ਸ੍ਰੀ ਕੀਰਤਪੁਰ ਸਾਹਿਬ ਚੋਣ ਨਤੀਜੇ: ‘ਆਪ’ ਦੇ 4, ਅਕਾਲੀ ਦਲ ਦਾ 1 ਅਤੇ 6 ਆਜ਼ਾਦ ਉਮੀਦਵਾਰ ਜੇਤੂ; ਪ੍ਰਧਾਨਗੀ ਲਈ ਜੋੜ-ਤੋੜ ਸ਼ੁਰੂ
ਸੂਬੇ ਭਰ ਅੰਦਰ ਨਗਰ ਕੌਂਸਲ ਨਗਰ ਨਿਗਮ ਅਤੇ ਨਗਰ ਪੰਚਾਇਤਾਂ ਦੀਆਂ ਵੋਟਾਂ ਦੀ ਗਿਣਤੀ ਅੱਜ ਮੁਕੰਮਲ ਹੋਈ , ਗੱਲ ਜੇਕਰ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੀ ਕਰੀਏ ਤਾਂ 26 ਮਈ ਨੂੰ ਵੋਟਾਂ ਪਈਆਂ ਸਨ ਅਤੇ ਸਕੂਲ ਆਫ ਐਮੀਨਸ ਸ੍ਰੀ ਕੀਰਤਪੁਰ ਸਾਹਿਬ ਬਣੇ ਸਟਰਾਂਗ ਰੂਮਾਂ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਬਕਸੇ ਰੱਖੇ ਗਏ ਸਨ, ਜਿੱਥੇ ਪ੍ਰਸ਼ਾਸਨ ਵੱਲੋਂ ਦਿਨ-ਰਾਤ ਪੁਲਿਸ ਦਾ ਪਹਿਰਾ ਲਗਾ ਰੱਖਿਆ ਸੀ।
Publish Date: Fri, 29 May 2026 04:34 PM (IST)
Updated Date: Fri, 29 May 2026 04:46 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ। ਸੂਬੇ ਭਰ ਅੰਦਰ ਨਗਰ ਕੌਂਸਲ ਨਗਰ ਨਿਗਮ ਅਤੇ ਨਗਰ ਪੰਚਾਇਤਾਂ ਦੀਆਂ ਵੋਟਾਂ ਦੀ ਗਿਣਤੀ ਅੱਜ ਮੁਕੰਮਲ ਹੋਈ , ਗੱਲ ਜੇਕਰ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੀ ਕਰੀਏ ਤਾਂ 26 ਮਈ ਨੂੰ ਵੋਟਾਂ ਪਈਆਂ ਸਨ ਅਤੇ ਸਕੂਲ ਆਫ ਐਮੀਨਸ ਸ੍ਰੀ ਕੀਰਤਪੁਰ ਸਾਹਿਬ ਬਣੇ ਸਟਰਾਂਗ ਰੂਮਾਂ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਬਕਸੇ ਰੱਖੇ ਗਏ ਸਨ, ਜਿੱਥੇ ਪ੍ਰਸ਼ਾਸਨ ਵੱਲੋਂ ਦਿਨ-ਰਾਤ ਪੁਲਿਸ ਦਾ ਪਹਿਰਾ ਲਗਾ ਰੱਖਿਆ ਸੀ।
ਅੱਜ ਸਵੇਰੇ ਵੋਟਾਂ ਦੀ ਗਿਣਤੀ 8 ਵਜੇ ਸ਼ੁਰੂ ਹੋਣੀ ਸੀ ਪਰ ਕੁਝ ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਗਈ ਸੀ ਕਿ ਵੋਟਾਂ ਦੇ ਗਿਣਤੀ ਮਾਸਟਰਾਂ ਵੱਲੋਂ ਕੀਤੀ ਜਾਣੀ ਹੈ ਜਦੋਂ ਕਿ ਹਲਕੇ ਦੇ ਵਿਧਾਇਕ ਕੋਲ ਸਿੱਖਿਆ ਵਿਭਾਗ ਮਹਿਕਮਾ ਹੈ ਅਤੇ ਉਮੀਦਵਾਰਾਂ ਨੂੰ ਗਿਣਤੀ ਵਿੱਚ ਹੇਰਾਫੇਰੀ ਦਾ ਡਰ ਸੀ।
ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਗਿਣਤੀ ਵਿੱਚ ਲਗਾਏ ਮਾਸਟਰਾਂ ਨੂੰ ਤੁਰੰਤ ਗਿਣਤੀ ਤੋਂ ਪਹਿਲਾਂ ਹੀ ਹਟਾ ਦਿੱਤਾ ਗਿਆ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਨੂੰ ਵੋਟਾਂ ਦੀ ਗਿਣਤੀ ਵਿੱਚ ਲਗਾਇਆ ਗਿਆ, ਜਿਸ ਕਾਰਨ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਦੀ ਬਜਾਏ 9 ਵਜੇ ਤੋਂ ਬਾਅਦ ਸ਼ੁਰੂ ਹੋਈ।
ਵੋਟਾਂ ਦੀ ਗਿਣਤੀ ਦੌਰਾਨ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸਿਰਫ਼ ਉਮੀਦਵਾਰ ਨੂੰ ਹੀ ਕਮਰੇ ਵਿੱਚ ਜਾਣ ਦੀ ਇਜਾਜ਼ਤ ਸੀ। ਸਕੂਲ ਦੇ ਗੇਟ ਅੱਗੇ ਪੁਲਿਸ ਦਾ ਸਖ਼ਤ ਪਹਿਰਾ ਸੀ।
ਕਿਸੇ ਨੂੰ ਵੀ ਫੋਨ ਅੰਦਰ ਲਿਜਾਉਣ ਦੀ ਇਜਾਜ਼ਤ ਨਹੀਂ ਸੀ। ਇਹ ਗਿਣਤੀ ਦੋ ਪੜਾਵਾਂ ਵਿੱਚ ਸ਼ੁਰੂ ਕੀਤੀ ਗਈ।
ਪਹਿਲੇ ਪੜਾਅ ’ਚ ਵਾਰਡ ਨੰਬਰ ਇੱਕ ਤੋਂ ਵਾਰਡ ਨੰਬਰ ਛੇ ਦੇ ਨਤੀਜੇ ਐਲਾਨੇ ਗਏ ਅਤੇ ਦੂਜੇ ਪੜਾਅ ’ਚ 7 ਤੋਂ 11 ਤੱਕ ਨਤੀਜੇ ਐਲਾਨੇ ਗਏ, ਜਿਨ੍ਹਾਂ ’ਚ ਵਾਰਡ ਨੰਬਰ 1 ਤੋਂ ‘ਆਪ’ ਦੇ ਉਮੀਦਵਾਰ ਗੁਰਨਾਮ ਸਿੰਘ ਨੂੰ 158 ਵੋਟਾਂ, ਆਜ਼ਾਦ ਉਮੀਦਵਾਰ ਜੰਗ ਬਹਾਦਰ ਸਿੰਘ ਨੂੰ 114, ਸ਼੍ਰੋਮਣੀ ਅਕਾਲੀ ਦਲ ਦੇ ਮਨਜੀਤ ਸਿੰਘ ਨੂੰ 63 ਅਤੇ ਆਜ਼ਾਦ ਸ਼ੰਕਰ ਨੂੰ 28 ਵੋਟਾਂ ਪਈਆਂ, ਨੋਟਾਂ ਨੂੰ ਤਿੰਨ ਅਤੇ 15 ਵੋਟਾਂ ਰੱਦ ਪਾਈਆਂ ਗਈਆਂ।
ਵਾਰਡ ਨੰਬਰ 2 ਤੋਂ ਆਜ਼ਾਦ ਉਮੀਦਵਾਰ ਹਿਨਾ ਟੰਡਨ ਨੂੰ 291 ਅਤੇ ‘ਆਪ’ ਉਮੀਦਵਾਰ ਪ੍ਰਕਾਸ਼ ਕੌਰ ਨੂੰ 41 ਵੋਟਾਂ ਪਈਆਂ ਜਦੋਂ ਕਿ 16 ਵੋਟਾਂ ਰੱਦ ਸਨ।
ਵਾਰਡ ਨੰਬਰ 3 ਤੋਂ ਆਜ਼ਾਦ ਉਮੀਦਵਾਰ ਰਜਨੀਸ਼ ਜੋਸ਼ੀ ਨੂੰ 200, ‘ਆਪ’ ਉਮੀਦਵਾਰ ਮਨੀਸ਼ ਕੁਮਾਰ ਨੂੰ 168 ਅਤੇ ਕਮਲ ਰੇਖਾ ਨੂੰ 56 ਵੋਟਾਂ ਪਈਆਂ।
ਵਾਰਡ ਨੰਬਰ 4 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਭੁਪਿੰਦਰ ਕੌਰ ਨੂੰ 218 ਅਤੇ ਆਜ਼ਾਦ ਉਮੀਦਵਾਰ ਜਸਵਿੰਦਰ ਕੌਰ ਨੂੰ 188 ਵੋਟਾਂ ਪਈਆਂ।
ਵਾਰਡ ਨੰਬਰ 5 ਤੋਂ ‘ਆਪ’ ਉਮੀਦਵਾਰ ਤਲਵਿੰਦਰ ਸਿੰਘ ਬਿੱਟੂ ਨੂੰ 166, ਆਜ਼ਾਦ ਉਮੀਦਵਾਰ ਜੋਤੀ ਨੂੰ 128 ਅਤੇ ਆਜ਼ਾਦ ਉਮੀਦਵਾਰ ਨਵਲਜੀਤ ਸਿੰਘ ਨੂੰ 26 ਵੋਟਾਂ ਪਈਆਂ ਜਦੋਂ ਕਿ ਤਿੰਨ ਨੋਟਾਂ ਨੂੰ ਅਤੇ 31 ਵੋਟਾਂ ਰੱਦ ਪਈਆਂ ਗਈਆਂ।
ਵਾਰਡ ਨੰਬਰ 6 ਤੋਂ ਆਜ਼ਾਦ ਉਮੀਦਵਾਰ ਨੀਲਮ ਨੂੰ 53, ਜਸਵਿੰਦਰ ਕੌਰ ਨੂੰ 24 ਪੂਜਾ ਨੂੰ 29 ਅਤੇ ‘ਆਪ’ ਉਮੀਦਵਾਰ ਪ੍ਰੀਤਮ ਕੌਰ ਨੂੰ 15 ਵੋਟਾਂ ਪਈਆਂ।
ਵਾਰਡ ਨੰਬਰ 7 ਤੋਂ ‘ਆਪ’ ਉਮੀਦਵਾਰ ਰਾਜਵੀਰ ਕੌਰ ਨੂੰ 125 ਅਤੇ ਆਜ਼ਾਦ ਉਮੀਦਵਾਰ ਸ਼ਮਸ਼ੇਰ ਸਿੰਘ ਨੂੰ 95 ਵੋਟਾਂ ਪਈਆਂ,
ਵਾਰਡ ਨੰਬਰ 8 ਤੋਂ ਆਜ਼ਾਦ ਉਮੀਦਵਾਰ ਨੀਲਮ ਕੁਮਾਰੀ ਨੂੰ 157, ‘ਆਪ’ ਉਮੀਦਵਾਰ ਰੀਤੂ ਨੂੰ 95, ਆਜ਼ਾਦ ਉਮੀਦਵਾਰ ਚਾਂਦਨੀ ਅਤੇ ਜਸਵੀਰ ਕੌਰ ਨੂੰ 43, 43 ਵੋਟਾਂ ਪਈਆਂ, 10 ਵੋਟਾਂ ਰੱਦ ਹੋਈਆਂ।
ਵਾਰਡ ਨੰਬਰ 9 ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਟੀਨਾ ਨੂੰ 149 ਅਤੇ ਆਜ਼ਾਦ ਉਮੀਦਵਾਰ ਮਨਿੰਦਰ ਸਿੰਘ ਸਾਹਿਬ ਨੂੰ 125 ਵੋਟਾਂ ਪਈਆਂ ਜਦੋਂ ਕਿ ਚਾਰ ਵੋਟਾਂ ਰੱਦ ਸਨ।
ਵਾਰਡ ਨੰਬਰ 10 ਤੋਂ ਆਜ਼ਾਦ ਉਮੀਦਵਾਰ ਹਰਪਿੰਦਰ ਕੌਰ ਨੂੰ 189, ‘ਆਪ’ ਉਮੀਦਵਾਰ ਗਗਨਦੀਪ ਕੌਰ ਨੂੰ 129 ਅਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਚਰਨਜੀਤ ਕੌਰ ਨੂੰ 82 ਵੋਟਾਂ ਪਈਆਂ।
