ਜ਼ਿਲ੍ਹੇ ਦੇ ਸੀਨੀਅਰ ਕਾਂਗਰਸੀਆਂ ਵਲੋਂ ‘ਜਨ ਚੇਤਨਾ ਮੰਚ’ ਦਾ ਗਠਨ
ਜ਼ਿਲ੍ਹੇ ਦੇ ਸੀਨੀਅਰ ਕਾਂਗਰਸੀਆਂ ਵਲੋਂ ‘ਜਨ ਚੇਤਨਾ ਮੰਚ’ ਦਾ ਗਠਨ
Publish Date: Fri, 08 May 2026 06:47 PM (IST)
Updated Date: Sat, 09 May 2026 04:09 AM (IST)
ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ,
ਨੰਗਲ:ਲੋਕਾਂ ਦੀਆਂ ਮੰਗਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਕਾਂਗਰਸ ਪਾਰਟੀ ਦੇ ਕੁਝ ਪੁਰਾਣੇ ਅਤੇ ਸੀਨੀਅਰ ਆਗੂਆਂ ਵੱਲੋਂ ਜ਼ਿਲ੍ਹਾ ਪੱਧਰ ’ਤੇ ‘ਜਨ ਚੇਤਨਾ ਮੰਚ’ ਨਾਮਕ ਸਮਾਜ ਸੇਵੀ ਸੰਗਠਨ ਦਾ ਗਠਨ ਕੀਤਾ ਗਿਆ ਹੈ। ਇਸ ਸਬੰਧੀ ਨੰਗਲ ਦੇ ਮੇਨ ਮਾਰਕੀਟ ਵਿੱਚ ਡਾ. ਰਵਿੰਦਰ ਦੀਵਾਨ, ਪ੍ਰਦੀਪ ਸੋਨੀ, ਰਾਜ ਸਿੰਘ ਅਤੇ ਪ੍ਰਤਾਪ ਸੈਣੀ ਦੀ ਅਗਵਾਈ ਹੇਠ ਪਲੇਠੀ ਪ੍ਰੈੱਸ ਵਾਰਤਾ ਕੀਤੀ ਗਈ। ਇਸ ਮੌਕੇ ਜਨ ਚੇਤਨਾ ਮੰਚ ਵਲੋਂ ਕੀਤੇ ਜਾਣ ਵਾਲੇ ਕੰਮਾਂ ਦਾ ਜ਼ਿਕਰ ਕਰਦਿਆਂ ਮੰਚ ਦੇ ਆਗੂਆਂ ਨੇ ਕਾਂਗਰਸ ਹਾਈਕਮਾਨ ਤੋਂ ਮੰਗ ਕੀਤੀ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਕਿਸੇ ਸਥਾਨਕ ਆਗੂ ਨੂੰ ਹੀ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ।
ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਿਮਾਚਲ ਵਿੱਚ ਕਾਂਗਰਸ ਦੀ ਸਰਕਾਰ ਹੋਣ ਕਾਰਨ ਉੱਥੋਂ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਪੰਜਾਬ-ਹਿਮਾਚਲ ਸਰਹੱਦ ’ਤੇ ਲਗਾਏ ਗਏ ਟੋਲ ਟੈਕਸ ਨਾਕਿਆਂ ਤੋਂ ਲੋਕਾਂ ਨੂੰ ਰਾਹਤ ਦਿਵਾਈ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੰਜਾਬ ਕਾਂਗਰਸ ਅਤੇ ਕਾਂਗਰਸ ਹਾਈਕਮਾਨ ਨੂੰ ਇੱਕ ਪੱਤਰ ਵੀ ਭੇਜਿਆ ਜਾਵੇਗਾ। ਕਾਂਗਰਸੀ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਹਿਮਾਚਲ ਸਰਕਾਰ ਵੱਲੋਂ ਲਗਾਏ ਗਏ ਟੋਲ ਨਾਕਿਆਂ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੇ ਇਲਾਕਾ ਸੰਘਰਸ਼ ਮੋਰਚੇ ਨੂੰ ਉਨ੍ਹਾਂ ਦਾ ਪੂਰਾ ਸਮਰਥਨ ਰਹੇਗਾ। ਇਸ ਮੌਕੇ ’ਤੇ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਸੁਖਦੇਵ ਸਿੰਘ ਨੇ ਕਿਹਾ ਕਿ ਜਨ ਚੇਤਨਾ ਮੰਚ ਦਾ ਮੁੱਖ ਉਦੇਸ਼ ਲੋਕ ਹਿੱਤ ਦੇ ਮਸਲਿਆਂ ਨੂੰ ਉਠਾਉਣਾ ਹੈ।
ਉਨ੍ਹਾਂ ਕਿਹਾ ਕਿ ਉਪਮੰਡਲ ਨੰਗਲ ਵਿੱਚ ਗੈਰਕਾਨੂੰਨੀ ਮਾਈਨਿੰਗ ਸਭ ਤੋਂ ਵੱਡਾ ਮੁੱਦਾ ਬਣ ਚੁੱਕਾ ਹੈ, ਜਿਸ ਨਾਲ ਸਰਕਾਰ ਦੇ ਖਜ਼ਾਨੇ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ, ਪਰ ਸਰਕਾਰ ਚੁੱਪ ਧਾਰ ਕੇ ਬੈਠੀ ਹੈ ਕਿਉਂਕਿ ਸੱਤਾਧਾਰੀ ਧਿਰ ਦੇ ਲੋਕ ਹੀ ਇਸ ਧੰਦੇ ਨਾਲ ਜੁੜੇ ਹੋਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨੇ ਐੱਨਜੀਟੀ ਵਿੱਚ ਦਿੱਤੇ ਐਫਿਡੇਵਿਟ ’ਚ ਵੀ ਮੰਨਿਆ ਹੈ ਕਿ ਸਵਾਂ ਨਦੀ ਦਾ ਪੁਲ ਗੈਰਕਾਨੂੰਨੀ ਮਾਈਨਿੰਗ ਕਾਰਨ ਹੀ ਨੁਕਸਾਨੀ ਹੋਇਆ। ਸੁਖਦੇਵ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹੀ ਅੱਜ ਕਰਮਚਾਰੀ ਆਪਣੀਆਂ ਮੰਗਾਂ ਲਈ ਸੜਕਾਂ ’ਤੇ ਉਤਰਣ ਲਈ ਮਜਬੂਰ ਹਨ। ਇਸ ਮੌਕੇ ਪ੍ਰਤਾਪ ਸੈਣੀ, ਪੰਡਿਤ ਕਸ਼ਮੀਰੀ ਲਾਲ, ਉਮਪ੍ਰਕਾਸ਼, ਪੰਡਿਤ ਕ੍ਰਿਸ਼ਨਾ ਨੰਦ, ਰਾਮੇਸ਼ ਕੁਮਾਰ , ਦਿਲਬਾਗ ਚੰਦੇਲ ਆਦਿ ਹਾਜ਼ਰ ਸਨ।