ਸਫਾਈ ਸੇਵਕ ਯੂਨੀਅਨ ਵੱਲੋਂ ਧਰਨਾ ਲਗਾਤਾਰ ਜਾਰੀ
ਸਫਾਈ ਸੇਵਕ ਯੂਨੀਅਨ ਵੱਲੋਂ ਧਰਨਾ ਲਗਾਤਾਰ ਜਾਰੀ
Publish Date: Wed, 13 May 2026 04:05 PM (IST)
Updated Date: Wed, 13 May 2026 04:06 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸੂਬੇ ਭਰ ਵਿੱਚ ਕੀਤੀ ਗਈ ਸਫਾਈ ਸੇਵਕ ਯੂਨੀਅਨ ਵੱਲੋਂ ਹੜਤਾਲ ਅੱਜ ਸੱਤਵੇਂ ਦਿਨ ਵੀ ਜਾਰੀ ਰਹੀ, ਸਫਾਈ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ ਅਤੇ ਕਰਮਚਾਰੀਆਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਹੜਤਾਲ ਰਹੇਗੀ ਅਤੇ ਧਰਨੇ ਪ੍ਰਦਰਸ਼ਨ ਜਾਰੀ ਰਹਿਣਗੇ। ਸਫਾਈ ਕਰਮਚਾਰੀਆਂ ਦੀ ਹੜਤਾਲ ਸਬੰਧੀ ਵੱਖ ਵੱਖ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ ਵਲੋਂ ਧਰਨੇ ਦਾ ਸਮਰਥਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਯੂਨੀਅਨ ਆਗੂ ਕਪਿਲ ਮਹਿੰਦਲੀ ਸਾਥੀਆਂ ਸਮੇਤ ਧਰਨੇ ਵਿੱਚ ਪਹੁੰਚੇ ਅਤੇ ਸਫਾਈ ਕਰਮਚਾਰੀਆਂ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ, ਇਸ ਦੌਰਾਨ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਸਫਾਈ ਸੇਵਕ ਭਰਾਵਾਂ ਵਲੋਂ ਪੱਕੇ ਰੋਜ਼ਗਾਰ ਦੀ ਪ੍ਰਾਪਤੀ ਲਈ ਦਿਤੇ ਜਾ ਰਹੇ ਲਗਾਤਾਰ ਧਰਨੇ ਵਿਚ ਸ਼ਮੂਲੀਅਤ ਕਰਕੇ ਆਪਣੀ ਯੂਨੀਅਨ ਵਲੋਂ ਹਮਾਇਤ ਕੀਤੀ। ਇਸ ਮੋਕੇ ਤੇ ਕਮੇਟੀ ਦੇ ਅਧਿਕਾਰੀਆਂ ਨੂੰ ਮਿਲ ਕੇ ਸਫਾਈ ਸੇਵਕ ਕਰਮਚਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਸਫਾਈ ਕਰਮਚਾਰੀਆਂ ਨੂੰ ਦੱਸਿਆ ਕੀ ਸੰਘਰਸ਼ ਦੌਰਾਨ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਲੇਬਰ ਐਕਟ ਅਨੁਸਾਰ ਤਨਖਾਹਾਂ ਦੀ ਅਦਾਇਗੀ ਯਕੀਨੀ ਕਰਨ, ਅਤੇ ਐਕਟ ਅਨੁਸਾਰ ਸਾਰੇ ਵਰਕਰਾਂ ਨੂੰ ਸਾਰੀਆਂ 24 ਛੁੱਟੀਆਂ ਲਾਗੂ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਵਰਕਰਾਂ ਨੂੰ 8.33% ਬੋਨਸ ਵੀ ਲਾਗੂ ਕਰਵਾਇਆ ਗਿਆ। ਇਸ ਮੋਕੇ ਤੇ ਸਫ਼ਾਈ ਸੇਵਕ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸ਼੍ਰੀ ਸੰਜੀਵ ਕੁਮਾਰ , ਜਲ ਸਪਲਾਈ ਯੂਨੀਅਨ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸ਼੍ਰੀ ਮੱਖਣ ਕਾਲਸ , ਮਿਉਂਸੀਪਲ ਕੋਂਸਲ ਦੇ ਸਾਬਕਾ ਮੈਂਬਰ ਸ਼੍ਰੀ ਹਿਮਾਂਸ਼ੂ ਟੰਡਨ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸਫ਼ਾਈ ਸੇਵਕ ਭਰਾ ਹਾਜ਼ਰ ਸਨ। ਸਫਾਈ ਕਰਮਚਾਰੀਆਂ ਦੀ ਹੜਤਾਲ ਨੂੰ ਲੈ ਕੇ ਸ਼ਹਿਰ ਵਿੱਚ ਗੰਦਗੀ ਦੇ ਢੇਰ ਲਗਾਤਾਰ ਵਧਣੇ ਸ਼ੁਰੂ ਹੋ ਗਏ ਹਨ। ਜਿਸ ਨਾਲ ਸ਼ਹਿਰ ਵਾਸੀ ਡੂੰਘੀ ਚਿੰਤਾ ਵਿੱਚ ਹਨ। ਸ਼ਹਿਰ ਵਿੱਚ ਗੰਦਗੀ ਦੇ ਢੇਰਾਂ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਵਧਦਾ ਜਾ ਰਿਹਾ ਹੈ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਤਾਂ ਖਤਰਾ ਹੈ ਹੀ ਨਾਲ ਹੀ ਅਵਾਰਾ ਜਾਨਵਰਾਂ ਵਿੱਚ ਵੀ ਬਿਮਾਰੀਆਂ ਫੈਲ ਸਕਦੀਆਂ ਹਨ। ਅਵਾਰਾ ਜਾਨਵਰ ਗੰਦਗੀ ਦੇ ਢੇਰਾਂ ਨੂੰ ਖਿਲਾਰ ਰਹੇ ਹਨ ਜਿਸ ਨਾਲ ਬਦਬੂ ਫੈਲ ਰਹੀ ਹੈ ਅਤੇ ਮੱਖੀਆਂ ਮੱਛਰਾਂ ਦੀ ਭਰਮਾਰ ਵੱਧਦੀ ਜਾ ਰਹੀ ਹੈ। ਸ਼ਹਿਰ ਵਾਸੀਆਂ ਨੇ ਸਿਹਤ ਵਿਭਾਗ ਨੂੰ ਵੀ ਅਪੀਲ ਕੀਤੀ ਹੈ ਕਿ ਸਮੇਂ ਸਮੇਂ ਦੌਰਾਨ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ ਤਾਂ ਜੋ ਕੋਈ ਭਿਆਨਕ ਮਹਾਂਮਾਰੀ ਨਾ ਫੈਲੇ। ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਜਸਬੀਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਹੜਤਾਲ ਜਾਰੀ ਰਹੇਗੀ ਅਤੇ ਉਹ ਸਮੇਂ ਸਮੇਂ ਦੌਰਾਨ ਸੂਬੇ ਭਰ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਸੰਪਰਕ ਵਿੱਚ ਹਨ।