ਮਿਰਗੀ ਮਰੀਜ਼ਾਂ ਦੀ ਜ਼ਿੰਦਗੀ ਬਦਲ ਰਿਹਾ ਸਟਾਪ ਐਪੀਲੈਪਸੀ ਪ੍ਰੋਜੈਕਟ : ਡਾ. ਗਗਨਦੀਪ
ਮਿਰਗੀ ਮਰੀਜ਼ਾਂ ਦੀ ਜ਼ਿੰਦਗੀ ਬਦਲ ਰਿਹਾ ਸਟਾਪ ਐਪੀਲੈਪਸੀ ਪ੍ਰੋਜੈਕਟ-ਡਾ. ਗਗਨਦੀਪ ਸਿੰਘ
Publish Date: Thu, 02 Apr 2026 03:55 PM (IST)
Updated Date: Fri, 03 Apr 2026 04:02 AM (IST)

ਸਿਹਤ ਬਲਾਕ ਬਲਾਚੌਰ ਤੇ ਸੜੋਆ ਦੀਆਂ ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲੀਟੇਟਰਾਂ ਦੀ ਸਮਰੱਥਾ ਵਧਾਉਣ ਲਈ ਟ੍ਰੇਨਿੰਗ ਆਯੋਜਿਤ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਵੱਲੋਂ ਜ਼ਿਲ੍ਹਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਟਾਪ ਐਪੀਲੈਪਸੀ ਪ੍ਰੋਜੈਕਟ“ਤਹਿਤ ਮਿਰਗੀ ਦੇ ਮਰੀਜ਼ਾਂ ਨੂੰ ਬਿਹਤਰ ਅਤੇ ਪਹੁੰਚਯੋਗ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਿਵਲ ਸਰਜਨ ਦਫਤਰ ਵਿਖੇ ਬਲਾਚੌਰ ਤੇ ਸੜੋਆ ਸਿਹਤ ਬਲਾਕਾਂ ਨਾਲ ਸਬੰਧਤ ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲੀਟੇਟਰਾਂ ਲਈ ਸਮਰੱਥਾ ਨਿਰਮਾਣ ਟ੍ਰੇਨਿੰਗ ਕਰਵਾਈ। ਟ੍ਰੇਨਿੰਗ ਦੌਰਾਨ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੇ ਨਿਊਰੋਲੋਜੀ ਵਿਭਾਗ ਦੇ ਮੁਖੀ ਪ੍ਰੋਫੈਸਰ ਡਾ. ਗਗਨਦੀਪ ਸਿੰਘ ਨੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਟਾਪ ਐਪੀਲੈਪਸੀ ਪ੍ਰੋਜੈਕਟ ਮਿਰਗੀ ਮਰੀਜ਼ਾਂ ਲਈ ਨਵੀਂ ਉਮੀਦ ਬਣਿਆ ਹੈ। ਉਨ੍ਹਾਂ ਦੱਸਿਆ ਕਿ ਮਿਰਗੀ ਦਿਮਾਗ ਦੀ ਤੰਤੂ ਪ੍ਰਣਾਲੀ ਨਾਲ ਜੁੜੀ ਇੱਕ ਗੰਭੀਰ ਅਵਸਥਾ ਹੈ, ਜਿਸਦਾ ਸਹੀ ਅਤੇ ਲਗਾਤਾਰ ਇਲਾਜ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਮਰੀਜ਼ਾਂ ਨੂੰ ਦਵਾਈ ਦੀ ਕੋਈ ਵੀ ਖੁਰਾਕ ਛੱਡਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਦੌਰੇ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਿਰਗੀ ਦੀ ਸਮੇਂ ਸਿਰ ਪਛਾਣ ਅਤੇ ਵਿਗਿਆਨਕ ਢੰਗ ਨਾਲ ਇਲਾਜ ਕਰਨ ਨਾਲ ਲਗਭਗ 70 ਪ੍ਰਤੀਸ਼ਤ ਮਰੀਜ਼ ਸਾਧਾਰਣ ਜੀਵਨ ਬਤੀਤ ਕਰ ਸਕਦੇ ਹਨ। ਮਿਰਗੀ ਦੇ ਸੰਭਾਵਿਤ ਕਾਰਨਾਂ ’ਚ ਦਿਮਾਗੀ ਚੋਟ, ਟਿਊਮਰ, ਇੰਫੈਕਸ਼ਨ, ਤਣਾਅ, ਦਿਮਾਗੀ ਸੋਜ, ਲਹੂ ਨਾੜੀਆਂ ਦੇ ਰੋਗ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਆਦਿ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਅਚਾਨਕ ਬੇਹੋਸ਼ ਹੋ ਜਾਣਾ, ਸਰੀਰ ਵਿਚ ਖਿੱਚ ਜਾਂ ਆਕੜ, ਝਟਕੇ ਆਉਣਾ, ਮੂੰਹ ਵਿੱਚੋਂ ਝੱਗ ਨਿਕਲਣਾ, ਦੰਦ ਭਿੰਚ ਜਾਣਾ, ਪਿਸ਼ਾਬ ‘ਤੇ ਕਾਬੂ ਨਾ ਰਹਿਣਾ ਅਤੇ ਜੀਭ ਨੂੰ ਚੋਟ ਲੱਗਣਾ ਆਮ ਲੱਛਣ ਹਨ। ਉਨ੍ਹਾਂ ਦੱਸਿਆ ਕਿ ਦੌਰੇ ਦੀ ਸਥਿਤੀ ਵਿਚ ਤੁਰੰਤ ਮੁੱਢਲੀ ਸਹਾਇਤਾ ਦੇ ਕੇ ਮਰੀਜ਼ ਦੀ ਹਾਲਤ ਨੂੰ ਸੰਭਾਲਿਆ ਜਾ ਸਕਦਾ ਹੈ। ਡਾ. ਗਗਨਦੀਪ ਸਿੰਘ ਨੇ ਕਿਹਾ ਕਿ ਮਿਰਗੀ ਸਬੰਧੀ ਸਮਾਜ ’ਚ ਮੌਜੂਦ ਭਰਮ ਤੇ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਮਰੀਜ਼ ਬਿਨਾ ਡਰ ਅਤੇ ਸੰਕੋਚ ਦੇ ਇਲਾਜ ਲੈ ਸਕਣ ਅਤੇ ਆਮ ਜੀਵਨ ਜੀ ਸਕਣ। ਉਨ੍ਹਾਂ ਕਿਹਾ ਕਿ ਅਸੀਂ ਸਟਾਪ ਐਪੀਲੈਪਸੀ ਪ੍ਰੋਜੈਕਟ ਤਹਿਤ ਮਿਰਗੀ ਦੇ ਮਰੀਜ਼ਾਂ ਦੀ ਜੀਵਨ ਗੁਣਵੱਤਾ ਸੁਧਾਰਨ ਲਈ ਯਤਨਸ਼ੀਲ ਹਾਂ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ, ਪ੍ਰੋਜੈਕਟ ਨਾਲ ਸਬੰਧਤ ਰਿਸਰਚ ਐਸੋਸੀਏਟ ਸਰਿਸ਼ਟੀ ਵਰਮਾ ਅਤੇ ਬੱਬਲਜੀਤ ਸਿੰਘ ਸਮੇਤ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਸਟਾਫ ਹਾਜ਼ਰ ਸਨ।