ਨੌਜਵਾਨ ਨੇ ਸਫਾਈ ਕਰਮਚਾਰੀਆਂ ਦੇ ਧਰਨੇ ਵਿੱਚ ਆ ਕੇ ਮਾਫੀ ਮੰਗੀ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਵਾਅਦਾ ਕੀਤਾ।
ਸਫ਼ਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਜਿਹੜੇ ਵਿਅਕਤੀ ਗਲਤ ਕਮੈਂਟਸ ਕਰਦੇ ਹਨ ਉਹ ਇੱਕ ਦਿਨ ਸਾਡੇ ਨਾਲ ਕੰਮ ਕਰਕੇ ਦੇਖਣ, ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਸਫ਼ਾਈ ਕਰਮਚਾਰੀਆਂ ਦੇ ਪ੍ਰਧਾਨ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਵੱਖ ਵੱਖ ਜਥੇਬੰਦੀਆਂ ਦੇ ਸੰਪਰਕ ਵਿੱਚ ਹਨ ਅਤੇ ਉਨਾਂ ਨੂੰ ਪੂਰਨ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀ ਮਾਮੂਲੀ ਵੇਤਨਾ ’ਤੇ ਸ਼ਹਿਰ ਦੀ ਸਫਾਈ ਦਾ ਕੰਮ ਕਰਦੇ ਹਨ ਅਤੇ ਗੰਦਗੀ ਵਿੱਚ ਰਹਿ ਕੇ ਅਨੇਕਾਂ ਬਿਮਾਰੀਆਂ ਤੋਂ ਗ੍ਰਸਤ ਹੋ ਜਾਂਦੇ ਹਨ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਰਹੀ। ਇਸ ਦੌਰਾਨ ਸ਼ਹਿਰ ਦੀਆਂ ਵੱਖ ਵੱਖ ਗਲੀਆਂ ਵਿੱਚ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਜੇਕਰ ਜਲਦ ਹੀ ਸਰਕਾਰ ਵੱਲੋਂ ਸਫਾਈ ਸੇਵਕਾਂ ਨਾਲ ਰਾਬਤਾ ਕਰਕੇ ਹੱਲ ਨਹੀਂ ਕੱਢਿਆ ਤਾਂ ਆਉਣ ਵਾਲੇ ਸਮੇਂ ਵਿੱਚ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨ ਗੰਦਗੀ ਨਾਲ ਮੱਛਰ ਮੱਖੀ ਜਿਆਦਾ ਵਧ ਗਈ ਹੈ।