ਸਫਾਈ ਸੇਵਕ ਯੂਨੀਅਨ ਵੱਲੋਂ ਮੁਕੰਮਲ ਹੜਤਾਲ ਛੇਵੇਂ ਦਿਨ ਜਾਰੀ
ਸਫਾਈ ਸੇਵਕ ਯੂਨੀਅਨ ਵੱਲੋਂ ਮੁਕੰਮਲ ਹੜਤਾਲ ਛੇਵੇਂ ਦਿਨ ਜਾਰੀ
Publish Date: Mon, 11 May 2026 04:59 PM (IST)
Updated Date: Mon, 11 May 2026 05:00 PM (IST)

ਸ਼ਹਿਰ ਵਿੱਚ ਗੰਦਗੀ ਦੇ ਢੇਰ, ਬੈਂਸ ਨੇ ਕਿਹਾ ਸਰਕਾਰ ਮਸਲੇ ਦਾ ਹੱਲ ਕੱਢਣ ਲਈ ਯਤਨਸ਼ੀਲ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ: ਸਫਾਈ ਸੇਵਕਾਂ ਵੱਲੋਂ ਸੂਬੇ ਭਰ ਵਿੱਚ ਦਿੱਤੇ ਜਾ ਰਹੇ ਧਰਨੇ ਅੱਜ ਛੇਵੇਂ ਦਿਨ ਵੀ ਜਾਰੀ ਰਹੇ ਸੂਬੇ ਭਰ ਵਿੱਚ ਸਫਾਈ ਸੇਵਕ ਕਰਮਚਾਰੀਆਂ ਵੱਲੋਂ ਹੜਤਾਲ ਕਰਕੇ ਧਰਨੇ ਦਿੱਤੇ ਜਾ ਰਹੇ ਹਨ, ਸਫਾਈ ਸੇਵਕ ਯੂਨੀਅਨ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦਫਤਰ ਅੱਗੇ ਬੈਠੇ ਹਨ ਜਿਸ ਨਾਲ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ ਜਿਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਵਧ ਗਿਆ ਹੈ। ਇਤਿਹਾਸਿਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਗੁਰਧਾਮਾਂ ਦੇ ਦਰਸ਼ਨਾਂ ਲਈ ਦੇਸ਼ਾਂ ਵਿਦੇਸ਼ਾਂ ਤੋਂ ਦੁਨੀਆਂ ਪਹੁੰਚ ਰਹੀ ਹੈ ਅਤੇ ਗੰਦਗੀ ਦੇ ਢੇਰ ਉਨ੍ਹਾਂ ਦਾ ਸਵਾਗਤ ਕਰ ਰਹੇ ਹਨ ਜਿਸ ਨਾਲ ਸੰਗਤਾਂ ਨੂੰ ਮੂੰਹ ਢੱਕ ਕੇ ਚਲਣਾ ਪੈ ਰਿਹਾ ਹੈ। ਸ਼ਹਿਰ ਵਿੱਚ ਸਫਾਈ ਸੇਵਕਾਂ ਦੀ ਹੜਤਾਲ ਤੋਂ ਸ਼ਹਿਰਵਾਸੀ ਵੀ ਦੁਖੀ ਹਨ ਰਾਤ ਸਮੇਂ ਸ਼ਹਿਰ ਵਾਸੀ ਸੜਕਾਂ ਗਲੀਆਂ ਦੀਆਂ ਨੁੱਕਰਾਂ ’ਤੇ ਗੰਦਗੀ ਦੇ ਢੇਰ ਲਗਾ ਰਹੇ ਹਨ। ਅਵਾਰਾ ਘੁੰਮਦੇ ਫਿਰਦੇ ਕੁੱਤੇ ਅਤੇ ਪਸ਼ੂ ਗੰਦਗੀ ਦੇ ਢੇਰਾਂ ਨੂੰ ਖਿਲਾਰ ਰਹੇ ਹਨ ਜਿਸ ਨਾਲ ਬਦਬੂ ਫੈਲ ਰਹੀ ਹੈ ਅਤੇ ਭਿਆਨਕ ਮਹਾਮਾਰੀ ਫੈਲਣ ਦਾ ਖਤਰਾ ਵੱਧਦਾ ਜਾ ਰਿਹਾ ਹੈ। ਸੂਬੇ ਅੰਦਰ ਸਫਾਈ ਕਰਮਚਾਰੀ ਅਤੇ ਦਰਜਾ ਚਾਰ ਕਰਮਚਾਰੀ ਕੰਮ ਛੱਡ ਕੇ ਧਰਨੇ ’ਤੇ ਬੈਠੇ ਹੋਏ ਹਨ ਅਤੇ ਮੰਗ ਕਰ ਰਹੇ ਹਨ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਸਰਕਾਰੀ ਮੁਲਾਜ਼ਮਾਂ ਦੀਆਂ ਸਹੂਲਤਾਂ ਦਿੱਤੀਆਂ ਜਾਣ। ਸਫਾਈ ਕਰਮਚਾਰੀਆਂ ਦਾ ਕਹਿਣਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਸਫਾਈ ਕਰਮਚਾਰੀਆਂ ਦੇ ਧਰਨੇ ਵਿੱਚ ਹਲਕੇ ਦੇ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਪਹੁੰਚੇ ਅਤੇ ਧਰਨੇ ਵਿੱਚ ਬੈਠ ਕੇ ਸਫਾਈ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਸੂਬੇ ਅੰਦਰ ਸਰਕਾਰ ਸਫਾਈ ਕਰਮਚਾਰੀ ਯੂਨੀਅਨ ਦੇ ਨੁਮਾਇਦਿਆਂ ਨਾਲ ਗੱਲਬਾਤ ਕਰ ਰਹੀ ਹੈ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ ਜਲਦ ਹੀ ਗੱਲਬਾਤ ਨਾਲ ਮਸਲੇ ਦਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਿਰਫ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦਾ ਮਸਲਾ ਨਹੀਂ ਹੈ, ਪੂਰੇ ਸੂਬੇ ਦਾ ਮਸਲਾ ਹੈ ਅਤੇ ਸੂਬੇ ਪੱਧਰ ’ਤੇ ਸਰਕਾਰ ਢੁਕਵਾਂ ਹੱਲ ਕਰ ਰਹੀ ਹੈ। ਸਫਾਈ ਕਰਮਚਾਰੀਆਂ ਦਾ ਕਹਿਣਾ ਸੀ ਕਿ ਅਸੀਂ ਸ਼ਹਿਰ ਵਾਸੀਆਂ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਪਰ ਬਹੁਤ ਘੱਟ ਤਨਖਾਹਾਂ ਤੇ ਅਸੀਂ ਸ਼ਹਿਰ ਦੀ ਗੰਦਗੀ ਸਾਫ ਕਰਦੇ ਹਾਂ ਅਤੇ ਅਸੀਂ ਆਪ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਸਰਕਾਰ ਮੰਗਾਂ ਮੰਨੇ ਅਤੇ ਅਸੀਂ ਆਪਣੇ ਕੰਮਾਂ ਤੇ ਲੱਗੀਏ। ਕਰਮਚਾਰੀਆਂ ਦਾ ਕਹਿਣਾ ਸੀ 10 ,12 ਹਜਾਰ ਦੇ ਵਿੱਚ ਇੱਕ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਬਹੁਤ ਮੁਸ਼ਕਿਲ ਹੈ ਜੇਕਰ ਡਿਊਟੀ ਦੌਰਾਨ ਕੋਈ ਸਫਾਈ ਕਰਮਚਾਰੀ ਨਾਲ ਅਣਹੋਈ ਘਟਨਾ ਵਾਪਰਦੀ ਹੈ ਤਾਂ ਉਸ ਨੂੰ ਘੱਟੋ ਘੱਟ ਪੰਜਾਹ ਲੱਖ ਰੁਪਏ ਮੁਆਵਜਾ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਸੀਂ ਬੜੇ ਚਾਵਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਜਲਦ ਪ੍ਰਵਾਨ ਕਰੇਗੀ। ਇਸ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਉਹਨਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਉਮੀਦ ਕੀਤੀ ਹੈ ਕਿ ਜਲਦ ਗੱਲਬਾਤ ਰਹੀ ਮਸਲਾ ਹੱਲ ਹੋਵੇਗਾ। ਇਸੇ ਦੌਰਾਨ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਜਸਬੀਰ ਸਿੰਘ, ਸੰਜੀਵ ਕੁਮਾਰ, ਅਮਨ ਕੁਮਾਰ, ਰਾਹੁਲ ਕਨੌਜੀਆ, ਹਰੀ ਸਿੰਘ ਅਤੇ ਬਲਾਕ ਪ੍ਰਧਾਨ ਗਫੂਰ ਮੁਹੰਮਦ, ਗੁਰਪ੍ਰੀਤ ਸਿੰਘ ਅਰੋੜਾ, ਕੁਲਵੰਤ ਸਿੰਘ, ਸਰਬਜੀਤ ਭਟੋਲੀ, ਪ੍ਰਕਾਸ਼ ਕੌਰ, ਜਸਵਿੰਦਰ ਸਿੰਘ ਵਿੱਕੀ, ਤਰਲੋਚਨ ਸਿੰਘ ਲੋਚੀ, ਕੁਲਵਿੰਦਰ ਕੌਸ਼ਲ, ਰਜਿੰਦਰ ਸੈਣੀ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿਕਰ ਸਿੰਘ ਡਾਢੀ, ਦਰਸ਼ਨ ਸਿੰਘ ਸੈਣੀ, ਹਾਕਮ ਸ਼ਾਹ, ਗਗਨਦੀਪ ਸਿੰਘ ਭਾਰਜ ਸਮੇਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ। ਧਰਨਾਕਾਰੀਆ ਨੂੰ ਮਿਲੇ ਹਰਜੋਤ ਸਿੰਘ ਬੈਂਸ ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਗਰ ਕੋਂਸਲ ਨੰਗਲ ਵਿਰੁੱਧ ਧਰਨੇ ’ਤੇ ਬੈਠੇ ਸਫਾਈ ਕਰਮਚਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਜਲਦ ਹੀ ਪ੍ਰਵਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਵੇਂ ਹੀ ਸਥਾਨਕ ਸਰਕਾਰ ਚੋਣਾਂ ਤੋਂ ਬਾਅਦ ਨਗਰ ਕੌਂਸਲ ਵਿੱਚ ਆਮ ਆਦਮੀ ਪਾਰਟੀ ਕਾਬਜ਼ ਹੋਣ ਉਪਰੰਤ, ਤੁਰੰਤ ਕਰਮਚਾਰੀਆਂ ਦੇ ਹੱਕ ਵਿੱਚ ਫੈਸਲੇ ਕੀਤੇ ਜਾਣਗੇ। ਮੰਤਰੀ ਨੇ ਦਾਅਵਾ ਕੀਤਾ ਕਿ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਹੱਲ ਲਈ ਵਚਨਬੱਧਤਾ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਨਗਰ ਕੌਂਸਲ ਵਿੱਚ ਕੰਮ ਕਰ ਰਹੇ ਆਊਟਸੋਰਸ ਮੁਲਾਜ਼ਮਾਂ ਨੂੰ ਪੜਾਅਵਾਰ ਢੰਗ ਨਾਲ ਕੰਟਰੈਕਟ ਵਿੱਚ ਲਿਆਂਦਾ ਜਾਵੇਗਾ, ਜਿਸ ਨਾਲ ਉਨ੍ਹਾਂ ਦੀ ਨੌਕਰੀ ਵਿੱਚ ਸਥਿਰਤਾ ਆਏਗੀ ਅਤੇ ਤਰੱਕੀ ਦੇ ਮੌਕੇ ਵੀ ਵਧਣਗੇ। ਹਰਜੋਤ ਬੈਂਸ ਨੇ ਦੱਸਿਆ ਕਿ ਇਹ ਕਦਮ ਸਿਰਫ਼ ਰੋਜ਼ਗਾਰ ਦੀ ਸੁਰੱਖਿਆ ਲਈ ਹੀ ਨਹੀਂ, ਸਗੋਂ ਕਰਮਚਾਰੀਆਂ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਲਈ ਵੀ ਜਰੂਰੀ ਹੈ।