ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਹਰ ਪਾਸੇ ਗੰਦਗੀ ਅਤੇ ਬਦਬੂ ਦਾ ਆਲਮ
ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਹਰ ਪਾਸੇ ਗੰਦਗੀ ਅਤੇ ਬਦਬੂ ਦਾ ਆਲਮ
Publish Date: Tue, 12 May 2026 04:30 PM (IST)
Updated Date: Tue, 12 May 2026 04:33 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਸਿਟੀ ਬਿਊਟੀਫੁੱਲ ਕਹਾਉਣ ਵਾਲੇ ਨੰਗਲ ਸ਼ਹਿਰ ਦੀਆਂ ਤਸਵੀਰਾਂ ਅੱਜ-ਕੱਲ੍ਹ ਰੂਹ ਕੰਬਾਊ ਹਨ। ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਵਿੱਢੀ ਗਈ ਅਣਮਿੱਥੇ ਸਮੇਂ ਦੀ ਹੜਤਾਲ ਅੱਜ ਕਈ ਦਿਨਾਂ ਬਾਅਦ ਵੀ ਜਾਰੀ ਹੈ, ਜਿਸ ਕਾਰਨ ਪੂਰੇ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ। ਸ਼ਹਿਰ ਦਾ ਕੋਈ ਵੀ ਕੋਨਾ ਅਜਿਹਾ ਨਹੀਂ ਬਚਿਆ ਜਿੱਥੇ ਕੂੜੇ ਦੇ ਢੇਰ ਨਾ ਲੱਗੇ ਹੋਣ ਅਤੇ ਬਦਬੂ ਦਾ ਆਲਮ ਨਾ ਹੋਵੇ। ਸ਼ਹਿਰ ਦੇ ਵੱਖ-ਵੱਖ ਬਲਾਕਾਂ, ਕਲੋਨੀਆਂ ਅਤੇ ਜਨਤਕ ਥਾਵਾਂ ਤੇ ਰੱਖੇ ਕੂੜੇ ਦੇ ਵੱਡੇ ਕੰਟੇਨਰ ਹੁਣ ਸਿਰਫ ਨਾਮ ਦੇ ਰਹਿ ਗਏ ਹਨ। ਕੰਟੇਨਰ ਕਈ ਦਿਨ ਪਹਿਲਾਂ ਹੀ ਨੱਕੋ-ਨੱਕ ਭਰ ਚੁੱਕੇ ਹਨ ਅਤੇ ਹੁਣ ਕੂੜਾ ਸੜਕਾਂ ਤੇ ਖਿਲਰਨਾ ਸ਼ੁਰੂ ਹੋ ਗਿਆ ਹੈ। ਬਦਬੂ ਦੀ ਸਥਿਤੀ ਇੰਨੀ ਗੰਭੀਰ ਹੈ ਕਿ ਰਾਹਗੀਰਾਂ ਨੂੰ ਮੂੰਹ ਤੇ ਰੁਮਾਲ ਰੱਖ ਕੇ ਲੰਘਣਾ ਪੈ ਰਿਹਾ ਹੈ। ਕੂੜੇ ਵਿੱਚੋਂ ਉੱਠ ਰਹੀ ਅਸਹਿ ਬਦਬੂ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ। ਰਹੀ-ਸਹੀ ਕਸਰ ਆਵਾਰਾ ਪਸ਼ੂਆਂ ਨੇ ਕੱਢ ਦਿੱਤੀ ਹੈ। ਇਹ ਜਾਨਵਰ ਦਿਨ-ਰਾਤ ਕੰਟੇਨਰਾਂ ਵਿੱਚੋਂ ਕੂੜਾ ਬਾਹਰ ਖਿੱਚ ਰਹੇ ਹਨ, ਜਿਸ ਕਾਰਨ ਗੰਦਗੀ ਸੜਕਾਂ ਦੇ ਵਿਚਕਾਰ ਤੱਕ ਫੈਲ ਗਈ ਹੈ। ਇਹ ਸਿਰਫ਼ ਗੰਦਗੀ ਹੀ ਨਹੀਂ, ਸਗੋਂ ਭਿਆਨਕ ਬਿਮਾਰੀਆਂ ਨੂੰ ਸੱਦਾ ਦੇਣ ਵਾਲਾ ਮੰਜ਼ਰ ਹੈ। ਜੇਕਰ ਹਾਲਾਤ ਇਹੀ ਰਹੇ ਤਾਂ ਸ਼ਹਿਰ ਵਿੱਚ ਮਹਾਮਾਰੀ ਫੈਲਣ ਤੋਂ ਕੋਈ ਨਹੀਂ ਰੋਕ ਸਕੇਗਾ। ਇੱਕ ਪਾਸੇ ਸਫ਼ਾਈ ਸੇਵਕ ਆਪਣੀਆਂ ਮੰਗਾਂ ਤੇ ਅੜੇ ਹੋਏ ਹਨ ਅਤੇ ਦੂਜੇ ਪਾਸੇ ਪ੍ਰਸ਼ਾਸਨ ਇਸ ਗੰਭੀਰ ਮੁੱਦੇ ਨੂੰ ਹੱਲ ਕਰਨ ਵਿੱਚ ਨਾਕਾਮ ਸਾਬਤ ਹੋ ਰਿਹਾ ਹੈ। ਸਰਕਾਰ ਮਸਲੇ ਦਾ ਛੇਤੀ ਕਰੇ ਹੱਲ: ਡਿਗਵਾ ਇਸ ਸਬੰਧੀ ਗੱਲ ਕਰਦਿਆਂ ਵਾਰਡ ਨੰਬਰ ਸੱਤ ਤੋਂ ਆਜ਼ਾਦ ਉਮੀਦਵਾਰ ਸੁਖਦੇਵ ਸਿੰਘ ਡਿਗਵਾ ਨੇ ਕਿਹਾ ਕਿ ਸਰਕਾਰ ਤੁਰੰਤ ਸਫ਼ਾਈ ਸੇਵਕਾਂ ਨਾਲ ਗੱਲਬਾਤ ਕਰੇ ਅਤੇ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਕਰੇ, ਤਾਂ ਹੀ ਨੰਗਲ ਦੇ ਲੋਕਾਂ ਨੂੰ ਆਲੇ ਦੁਆਲੇ ਫੈਲੀ ਹੋਈ ਗੰਦਗੀ ਤੋ ਨਿਜਾਤ ਮਿਲ ਸਕਦੀ ਹੈ। ਡਿਗਵਾ ਨੇ ਕਿਹਾ ਕਿ ਜੇਕਰ ਸਫਾਈ ਦਾ ਕੋਈ ਹੱਲ ਨਾ ਹੋਇਆ ਅਤੇ ਕੋਈ ਭਿਆਨਕ ਬਿਮਾਰੀ ਫੈਲਦੀ ਹੈ ਤਾਂ ਇਸ ਲਈ ਸਰਕਾਰ ਜਿੰਮੇਵਾਰ ਹੋਵੇਗੀ। ਉਹਨਾਂ ਨੇ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਵਾਜਬ ਠਹਿਰਾਉਦੇ ਹੋਏ , ਤੁਰੰਤ ਹੱਲ ਕਰਨ ਦੀ ਅਪੀਲ ਕੀਤੀ ਹੜਤਾਲ ’ਤੇ ਬੈਠਣਾ ਸਾਡੀ ਮਜਬੂਰੀ ਦੂਸਰੇ ਪਾਸੇ ਹੜਤਾਲ ਤੇ ਬੈਠੇ ਸਫ਼ਾਈ ਸੇਵਕਾਂ ਦਾ ਸਾਫ਼ ਕਹਿਣਾ ਹੈ ਕਿ ਉਹ ਸ਼ਹਿਰ ਨੂੰ ਗੰਦਾ ਨਹੀਂ ਕਰਨਾ ਚਾਹੁੰਦੇ, ਪਰ ਮਜਬੂਰੀ ਵੱਸ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ ਹੈ। ਆਗੂਆਂ ਨੇ ਕਿਹਾ, ਅਸੀਂ ਵੀ ਇਸੇ ਸ਼ਹਿਰ ਦੇ ਵਾਸੀ ਹਾਂ, ਪਰ ਜਦੋਂ ਤੱਕ ਸਾਡੀਆਂ ਜਾਇਜ਼ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਮੁਤਾਬਕ ਪ੍ਰਸ਼ਾਸਨ ਸਿਰਫ਼ ਖੋਖਲੇ ਭਰੋਸੇ ਦੇ ਰਿਹਾ ਹੈ, ਜਿਸ ਕਾਰਨ ਗੱਲਬਾਤ ਸਿਰੇ ਨਹੀਂ ਚੜ੍ਹ ਰਹੀ।