ਇਸੇ ਤਰ੍ਹਾਂ
ਵਾਰਡ ਨੰਬਰ 11 ਵਿੱਚ ਆਜ਼ਾਦ ਉਮੀਦਵਾਰ ਜਗਤਾਰ ਸਿੰਘ ਨੂੰ 170, ਆਜ਼ਾਦ ਉਮੀਦਵਾਰ ਤਰਲੋਚਨ ਸਿੰਘ ਤੇ ਮਾਨ ਸਿੰਘ ਨੂੰ ਕ੍ਰਮਵਾਰ 116 ਤੇ 28 ਵੋਟਾਂ ਪਈਆਂ।
ਇਨ੍ਹਾਂ ਨਤੀਜਿਆਂ ਨਾਲ ਨਗਰ ਪੰਚਾਇਤ ਸ਼੍ਰੀ ਕੀਰਤਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਚਾਰ, ਸ਼੍ਰੋਮਣੀ ਅਕਾਲੀ ਦਲ ਤੋਂ ਇਕ ਅਤੇ ਛੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ। ਨਤੀਜੇ ਐਲਾਨਣ ਤੋਂ ਬਾਅਦ ਕਈ ਉਮੀਦਵਾਰ ਗਿਣਤੀ ਤੋਂ ਸੰਤੁਸ਼ਟ ਨਜ਼ਰ ਨਹੀਂ ਆਏ ਅਤੇ ਰਿਟਰਨਿੰਗ ਅਫਸਰ ਭਾਵੁਕ ਸ਼ਰਮਾ ਨੂੰ ਦੁਬਾਰਾ ਗਿਣਤੀ ਕਰਵਾਉਣ ਲਈ ਜ਼ੋਰ ਪਾਇਆ ਗਿਆ ਅਤੇ ਦੁਬਾਰਾ ਗਿਣਤੀ ਲਈ ਦਰਖਾਸਤਾਂ ਜਮਾ ਕਰਵਾਈਆਂ ਗਈਆਂ ਪਰ ਰਿਟਰਨਿੰਗ ਅਫਸਰ ਭਾਵੁਕ ਸ਼ਰਮਾ ਨੇ ਦੁਬਾਰਾ ਗਿਣਤੀ ਕਰਨ ਤੋਂ ਸਾਫ ਮਨਾ ਕਰ ਦਿੱਤਾ ਅਤੇ ਕਿਹਾ ਕਿ ਹੁਣ ਬਕਸੇ ਬੰਦ ਹੋ ਚੁੱਕੇ ਹਨ ਜਦੋਂ ਉਮੀਦਵਾਰ ਗਿਣਤੀ ਮੁਕੰਮਲ ਹੋਣ ਤੋਂ ਬਾਅਦ ਦਸਤਖਤ ਕਰਕੇ ਬਾਹਰ ਆ ਜਾਂਦਾ ਹੈ ਤਾਂ ਦੁਬਾਰਾ ਗਿਣਤੀ ਸੰਭਵ ਨਹੀਂ ਹੈ।
ਗਿਣਤੀ ਸਮੇਂ ਇਤਰਾਜ਼ ਮੰਨਣ ਯੋਗ ਹੁੰਦੇ ਹਨ। ਇਨ੍ਹਾਂ ਨਤੀਜਿਆਂ ਤੋਂ ਬਾਅਦ ਸ਼੍ਰੀ ਕੀਰਤਪੁਰ ਸਾਹਿਬ ਨਗਰ ਪੰਚਾਇਤ ਦੇ ਪ੍ਰਧਾਨ ਬਣਨ ਲਈ ਜੋੜ ਤੋੜ ਦੀ ਸਿਆਸਤ ਸ਼ੁਰੂ ਹੋ ਗਈ ਹੈ ਹੁਣ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਕਿ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦਾ ਪ੍ਰਧਾਨ ਕੌਣ ਹੋਵੇਗਾ, ਕਿਸ ਦੇ ਹੱਥ ਨਗਰ ਪੰਚਾਇਤ ਦੀ ਕਮਾਂਡ ਹੋਵੇਗੀ। ਬੇਸ਼ੱਕ ਜਿੱਤੇ ਹੋਏ ਉਮੀਦਵਾਰ ਜਿੱਤ ਦਾ ਜਸ਼ਨ ਮਨਾ ਰਹੇ ਹਨ ਪਰ ਹਾਰੇ ਹੋਏ ਉਮੀਦਵਾਰ ਆਪਣੀ ਹਾਰ ਦੀ ਸਮੀਖਿਆ ਕਰਨਗੇ।